ਕੇਂਦਰ ਸਰਕਾਰ ਦੇ ਆਵਾਜਾਈ ਮੰਤਰਾਲੇ ਨੇ ਬਠਿੰਡਾ ਡਿੱਪੂ ਦਾ ਡਰਾਈਵਰ ਕੀਤਾ ਸਨਮਾਨਿਤ
(ਸੁਖਜੀਤ ਮਾਨ) ਬਠਿੰਡਾ। ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਡਰਾਈਵਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮੁਖਤਿਆਰ ਸਿੰਘ ਦੀ ਨੌਕਰੀ ਭਾਵੇਂ ਕੱਚੀ ਹੈ ਪਰ ਡਰਾਈਵਰੀ ਬਹੁਤ ਪੱਕੀ ਹੈ ਡਰਾਈਵਰ ਵਜੋਂ ਮੁਖਤਿਆਰ ਸਿੰਘ ਨੇ ਐਨੀਂ ਤਨਦੇਹੀ ਤੇ ਸੁਚੇਤ ਰਹਿ ਕੇ ਡਿਊਟੀ ਕੀਤੀ ਕਿ ਕੇਂਦਰ ਸਰਕਾਰ ਦਾ ਆਵਜਾਈ ਮੰਤਰਾਲਾ ਵੀ ਉਸਦੀ ਡਰਾਈਵਰੀ ਦਾ ਦੀਵਾਨਾ ਹੋ ਗਿਆ ਉਸਦੀ ਇਸ ਡਰਾਈਵਿੰਗ ਸਦਕਾ ਆਵਾਜਾਈ ਮੰਤਰਾਲੇ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ‘ਹੀਰੋਜ਼ ਦਾ ਰੋਡ’ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। (Driver Of Bathinda Depot)
ਡਰਾਈਵਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਵਾਜਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਅਜਿਹੇ ਡਰਾਈਵਰ ਜਿੰਨ੍ਹਾਂ ਨੇ ਕੋਈ ਹਾਦਸਾ ਨਹੀਂ ਕੀਤਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾ ਦੱਸਿਆ ਕਿ ਭਾਰਤ ਭਰ ’ਚੋਂ 42 ਡਰਾਈਵਰ ਚੁਣੇ ਗਏ, ਜਿੰਨ੍ਹਾਂ ’ਚ ਪੰਜਾਬ ’ਚੋਂ ਉਹ ਇਕੱਲੇ ਹਨ ਉਨ੍ਹਾਂ ਨੂੰ ਸਨਮਾਨ ’ਚ 5 ਹਜ਼ਾਰ ਰੁਪਏ ਰਾਸ਼ੀ, ਇੱਕ ਪ੍ਰਮਾਣ ਪੱਤਰ ਅਤੇ ਸਰਟੀਫਿਕੇਟ ਸੌਂਪਿਆ ਗਿਆ ਮੁਖਤਿਆਰ ਸਿੰਘ ਨੇ ਦੱਸਿਆ ਕਿ ਭਾਵੇਂ ਉਸ ਨੂੰ ਇਹ ਸਨਮਾਨ ਹਾਸਿਲ ਹੋਇਆ ਹੈ ਪਰ ਉਸਨੇ ਸਨਮਾਨ ਹਾਸਿਲ ਕਰਨ ਮੌਕੇ ਕਿਹਾ ਕਿ 20-22 ਸਾਲ ਦੀ ਸਰਵਿਸ ਦੇ ਬਾਵਜੂਦ ਪੱਕਾ ਨਹੀਂ ਕੀਤਾ ਗਿਆ।
ਸੜਕਾਂ ਦੇ ਚੈਂਪੀਅਨ’ ਵਾਸਤੇ ਮੁਕਾਬਲਾ ਹੋਇਆ ਸੀ, ਜਿਸ ’ਚੋਂ ਮੁਖਤਿਆਰ ਸਿੰਘ ਦੀ ਚੋਣ ਹੋਈ ਸੀ
ਉਨ੍ਹਾਂ ਕਿਹਾ ਕਿ ਪੂਰੇ ਸੁਚੇਤ ਹੋ ਕੇ ਤਨਦੇਹੀ ਨਾਲ ਡਿਊਟੀ ਕਰਦੇ ਹਨ ਅਤੇ ਹਾਦਸਿਆਂ ਆਦਿ ਤੋਂ ਬਚਾਅ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਕੇ ਹਾਲੇ ਤੱਕ ਸਰਵਿਸ ਪੱਕੀ ਨਹੀਂ ਕੀਤੀ ਮੁਖਤਿਆਰ ਸਿੰਘ ਦੀ ਇਸ ਪ੍ਰਾਪਤੀ ਸਬੰਧੀ ਗੱਲ ਕਰਦਿਆਂ ਪੀਆਰਟੀਸੀ-ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਸੀਨੀ. ਮੀਤ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਇਕੱਲੇ ਬਠਿੰਡਾ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ‘ਸੜਕਾਂ ਦੇ ਚੈਂਪੀਅਨ’ ਵਾਸਤੇ ਮੁਕਾਬਲਾ ਹੋਇਆ ਸੀ, ਜਿਸ ’ਚੋਂ ਮੁਖਤਿਆਰ ਸਿੰਘ ਦੀ ਚੋਣ ਹੋਈ ਸੀ ਉਨ੍ਹਾਂ ਦੱਸਿਆ ਕਿ ਮੁਖਤਿਆਰ ਸਿੰਘ ਆਪਣੀ ਡਿਊਟੀ ਦੌਰਾਨ ਕਦੇ ਗੈਰ ਹਾਜ਼ਰ ਨਹੀਂ ਹੋਏ ਤੇ ਕਦੇ ਉਨ੍ਹਾਂ ਦੀ ਗੱਡੀ ਦਾ ਕੋਈ ਹਾਦਸਾ ਨਹੀਂ ਹੋਇਆ ਪੀਆਰਟੀਸੀ-ਪਨਬਸ ਯੂਨੀਅਨ ਦੇ ਸੈਕਟਰੀ ਹਰਤਾਰ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਖਤਿਆਰ ਸਿੰਘ ਨੇ ਆਊਟ ਸੋਰਸਿਜ ਸੇਵਾਵਾਂ ਦੇ ਬਾਵਜ਼ੂਦ ਬਿਹਤਰ ਡਿਊਟੀ ਕਰਕੇ ਦਰਸਾ ਦਿੱਤਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰੇ ਤਾਂ ਅਦਾਰੇ ਦੇ ਬਾਕੀ ਸਾਰੇ ਮੁਲਾਜ਼ਮ ਵੀ ਹੋਰ ਵੀ ਬਿਹਤਰ ਡਿਊਟੀ ਕਰਨ ਲਈ ਪਾਬੰਦ ਹੋਣਗੇ।
ਸਨਮਾਨ ਦੇ ਨਾਲ ਸੇਵਾਵਾਂ ਵੀ ਹੁੰਦੀਆਂ ਰੈਗੂਲਰ: ਕੁਲਵੰਤ ਸਿੰਘ
ਪੀਆਰਟੀਸੀ-ਪਨਬਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਮੁਖਤਿਆਰ ਸਿੰਘ ਨੂੰ ਬਿਹਤਰ ਡਰਾਈਵਰ ਵਜੋਂ ਸਨਮਾਨਿਤ ਕੀਤਾ ਹੈ ਪਰ ਚੰਗਾ ਹੁੰਦਾ ਜੇਕਰ ਪੰਜਾਬ ’ਚ ਉਸਦੀਆਂ ਸੇਵਾਵਾਂ ਨੂੰ ਦੇਖਦਿਆਂ ਇੱਥੇ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਦੀ ਉਨ੍ਹਾਂ ਕਿਹਾ ਕਿ ਮੁਖਤਿਆਰ ਸਿੰਘ ਦੀ ਸੇਵਾ ਮੁਕਤੀ ’ਚ ਸਿਰਫ ਸਾਢੇ ਤਿੰਨ ਸਾਲ ਰਹਿ ਗਏ ਤੇ ਜੇਕਰ ਉਹ ਰੈਗੂਲਰ ਹੋ ਕੇ ਸੇਵਾ ਮੁਕਤ ਹੁੰਦੇ ਤਾਂ ਹੋਰ ਵੀ ਮਾਣ ਵਾਲੀ ਗੱਲ ਹੁੰਦੀ ਪਰ ਹੁਣ ਉਹ ਆਊਟ ਸੋਰਸਿਜ ’ਤੇ ਚਲਦਿਆਂ ਹੀ ਸੇਵਾ ਮੁਕਤ ਹੋਣਗੇ
ਜੰਮੂ-ਕੱਟੜਾ, ਸ਼ਿਮਲਾ-ਦਿੱਲੀ ਸੜਕਾਂ ’ਤੇ ਕੀਤੀ ਡਰਾਈਵਰੀ
ਮੋਗਾ ਸ਼ਹਿਰ ਦੇ ਰਹਿਣ ਵਾਲੇ ਤੇ ਬਠਿੰਡਾ ਡਿੱਪੂ ’ਚ 18 ਸਾਲ ਤੋਂ ਸੇਵਾਵਾਂ ਨਿਭਾਅ ਰਹੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਸ਼ਿਮਲਾ-ਦਿੱਲੀ, ਜੰਮੂ-ਕੱਟੜਾ, ਸੂਰਤ ਨਗਰ-ਗੰਗਾਨਗਰ ਰੂਟਾਂ ’ਤੇ ਵੀ ਚਲਦਾ ਰਿਹਾ ਹੈ ਪਰ ਹੁਣ ਪਿਛਲੇ ਕੁੱਝ ਸਮੇਂ ਤੋਂ ਬਠਿੰਡਾ-ਮੋਗਾ ਰੂਟ ’ਤੇ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਉਸਦੀ ਸੇਵਾ ਮੁਕਤੀ ’ਚ ਸਿਰਫ ਸਾਢੇ ਤਿੰਨ ਸਾਲ ਬਾਕੀ ਨੇ ਉਸਨੇ ਆਪਣੀ ਹੁਣ ਤੱਕ ਦੀ ਡਿਊਟੀ ਆਊਟ ਸੋਰਸਿਜ ਤੱਕ ਹੀ ਪੂਰੀ ਕੀਤੀ ਤੇ ਕਰ ਰਿਹਾ ਹੈ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ