ਇਕੱਲਤਾ ਦਾ ਸੰਤਾਪ ਹੰਢਾ ਰਹੇ ਸਾਡੇ ਬਜ਼ੁਰਗ ਤੇ ਬਿਰਧ ਆਸ਼ਰਮ ਬਣਨ ਦੇ ਮੁੱਖ ਕਾਰਨ
ਕੁਝ ਕੁ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਸ੍ਰੀ ਬੇਰ ਸਾਹਿਬ ਗੁਰੂਘਰ ਦਰਸ਼ਨ-ਦੀਦਾਰੇ ਕਰਨ ਗਿਆ ਸੋਚਿਆ ਅੱਧਵਾਟ ਆਇਆ ਹਾਂ.. ਜਲੰਧਰ ਰਹਿੰਦੇ ਮਾਮਾ-ਮਾਮੀ ਜੀ ਦੇ ਬੁਢਾਪੇ ਦਾ ਹਾਲ ਵੀ ਪੁੱਛਦਾ ਜਾਵਾਂ.. ਘਰੋਂ ਨਿੱਕਲਣਾ ਬਹੁਤ ਮੁਸ਼ਕਲ ਹੁੰਦਾ ਹੈ। ਮਾਮਾ ਜੀ ਨੂੰ ਫੋਨ ’ਤੇ ਦੱਸ ਦਿੱਤਾ ਕੇ ਅਸੀਂ ਆ ਰਹੇ ਹਾਂ.. ਸਿੰਪਲ ਰੋਟੀ ਖਾਣੀ ਹੈ.. ਬਹੁਤਾ ਮਹਿਮਾਨ ਨਿਵਾਜੀ ਦੇ ਚੱਕਰਾਂ ਵਿੱਚ ਨਾ ਪੈ ਜਾਣਾ ਮਾਮਾ ਜੀ ਐਸਡੀਓ ਰਿਟਾਇਰਡ ਹਨ.. ਬੱਚੇ ਕੈਨੇਡਾ ਸੈੱਟ ਹਨ। ਮਾਮਾ ਜੀ ਤੇ ਮਾਮੀ ਜੀ ਦੋਨੋਂ ਇਕੱਲੇ ਆਪਣੀ ਕੋਠੀ ਵਿੱਚ ਰਹਿੰਦੇ ਹਨ..ਉਮਰ ਪਝੰਤਰ ਪਲੱਸ ਹੈ ਜਦੋਂ ਘਰ ਪਹੁੰਚੇ ਤਾਂ ਮਿਲਣਸਾਰ ਬਜੁਰਗ ਜਿਹੇ ਦਿਖਾਈ ਦਿੱਤੇ.. ਪਰ ਉਨ੍ਹਾਂ ਨੂੰ ਸ਼ੋਅ ਨਹੀਂ ਕੀਤਾ.. ਮਨ ਅੰਦਰ ਢਲਦੀ ਉਹਨਾਂ ਦੀ ਉਮਰ ਨੂੰ ਬਹੁਤ ਮਹਿਸੂਸ ਕੀਤਾ .. ਚਲੋ..!
ਮਾਮਾ ਜੀ ਨੂੰ ਬਹਿ ਜਾਣ ਲਈ ਕਿਹਾ ਤੇ ਮੈਂ ਖੁਦ ਮਾਮੀ ਜੀ ਨਾਲ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ ..ਪਰ ਮਾਮੀ ਜੀ ਨੇ ਆਪਣੀ ਚੜ੍ਹਦੀ ਕਲਾ ਦਾ ਪੂਰਾ ਸਬੂਤ ਦਿੱਤਾ । ਖੈਰ! ਉੱਥੋਂ ਚੱਲ ਅੰਮਿ੍ਰਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਆਪਣੇ ਬਹੁਤ ਹੀ ਅਜੀਜ ਆਂਟੀ-ਅੰਕਲ ਨੂੰ ਮਿਲਣ ਚਲਾ ਗਿਆ
ਅੰਕਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਰਿਟਾਇਰਡ ਹਨ.. ਅੰਕਲ ਦੇ ਤਿੰਨੋਂ ਬੱਚੇ ਵਿਦੇਸ਼ ਸੈੱਟ ਹਨ ਤੇ ਦੋਨੋਂ ਅੰਕਲ ਤੇ ਆਂਟੀ ਆਪਣੀ ਕੋਠੀ ਵਿੱਚ ਇਕੱਲੇ ਰਹਿੰਦੇ ਹਨ! ਉਸ ਦਿਨ ਆਂਟੀ ਦੀ ਸਿਹਤ ਠੀਕ ਨਹੀਂ ਸੀ… ਅੰਕਲ ਆਂਟੀ ਜੀ ਦਾ ਚੈੱਕਅੱਪ ਕਰਵਾ ਕੇ ਆਏ ਹੀ ਸਨ ਜਦੋਂ ਅਸੀਂ ਉਹਨਾਂ ਕੋਲ ਪਹੁੰਚ ਗਏ.. ਆਂਟੀ ਜੀ ਨੇ ਬਿਮਾਰ ਹੋਣ ਦੀ ਸੂਰਤ ਵਿੱਚ ਆਪਣੇ ਬੁਲੰਦ ਹੌਂਸਲੇ ਦੀ ਮਿਸਾਲ ਦਿੱਤੀ। ਮੈਂ ਦੋ ਦਿਨਾਂ ਵਿੱਚ ਦੋਨਾਂ ਬਜ਼ੁਰਗ ਪਰਿਵਾਰਾਂ ਦੀ ਇਕੱਲਤਾ ਨੂੰ ਬਹੁਤ ਸੇਕਿਆ… ਜਲੰਧਰ ਤੋਂ ਭਾਵੁਕ ਹੋਇਆ ਅਨੇਕਾਂ ਸਵਾਲ ਲੈ ਕੇ ਅੰਮਿ੍ਰਤਸਰ ਪੁੱਜਾ ਤੇ ਅੰਮਿ੍ਰਤਸਰ ਪਹੁੰਚ ਕੇ ਉਹੀ ਸਵਾਲ ਤੇ ਉਹੀ ਭਾਵੁਕਤਾ ਨੇ ਕਈ ਦਿਨ ਮਨ ਤੇ ਉਦਾਸ ਪਰਛਾਈਂ ਕਰੀ ਰੱਖੀ! ਬੇਸ਼ੱਕ ਉਹਨਾਂ ਦੇ ਘਰਾਂ ਵਿੱਚ ਪੈਸੇ, ਪਦਾਰਥਾਂ, ਨੌਕਰਾਂ ਦੀ ਕਮੀ ਨਹੀਂ ਹੈ.. ਬੱਸ ਆਪਣੇ ਪਰਿਵਾਰਾਂ ਤੋਂ ਸੱਖਣੇ ਬਜੁਰਗ ਬੇਵੱਸ ਇਕੱਲਤਾ ਹੰਢਾਅ ਰਹੇ ਨਜ਼ਰ ਆ ਰਹੇ ਹਨ.. ਨੌਕਰ ਬਜ਼ੁਰਗਾਂ ਲਈ ਕਿੰਨੇ ਕੁ ਵਫਾਦਾਰ ਹੋ ਸਕਦੇ ਹਨ.. ਅਸੀਂ ਸਭ ਜਾਣਦੇ ਹਾਂ!
ਇਹ ਗਿਆਨ ਦਾ ਸਮੁੰਦਰ ਪੜੇ੍-ਲਿਖੇ ਬਜ਼ੁਰਗ ਤਜਰਬਿਆਂ ਦੀਆਂ ਲਾਇਬ੍ਰੇਰੀਆਂ ਆਪਣੇ ਪੋਤੇ-ਪੋਤਿਆਂ ਨੂੰ ਕਿੰਨਾ ਕੁਝ ਸਿਖਾ ਸਕਦੇ ਸਨ.. ਪਰ ਅਲੱਗ-ਅਲੱਗ ਰਹਿਣ ਕਰਕੇ ਸਭ ਖਤਮ ਹੋ ਰਿਹਾ ਹੈ ਸਵਾਲ ਇਹ ਹੈ ਕਿ ਸਾਡਾ ਅਮੀਰ ਵਿਰਸਾ ਜਿੱਥੇ ਸਾਡੇ ਘਰਾਂ ਵਿੱਚ ਲੋੜਵੰਦ ਅਨਾਥਾਂ ਨੂੰ ਸਹਾਰੇ ਮਿਲਦੇ ਸਨ.. ਜਿੱਥੇ ਪੰਜਾਬੀਆਂ ਦਾ ਬੁਢਾਪਾ ਸਵਰਗ ਦਾ ਨਜਾਰਾ ਹੁੰਦਾ ਸੀ.. ਅੱਜ ਉਹੀ ਪੰਜਾਬ ਦੇ ਬਜੁਰਗਾਂ ਦੀ ਹਾਲਤ ਤਰਸਯੋਗ ਕਿਉਂ ਬਣ ਰਹੀ ਹੈ? ਅਖੀਰ ਕਿਹੜੇ ਅਜਿਹੇ ਹਾਲਾਤ ਬਣੇ.. ਜਿਨ੍ਹਾਂ ਕਰਕੇ ਸਾਡੇ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਿਆ ਤੇ ਇਕੱਲਤਾ ਹੰਢਾਉਣੀ ਪੈ ਰਹੀ ਹੈ? ਪਤਾ ਨਹੀਂ ਪੰਜਾਬ ਵਿੱਚ ਕਿੰਨੇ ਮਜ਼ਬੂਰੀਵੱਸ ਅਜਿਹੇ ਇਕੱਲੇ ਬਜੁਰਗ ਜੋੜੇ ਰਹਿ ਰਹੇ ਹਨ? ਅਖੀਰ ਇਹ ਬਜੁਰਗ ਜੋੜੇ ਕਦੋਂ ਤੱਕ ਇਕੱਲਤਾ ਨਾਲ ਲੜਨਗੇ?
ਸਾਡੇ ਹਰ ਇੱਕ ਦੀ ਇੱਕ-ਇੱਕ ਵੋਟ ਹੈ .. ਅਸੀਂ ਮਾੜੇ ਲੀਡਰ ਚੁਣਦੇ ਹਾਂ ਤੇ ਸਰਕਾਰਾਂ ਬਣਾਉਂਦੇ ਹਾਂ ਸਰਕਾਰਾਂ ਤੇ ਮਾੜੇ ਲੀਡਰਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ.. ਸਾਡੇ ਬੱਚੇ ਮਹਿੰਗੀਆਂ ਡਿਗਰੀਆਂ ਲੈ ਕੇ ਦਸ-ਦਸ ਹਜ਼ਾਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ ਤੇ ਜੋ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਉਹਨਾਂ ਇਹੀ ਡਿਗਰੀਆਂ ਸਦਕਾ ਵਿਦੇਸ਼ਾਂ ਵਿੱਚ ਨਾਂਅ ਕਮਾਇਆ ਜੋ ਇੱਥੇ ਦਸ-ਦਸ ਹਜਾਰ ’ਤੇ ਨੌਕਰੀਆਂ ਕਰਦੇ ਸਨ। ਸਰਕਾਰਾਂ ਦੀਆਂ ਮਾਰੂ ਨੀਤੀਆਂ ਨੇ ਪੰਜਾਬ ਦਾ ਭਵਿੱਖ ਤਬਾਹ ਕਰ ਦਿੱਤਾ ਮਾਪੇ ਇੱਥੇ ਇਕੱਲਤਾ ਹੰਢਾ ਰਹੇ ਹਨ ਤੇ ਬੱਚੇ ਵਿਦੇਸ਼ਾਂ ਵਿੱਚ ਸਖਤ ਮਿਹਨਤ ਕਰਕੇ ਆਪਣੇ ਪੈਰ ਜਮਾ ਰਹੇ ਹਨ.. ਇੱਧਰ ਵਾਲੇ ਘਰ-ਬਾਰ ਇੱਧਰ ਰੁਲ ਰਹੇ ਹਨ।
ਕਸੂਰ ਸਾਰਾ ਸਰਕਾਰਾਂ ਦਾ ਹੀ ਨਹੀਂ ਕੁੱਝ ਸਾਡਾ ਵੀ ਨਜ਼ਰ ਆ ਰਿਹਾ ਹੈ ਜਿਨ੍ਹਾਂ ਨੇ ਨੌਕਰੀਆਂ ਰੁਜਗਾਰ ਦੇਣ ਦੀ ਬਜਾਏ ਬਾਹਰ ਨੂੰ ਵਹੀਰਾਂ ਘੱਤ ਲਈਆਂ ਹਰ ਪਿੰਡ ਦੇ ਪੰਜਾਹ ਪ੍ਰਤੀਸ਼ਤ ਬੱਚੇ ਵਿਦੇਸ਼ਾਂ ਨੂੰ ਚਲੇ ਗਏ ਤੇ ਆਉਣ ਵਾਲੇ ਦਸਾਂ ਸਾਲਾਂ ਵਿੱਚ ਰਹਿੰਦੇ ਬੱਚੇ ਵੀ ਚਲੇ ਜਾਣਗੇ.. ਘਰ-ਘਰ ਇਕੱਲਤਾ ਦਾ ਸੰਤਾਪ ਭੋਗਦੇ ਸਾਡਾ ਸਰਮਾਇਆ ਬਜੁਰਗ ਹੋਣਗੇ ਜਾਂ ਬਿਰਧ ਆਸ਼ਰਮਾਂ ਵਿੱਚ ਜਾਣ ਲਈ ਮਜਬੂਰ ਹੋਣਗੇ!
ਅਸੀਂ ਅੰਨ੍ਹੇ ਹੋ ਚੁੱਕੇ ਹਾਂ.. ਕਦੇ ਨਫਾ-ਨੁਕਸਾਨ ਨਹੀਂ ਸੋਚਦੇ… ਅਸੀਂ ਲੀਡਰਾਂ ਦੇ ਮਗਰ ਹਲੋ-ਹਲੋ ਕਰਦੇ ਪੱਲਿਓਂ ਤੇਲ ਬਾਲ-ਬਾਲ ਕੇ ਲੀਡਰਾਂ ਲਈ ਵੋਟਾਂ ਮੰਗਦੇ ਫਿਰਦੇ ਹਾਂ.. ਕਦੇ ਕਿਸੇ ਲੀਡਰ ਨੂੰ ਸਵਾਲ ਨਹੀਂ ਕੀਤੇ ਰੁਜਗਾਰ ਕੋਈ ਨਹੀਂ, ਮਹਿੰਗੀ ਪੜ੍ਹਾਈ, ਨਸ਼ਾ, ਬੇਰੁਜਗਾਰੀ, ਭਿ੍ਰਸ਼ਟਾਚਾਰ, ਲੁੱਟ-ਖੋਹ, ਬੇਈਮਾਨੀ, ਅਨਿਆਂ, ਖੁਦਗਰਜੀਆਂ ਸਿਖਰ ’ਤੇ ਹੈ ਆਖਰ ਇੱਕ ਸਵਾਲ ਇਹੀ ਪੁੱਛ ਲਈਏ ਕਿ ਸਾਡੇ ਬੱਚੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਹਨ? ਅਸੀਂ ਹੋਂਦ ਦੀ ਲੜਾਈ ਪੂਰਾ ਇੱਕ ਸਾਲ ਸਿਆਸਤ ਤੋਂ ਪਰ੍ਹੇ ਹੋ ਕੇ ਦਿੱਲੀ ਹਕੂਮਤ ਨਾਲ ਲੜੀ ਤੇ ਜਿੱਤੀ.. ਇਸ ਜਿੱਤ ਦੀ ਬਹੁਤ ਖੁਸ਼ੀ ਹੋਈ .. ਪਰ ਇਹ ਜਿਹੜੀ ਲੜਾਈ ਹੋਂਦ ਦੀ ਸੀ.. ਅਣਖ ਦੀ ਸੀ.. ਵਿਰਾਸਤੀ ਖੇਤੀ ਨੂੰ ਬਚਾਉਣ ਦੀ ਸੀ.. ਇਹ ਹੋਂਦ ਕਦੋਂ ਤੱਕ ਬਰਕਰਾਰ ਰਹੇਗੀ?
ਪੰਜਾਬ ਦੀ ਅੱਧੀ ਆਬਾਦੀ ਪ੍ਰਵਾਸ ਕਰ ਗਈ.. ਉਹਨਾਂ ਦੀਆਂ ਜਮੀਨਾਂ ਪਿੰਡਾਂ ਵਿੱਚ ਹਨ.. ਅਖੀਰ ਇੱਕ ਦਿਨ ਬਜੁਰਗ ਮਾਪੇ ਉਹਨਾਂ ਜਮੀਨਾਂ ਨੂੰ ਵੇਚਣ ਲਈ ਮਜ਼ਬੂਰ ਹੋਣਗੇ ਤੇ ਪ੍ਰਵਾਸੀ ਬੱਚਿਆਂ ਨੂੰ ਪੈਸੇ ਦੇਣਗੇ.. ਉਨ੍ਹਾਂ ਜਮੀਨਾਂ ਦਾ ਖਰੀਦਦਾਰ ਕੌਣ ਹੋਵੇਗਾ.. ਇਹ ਸਵਾਲ ਹੈ ਇੱਕ ਪਿੰਡ ਦੇ ਧਨਾਢ ਪਰਿਵਾਰ ਪੰਜ-ਦਸ ਏਕੜ ਖਰੀਦ ਸਕਦੇ ਹਨ.. ਇਸ ਤੋਂ ਵੱਧ ਨਹੀਂ ਪਰ ਪਿੰਡਾਂ ਦੇ ਰਕਬੇ ਹਜ਼ਾਰਾਂ ਏਕੜ ਹਨ.. ਜਦੋਂ ਅਸੀਂ ਖੁਦ ਜਮੀਨਾਂ ਵੇਚ ਦਿੱਤੀਆਂ ਤਾਂ ਹੋਂਦ ਆਪਣੇ-ਆਪ ਖਤਮ ਹੋ ਜਾਵੇਗੀ।
ਅਸੀਂ ਮਾੜੇ ਲੀਡਰ ਚੁਣਦੇ ਹਾਂ.. ਉਹ ਲੀਡਰ ਜਾਂ ਅਮੀਰ ਹੋਣ ਲਈ ਲੀਡਰ ਬਣਦੇ ਹਨ ਜਾਂ ਵਿਹਲੇ ਰਹਿ ਕੇ ਨਾਂਅ ਕਮਾਉਣ ਲਈ। ਅਜਾਦੀ ਦੇ ਸੱਤਰ ਸਾਲਾਂ ਵਿੱਚ ਅਸੀਂ ਗਲੀਆਂ ਨਾਲੀਆਂ ਸੜਕਾਂ ਨੂੰ ਹੀ ਵਿਕਾਸ ਸਮਝਿਆ ਹੈ.. ਸਾਡੇ ਮੁਲਕ ਦਾ ਕੋਈ ਸਿਸਟਮ ਨਹੀਂ ਹੈ.. ਜਦੋਂ ਵੋਟਾਂ ਨੇੜੇ ਆਉਂਦੀਆਂ ਹਨ ਲੀਡਰ ਬਾਹਰ ਨਿੱਕਲਦੇ ਹਨ ਅਸੀਂ ਵੋਟਰ ਉਨ੍ਹਾਂ ਨੂੰ ਅੰਨੇ੍ਹ ਹੋ ਕੇ ਵੋਟ ਸਿੱਟ ਦਿੰਦੇ ਹਾਂ ਤੇ ਕੁਝ ਕੁ ਬੋਤਲ ਪੰਜ ਸੌ ’ਤੇ ਵਿਕ ਜਾਂਦੇ ਹਾਂ.. ਉਹ ਪੰਜ ਸਾਲ ਸਾਡੀ ਬਾਤ ਨਹੀਂ ਪੁੱਛਦੇ ਤੇ ਅਸੀਂ ਆਟਾ-ਦਾਲ ਸਕੀਮਾਂ ’ਚ ਤੰਦਰੁਸਤ ਮੰਗਤਿਆਂ ਦੀਆਂ ਲਾਈਨਾਂ ਦਾ ਹਿੱਸਾ ਬਣ ਜਾਂਦੇ ਹਾਂ ਹੁਣ ਪੰਜਾਬ ਤਬਾਹੀ ਦੀ ਕਗਾਰ ’ਤੇ ਖੜ੍ਹਾ ਹੈ.. ਇਸ ਨੂੰ ਬਚਾਉਣ ਲਈ ਹਰ ਪਿੰਡ ਦੇ ਲੋਕ ਸਵਾਲਾਂ ਦੀਆਂ ਲਿਸਟਾਂ ਬਣਾਉਣ.. ਰਾਜਸੀ ਨੇਤਾਵਾਂ ਦੀਆਂ ਰੈਲੀਆਂ ’ਚ ਜਾਣਾ ਬੰਦ ਕਰਨ.. ਲੀਡਰਾਂ ਦੇ ਕੀਤੇ ਕੰਮਾਂ ਨੂੰ ਲਿਖਤੀ ਰੂਪ ਵਿੱਚ ਹਸਤਾਖਰ ਕਰਕੇ ਲੈਣ ਤੇ ਜਿਹੜੇ ਕੰਮ ਕਰਨੇ ਹਨ ਉਹਨਾਂ ’ਤੇ ਹਸਤਾਖਰ ਕਰਾਉਣ.. ਇੱਕਜੁਟ ਹੋ ਕੇ ਮੁਸ਼ਕਲਾਂ ਦਾ ਹੱਲ ਕਰਾਉਣ ਤਾਂ ਹੀ ਸਿਸਟਮ ਸੁਧਰ ਸਕਦਾ ਹੈ।
ਪੰਜਾਬ ਵਿੱਚ ਵੱਸਦੇ ਪੰਜਾਬੀਓ.. ਬਹੁਤ ਔਖੇ ਹਵੋਗੇ ਬਿਰਧ ਆਸ਼ਰਮਾਂ ’ਚ ਜਾ ਕੇ.. ਜੇ ਵੇਲੇ ਸਿਰ ਨਾ ਜਾਗੇ.. ਆਓ! ਅੱਖਾਂ ਖੋਲ੍ਹੀਏ.. ਨਸ਼ਿਆਂ, ਭਿ੍ਰਸ਼ਟਾਚਾਰ ਆਦਿ ਖਿਲਾਫ ਜੰਗ ਲੜੀਏ.. ਤਾਂ ਜੋ ਬੱਚੇ ਬਾਹਰ ਜਾਣ ਲਈ ਮਜਬੂਰ ਨਾ ਹੋਣ ਹੁਣ ਵਕਤ ਹੈ.. ਹੱਕਾਂ ਦੀ ਲੜਾਈ ਲੜਨ ਦਾ.. ਆਖਰ ਪੰਜਾਬ ਸਾਡਾ ਸਭ ਦਾ ਹੈ! ਕਿਸਾਨੀ ਅੰਦੋਲਨ ਨੇ ਸਾਰੀ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਹੈ.. ਜਿੱਥੇ ਜੋਸ਼-ਹੋਸ਼ ਇੱਕਜੁਟਤਾ ਤੇ ਸੱਚ ਸੀ!
ਰਾਜਿੰਦਰ ਕੁਮਾਰ ਸ਼ਰਮਾ
ਸੇਵਾ ਮੁਕਤ ਫਾਰੈਸਟ ਅਫਸਰ
ਮੋ. 83605-89644
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ