ਪਾਲਤੂ ਕਬੂਤਰਾਂ ਕਾਰਨ ਹੋਏ ਝਗੜੇ ‘ਚ ਬਜੁਰਗ ਦਾ ਕਤਲ
ਨਾਭਾ (ਤਰੁਣ ਕੁਮਾਰ ਸ਼ਰਮਾ). ਕਰਫਿਊ ਦੌਰਾਨ ਘਰ ਵਿੱਚ ਰੱਖੇ ਕਬੂਤਰਾਂ (Pigeons) ਨੂੰ ਲੈ ਕੇ ਦੋ ਪਰਿਵਾਰਾਂ ਦਾ ਆਪਸੀ ਝਗੜਾ ਇੰਨਾ ਵੱਧ ਗਿਆ ਕਿ ਇਸ ਵਿੱਚ ਇੱਕ 80 ਸਾਲ ਦੇ ਬਜੁਰਗ ਵਿਅਕਤੀ ਦਾ ਕਥਿਤ ਰੂਪ ਵਿੱਚ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਨੇੜਲੇ ਪਿੰਡ ਅਲੋਹਰਾਂ ਵਿਖੇ ਰਹਿੰਦੇ ਦੋ ਪਰਿਵਾਰਾਂ ਵਿਚਕਾਰ ਕਬੂਤਰਾਂ ਨੂੰ ਲੈ ਕੇ ਸ਼ੁਰੂ ਹੋਈ ਆਪਸੀ ਤਕਰਾਰ ਖੂਨੀ ਜੰਗ ਵਿੱਚ ਤਬਦੀਲ ਹੋ ਗਈ ਜਿਸ ਦੌਰਾਨ ਜੋਗਿੰਦਰ ਸਿੰਘ ਨਾਮੀ ਵਿਅਕਤੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ।
ਫੱਟੜ ਹੋਏ ਵਿਅਕਤੀ ਨੂੰ ਜਦੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਥੇ ਮੌਜੂਦ ਮੈਡੀਕਲ ਸਟਾਫ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਮੌਜੂਦ ਮੈਡੀਕਲ ਅਫਸਰ ਨੇ ਦੱਸਿਆ ਕਿ ਸਾਡੇ ਕੋਲ ਜਦੋਂ ਮਰੀਜ ਨੂੰ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਜਿਸ ਸੰਬੰਧੀ ਅਸੀਂ ਪੁਲਿਸ ਨੂੰ ਜਾਣਕਾਰੀ ਭੇਜ ਦਿੱਤੀ ਹੈ।
ਘਟਨਾ ਸੰਬੰਧੀ ਮ੍ਰਿਤਕ ਦੇ ਪੋਤੇ ਬੱਚੇ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਤਾਏ ਦੇ ਪਰਿਵਾਰ ਨੇ ਕਬੂਤਰਾਂ ਕਾਰਨ ਸ਼ੁਰੂ ਹੋਈ ਲੜਾਈ ਮਗਰੋਂ ਉਸ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਤਾਂ ਉਹ ਘਬਰਾ ਕੇ ਮੌਕੇ ਤੋਂ ਭੱਜ ਗਿਆ। ਬਾਦ ਵਿੱਚ ਉਸ ਨੇ ਦੇਖਿਆ ਕਿ ਬਾਪੂ ਨੂੰ 108 ਨੰਬਰ ਦੀ ਐਂਬੂਲੈਂਸ ਰਾਹੀਂ ਲਿਜਾਇਆ ਜਾ ਰਿਹਾ ਸੀ ਅਤੇ ਮੁਲਜਮ ਮੌਕੇ ਤੋਂ ਫਰਾਰ ਹੋ ਗਏ ਸਨ। ਘਟਨਾ ਸੰਬੰਧੀ ਐਸ ਐਚਓ ਜੈ ਇੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਅਲੋਹਰਾਂ ਦੇ ਕਬੂਤਰਾਂ ਨੂੰ ਲੈ ਕੇ ਜੋਗਿੰਦਰ ਸਿੰਘ ਅਤੇ ਕਾਕਾ ਸਿੰਘ ਦੀ ਆਪਸੀ ਲੜਾਈ ਹੋਈ ਸੀ ਜੋ ਕਿ ਆਪਸ ਵਿੱਚ ਸਕੇ ਹਨ।
ਕਤਲ ਦੀ ਵਜ੍ਹਾਂ ਰੰਜਿਸ਼
ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਤੋਂ ਇਹ ਪਤਾ ਲੱਗਾ ਹੈ ਕਿ ਕਬੂਤਰਾਂ ਕਾਰਨ ਦੋਵਾਂ ਪਰਿਵਾਰਾਂ ਵਿੱਚ ਤਕਰਾਰ ਹੋਈ ਸੀ ਜਿਸ ਤੋਂ ਬਾਦ ਇਹ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।