ਹਰ ਹਾਲਤ ‘ਚ ਮੁਫਤ ਹੋਵੇਗਾ ਡਾਇਲਾਸਿਸ: ਬ੍ਰਹਮ ਮਹਿੰਦਰਾ

ਕਿਹਾ: ਸਰਕਾਰ ਨੇ ਜ਼ਰੂਰਤ ਤੋਂ ਦੋ ਗੁਣਾ ਰੱਖਿਆ ਹੈ ਫੰਡ

ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਸਰਕਾਰ ਵਲੋਂ ਕੀਤੇ ਗਏ ਐਲਾਨ ਅਨੁਸਾਰ ਹੀ ਪੰਜਾਬ ਦੇ 25 ਸਰਕਾਰੀ ਹਸਪਤਾਲ ਅਤੇ 3 ਮੈਡੀਕਲ ਕਾਲਜਾਂ ‘ਚ ਹਰ ਹਾਲਤ ਮੁਫ਼ਤ ਡਾਈਲਾਸਿਸ ਕੀਤਾ ਜਾਵੇਗਾ ਵਿਰੋਧੀ ਧਿਰ ਨੂੰ ਫੰਡ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਅਸੀਂ ਪਹਿਲਾਂ ਹੀ ਮੁਫ਼ਤ ਡਾਇਲਾਸਿਸ ਲਈ ਮੌਜੂਦਾ ਜਰੂਰਤ ਤੋਂ 2 ਗੁਣਾ ਜਿਆਦਾ 1 ਕਰੋੜ ਰੁਪਏ ਰਿਜ਼ਰਵ ਰੱਖ ਲਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਬ੍ਰਹਮ ਮਹਿੰਦਰਾ ਨੇ ਇਥੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਪਿਛਲੇ ਸਾਲ 11 ਹਜ਼ਾਰ 596 ਵਿਅਕਤੀਆਂ ਨੇ ਕਿਡਨੀ ਦੀ ਬਿਮਾਰੀ ਦੇ ਕਾਰਨ ਡਾਇਲਾਸਿਸ ਕਰਵਾਇਆ ਸੀ ਅਤੇ ਪ੍ਰਤੀ ਡਾਇਲਾਸਿਸ 450 ਰੁਪਏ ਖ਼ਰਚਾ ਆਉਂਦਾ ਹੈ। ਜਿਸ ਕਾਰਨ ਪਿਛਲੇ ਸਾਲ ਲਗਭਗ 52 ਲੱਖ 18 ਹਜ਼ਾਰ ਰੁਪਏ ਕਿਡਨੀ ਪੀੜਤਾਂ ਨੇ ਆਪਣੀ ਜੇਬ ਵਿੱਚੋਂ ਖਰਚੇ ਸਨ ਹੁਣ ਇਹ ਬੋਝ ਸਰਕਾਰ ‘ਤੇ ਪਏਗਾ।
ਉਨਾਂ ਦੱਸਿਆ ਕਿ ਵਿਰੋਧ ਧਿਰ ਦੇ ਵਿਧਾਇਕ ਇਹ ਸੁਆਲ ਕਰ ਰਹੇ ਹਨ ਕਿ ਸਿਹਤ ਮੰਤਰੀ ਨੇ ਮੁਫ਼ਤ ਡਾਇਲਾਸਿਸ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਸ ਲਈ ਫੰਡ ਕਿਥੋਂ ਆਏਗਾ, ਕਿਉਂਕਿ ਇਸ ‘ਤੇ ਕਰੋੜਾ ਰੁਪਏ ਖਰਚ ਹੋਣਗੇ।

ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਤੋਂ ਸਾਰੀ ਜਾਣਕਾਰੀ ਲੈ ਲਈ ਹੈ ਇਸ ਲਈ ਪਹਿਲਾਂ ਹੀ ਮੁਫ਼ਤ ਡਾਇਲਾਸਿਸ ਲਈ 1 ਕਰੋੜ ਰੁਪਏ ਰਿਜ਼ਰਵ ਰੱਖ ਲਿਆ ਹੈ, ਜੇਕਰ ਜਰੂਰਤ ਪਈ ਤਾਂ ਫੰਡ ‘ਚ ਵਾਧਾ ਕਰ ਲਿਆ ਜਾਵੇਗਾ ਉਨਾਂ ਦੱਸਿਆ ਕਿ ਪੰਜਾਬ ਵਿੱਚ ਇਹ ਡਾਇਲਾਸਿਸ ਮੁਫ਼ਤ ਹੋਣ ਨਾਲ ਵੱਡੇ ਪੱਧਰ ‘ਤੇ ਮਰੀਜ਼ਾ ਨੂੰ ਰਾਹਤ ਮਿਲੀ ਹੈ, ਕਿਉਂਕਿ ਵਾਰ ਵਾਰ ਡਾਇਲਾਸਿਸ ਹੋਣ ਦੇ ਕਾਰਨ ਨਾ ਸਿਰਫ਼ ਬਿਮਾਰੀ ਤੋਂ ਪੀੜਤ ਪਰੇਸ਼ਾਨ ਹੁੰਦਾ ਹੈ, ਸਗੋਂ ਪੀੜਤ ਦੇ ਪਰਿਵਾਰਕ ਮੈਂਬਰ ਵੀ ਲਗਾਤਾਰ ਖ਼ਰਚਾ ਹੋਣ ਦੇ ਕਾਰਨ ਪਰੇਸ਼ਾਨੀ ਵਿੱਚੋਂ ਗੁਜਰਨਾ ਪੈਂਦਾ ਹੈ।