ਕੈਪਟਨ ਨੇ ਕਬੂਲੀ ਸਰਕਾਰ ਦੀ ਅਸਫਲਤਾ
ਕਿਹਾ, ਮੰਨਦਾ ਹਾਂ ਤਿੰਨ ਸਾਲ ‘ਚ ਖ਼ਤਮ ਨਹੀਂ ਕਰ ਸਕਿਆ ਮਾਫ਼ੀਆ ਰਾਜ ਪਰ ਹੁਣ ਜਰੂਰ ਕਰ ਦਿਆਂਗਾ ਖਤਮ
ਚੰਡੀਗੜ, (ਅਸ਼ਵਨੀ ਚਾਵਲਾ)। ਮਾਫ਼ੀਆ ਰਾਜ ਪੰਜਾਬ ਵਿੱਚ ਖ਼ਤਮ ਨਹੀਂ ਹੋਇਆ ਹੈ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਇਸ ਨੂੰ ਖ਼ਤਮ ਕਰਨ ਵਿੱਚ ਵੀ ਅਸਫ਼ਲ ਸਾਬਤ ਹੋਈ ਹੈ। ਇਸ ਗੱਲ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ੁਦ ਕਬੂਲਿਆ ਹੈ ਪਰ ਇੱਥੇ ਹੀ ਇਹ ਵੀ ਵਾਅਦਾ ਕੀਤਾ ਹੈ ਕਿ ਜਿਹੜਾ ਕੰਮ ਉਹ ਪਿਛਲੇ 3 ਸਾਲਾਂ ਦੌਰਾਨ ਨਹੀਂ ਕਰ ਸਕੇ ਹਨ, ਉਹ ਕੰਮ ਉਹ ਅਗਲੇ 2 ਸਾਲਾਂ ਵਿੱਚ ਜਰੂਰ ਕਰ ਦੇਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਪ੍ਰੈਸ ਕਾਨਫਰੰਸ ਵਿੱਚ ਇਹ ਕਹਿ ਗੱਲ ਕਹਿੰਦੇ ਨਜ਼ਰ ਆਏ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਕਾਫ਼ੀ ਵੱਡਾ ਮੁੱਦਾ ਹੈ ਅਤੇ ਇਸ ਨੂੰ ਖ਼ਤਮ ਕਰਨ ਅਤੇ ਨਾ ਕਰਨ ਸਬੰਧੀ ਵੀ ਉਨ੍ਹਾਂ ਨੂੰ ਸੁਆਲ ਹੋਣ ਵਾਲੇ ਹਨ।
ਅਮਰਿੰਦਰ ਸਿੰਘ ਆਪਣੀ ਸਰਕਾਰ ਦੇ 3 ਸਾਲ ਮੁਕੰਮਲ ਹੋਣ ‘ਤੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਾਫ਼ੀਆ ਰਾਜ ਨੂੰ ਖਤਮ ਕਰਨ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਉਨ੍ਹਾਂ ਕੋਲ 2 ਸਾਲ ਦਾ ਸਮਾਂ ਵੀ ਪਿਆ ਹੈ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਵਿੱਚ 6 ਤਰ੍ਹਾਂ ਦਾ ਮਾਫ਼ੀਆ ਰਾਜ ਚੱਲ ਰਿਹਾ ਹੈ ਅਤੇ ਮਾਫ਼ੀਆ ਰਾਜ ਨੂੰ ਖ਼ਤਮ ਕਰਨ ਦਾ ਐਲਾਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ ਪਰ ਆਪਣੇ ਤਿੰਨ ਸਾਲ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਮਾਫ਼ੀਆ ਰਾਜ ਨੂੰ ਖਤਮ ਨਹੀਂ ਕਰ ਸਕੇ ਹਨ ਅਤੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਹ ਸਵੀਕਾਰ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਟਰਾਂਸਪੋਰਟ ਮਾਫ਼ੀਆ ‘ਤੇ ਜਲਦ ਹੀ ਨਕੇਲ ਕੱਸ ਦਿੱਤੀ ਗਈ ਜਾਵੇਗੀ। ਇਸ ਲਈ ਪਾਲਿਸੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਸੀਮਤ ਕਿਲੋਮੀਟਰ ਤੋਂ ਜਿਆਦਾ ਕੋਈ ਵੀ ਇੱਕ ਪਰਮਿਟ ‘ਤੇ ਬੱਸ ਨੂੰ ਜਿਆਦਾ ਕਿਲੋਮੀਟਰ ਨਹੀਂ ਚਲਾ ਸਕੇਗਾ। ਇਸ ਲਈ ਸਖ਼ਤੀ ਕੀਤੀ ਜਾ ਰਹੀ ਹੈ। ਇੱਥੇ ਹੀ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਤੋਂ ਇਲਾਵਾ ਰੇਤ ਮਾਫ਼ੀਆ ‘ਤੇ ਵੀ ਉਹ ਸ਼ਿਕੰਜਾ ਕਸਣ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।