ਪੁਲਿਸ ‘ਤੇ ਕਥਿਤ ਦੋਸ਼ੀ ਨੂੰ ਕਲੀਨ ਚਿੱਟ ਦੇਣ ਦਾ ਦੋਸ਼
ਅਸ਼ੋਕ ਗਰਗ, ਬਠਿੰਡਾ: ਪਿੰਡ ਕੋਟਫੱਤਾ ਵਿਖੇ ਚਾਰ ਮਹੀਨੇ ਪਹਿਲਾਂ ਇਕ ਤਾਂਤਰਿਕ ਵੱਲੋਂ ਦੋ ਮਾਸੂਮ ਭੈਣ ਭਰਾਵਾਂ ਦੀ ਬਲੀ ਦੇਣ ਦਾ ਮਾਮਲਾ ਇੱਕ ਵਾਰ ਫਿਰ ਭਖ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਜਿੰਮੇਵਾਰ ਤਾਂਤਰਿਕ ਲੱਖੀ ਨੂੰ ਕਲੀਨ ਚਿੱਟ ਦੇਣ ‘ਤੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦਾ ਗੁੱਸਾ ਭੜਕ ਗਿਆ। ਇਸ ਰੋਸ ਵਜੋਂ ਐਕਸ਼ਨ ਕਮੇਟੀ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਐਕਸ਼ਨ ਕਮੇਟੀ ਵੱਲੋਂ ਸੱਦੀ ਗਈ ਇੱਕ ਮੀਟਿੰਗ ਵਿਚ ਲਿਆ ਗਿਆ
ਕਮੇਟੀ ਵੱਲੋਂ 22 ਜੁਲਾਈ ਨੂੰ ਥਾਣੇ ਦਾ ਘਿਰਾਓ ਦਾ ਐਲਾਨ
ਇਸ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਐਕਸ਼ਨ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਕੋਟਭਾਰਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਜਨਰਲ ਸੱਕਤਰ ਰਾਜਮਹਿੰਦਰ ਸਿੰਘ ਕੋਟਭਾਰਾ ਅਤੇ ਪਰਿਵਾਰਕ ਮੈਂਬਰਾਂ ਵਿਚੋਂ ਲਾਭ ਸਿੰਘ ਸਮੇਤ ਹੋਰ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੇ ਜਿੰਮੇਵਾਰ ਤਾਂਤਰਿਕ ਵਿਰੁੱਧ ਕਾਰਵਾਈ ਕਰਨ ਦੇ ਜਨਤਕ ਤੌਰ ਤੇ ਵਾਅਦੇ ਕਰਦੇ ਰਹੇ ਜਦੋਂ ਕਿ ਅੰਦਰ ਖਾਤੇ ਦੋਸ਼ੀ ਨੂੰ ਬਚਾਉਣ ਲਈ ਸਾਜ਼ਿਸ਼ਾਂ ਦਾ ਦੌਰਾ ਜਾਰੀ ਰੱਖਿਆ ਹੋਇਆ ਹੈ ਅਤੇ ਦੋਸ਼ੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ
ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਘਟੀਆ ਚਾਲਾਂ ਦਾ ਪਰਦਾਫਾਸ਼ ਕਰਨ ਲਈ ਅਤੇ ਇਨਸਾਫ ਲਈ 22 ਜੁਲਾਈ ਨੂੰ ਕੋਟਫੱਤਾ ਵਿਖੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕ ਥਾਣੇ ਦਾ ਘਿਰਾਓ ਕੀਤਾ ਜਾਵੇਗਾ ਦਿਹਾਤੀ ਮਜਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ ਅਤੇ ਹੋਰ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਬਲੀ ਦੇਣ ਦੇ ਮੁੱਖ ਕਥਿਤ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸਾਂ ਤੋਂ ਬਾਜ ਆਵੇ ਨਹੀਂ ਤਾਂ ਹੋਰ ਵੀ ਵੱਡਾ ਐਕਸ਼ਨ ਉਲੀਕਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ
ਲੋਕਾਂ ਦੇ ਦੋਸ਼ ਗਲਤ: ਐੱਸਐੱਚਓ
ਇਸ ਮਾਮਲੇ ਬਾਰੇ ਥਾਣਾ ਕੋਟੱਫਤਾ ਥਾਣਾ ਦੇ ਐਸ.ਐਚ.ਓ.ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਵੱਲੋਂ ਲਗਾਏ ਜਾ ਰਹੇ ਦੋਸ਼ ਗਲਤ ਹਨ ਕਿਉਂ ਕਿ ਅਜੇ ਇਸ ਮਾਮਲੇ ਵਿਚ ਪੁਲਿਸ ਕਾਰਵਾਈ ਚੱਲ ਰਹੀ ਹੈ ਅਤੇ ਲੱਖੀ ਉਪਰ ਹੋਰ ਧਾਰਾਵਾਂ ਲਗਾ ਕੇ ਉਸ ਦੀ ਗ੍ਰਿਫਤਾਰੀ ਲਈ ਵੰਰਟ ਲਏ ਜਾ ਰਹੇ ਹਨ ਜਿਸ ਨੂੰ ਪੂਰੀ ਕਲੀਨ ਚਿੱਟ ਨਹੀਂ ਦਿੱਤੀ ਗਈ