ਭਾਗਾਂ ਵਾਲਿਆਂ ਨੂੰ ਮਿਲਦੈ ਸੱਚਾ ਗੁਰੂ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੀਰ-ਫ਼ਕੀਰ, ਗੁਰੂ, ਮੁਰਸ਼ਿਦ-ਏ-ਕਾਮਿਲ, ਜੋ ਪਰਮਾਤਮਾ ਨਾਲ ਮੇਲ ਕਰਵਾ ਦੇਵੇ, ਸੱਚੀ ਗੱਲ ਦੱਸ ਦੇਵੇ, ਉਹ ਬੜੇ ਹੀ ਭਾਗਾਂ ਨਾਲ ਮਿਲਦਾ ਹੈ। ਨਹੀਂ ਤਾਂ ਇਸ ਘੋਰ ਕਲਿਯੁਗ ’ਚ ਹਰ ਇਨਸਾਨ ਕਿਸੇ ਨਾ ਕਿਸੇ ਦਾ ਗੁਰੂ ਬਣਦਾ ਫਿਰਦਾ ਹੈ। ਗੁਰੂ ਪੀਰ-ਫ਼ਕੀਰ ਦੀ ਮਹਿਮਾ ਸਾਡੇ ਸਾਰੇ ਪਵਿੱਤਰ ਗ੍ਰੰਥਾਂ ’ਚ ਖ਼ੂਬ ਵਧ-ਚੜ੍ਹ ਕੇ ਦੱਸੀ ਗਈ ਹੈ ਜੋ ਕਿ 100 ਫੀਸਦੀ ਸੱਚ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ ਸ਼ਬਦ ’ਚ ‘ਗੁ’ ਦਾ ਮਤਲਬ ਹੈ ‘ਅੰਧਕਾਰ’ ਤੇ ‘ਰੂ’ ਦਾ ਮਤਲਬ ਹੈ। ‘ਪ੍ਰਕਾਸ਼’ ਭਾਵ ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਰੂਪੀ ਦੀਪਕ ਜਗਾ ਦੇਵੇ, ਉਹੀ ਸੱਚਾ ਗੁਰੂ ਹੁੰਦਾ ਹੈ। ਸੱਚਾ ਗੁਰੂ ਤੁਹਾਡੇ ਕੋਲੋਂ ਤੁਹਾਡੀ ਜ਼ਮੀਨ-ਜਾਇਦਾਦ, ਰੁਤਬਾ, ਸ਼ੋਹਰਤ ਆਦਿ ਕਿਸੇ ਵੀ ਤਰ੍ਹਾਂ ਦੀ ਕੋਈ ਗਰਜ਼ ਨਹੀਂ ਰੱਖਦਾ। ਗੁਰੂ ਨੂੰ ਤੁਹਾਥੋਂ ਸਿਰਫ਼ ਇਹੀ ਗਰਜ਼ ਹੁੰਦੀ ਹੈ ਕਿ ਤੁਹਾਨੂੰ ਕੋਈ ਦੁੱਖ, ਪ੍ਰੇਸ਼ਾਨੀ ਨਾ ਆਵੇ ਤੁਸੀਂ ਜਨਮ-ਮਰਨ ’ਚ ਨਾ ਉਲਝੇ ਰਹੋ, ਨਿੰਦਿਆ-ਚੁਗਲੀ ਤਕਰਾਰ ’ਚ ਹੀ ਜ਼ਿੰਦਗੀ ਨਾ ਗੁਜ਼ਾਰ ਦਿਓ। ਸੰਤ ਜੀਵਾਂ ਨੂੰ ਇਹੀ ਸਮਝਾਉਂਦੇ ਹਨ ਕਿ ਕਿਵੇਂ ਜ਼ਿੰਦਗੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਉਹ ਵੀ ਅਜਿਹੇ ਸਮੇਂ ’ਚ, ਜਿਸ ਨੂੰ ਘੋਰ ਕਲਿਯੁਗ ਕਹਿੰਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਘੋਰ ਕਲਿਯੁਗ ’ਚ ਲੋਕ ਸਿਮਰਨ ਕਰਨਾ ਫਜ਼ੂਲ ਸਮਝਦੇ ਹਨ ਨਿੰਦਿਆ, ਚੁਗਲੀ , ਝੂਠ ਬੋਲਣਾ ਹੋਵੇ, ਗੱਪਸ਼ਪ ਮਾਰਨਾ ਹੋਵੇ, ਤਾਂ ਸਾਰਾ-ਸਾਰਾ ਦਿਨ ਲੋਕ ਅਜਿਹਾ ਕਰਦੇ ਰਹਿੰਦੇ ਹਨ ਪਰ ਰਾਮ ਦਾ ਨਾਮ ਲੈਣਾ ਹੋਵੇ, ਭਗਤੀ-ਇਬਾਦਤ ਕਰਨੀ ਹੋਵੇ, ਤਾਂ ਉਸ ਲਈ ਘੰਟਾ ਭਰ ’ਚ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਭਾਰ ਚੁੱਕਣਾ ਹੋਵੇ। ਅਜਿਹੇ ਦੌਰ ’ਚ ਪੀਰ-ਫ਼ਕੀਰ ਆਪਣੇ ਸਤਿਗੁਰੂ, ਮੌਲਾ ਅੱਗੇ ਹਮੇਸ਼ਾ ਦੁਆਵਾਂ ਕਰਦੇ ਰਹਿੰਦੇ ਹਨ। ਸਾਰੀ ਸ੍ਰਿਸ਼ਟੀ ਲਈ, ਮਾਲਕ ਦੀ ਔਲਾਦ ਲਈ ਤੇ ਮੁਰੀਦ ਸਭ ਤੋਂ ਉੱਪਰ ਹੁੰਦੇ ਹਨ। ਜੋ ਮਾਲਕ ਨੂੰ ਮੰਨਣ ਵਾਲੇ ਹਨ, ਉਨ੍ਹਾਂ ਲਈ ਫ਼ਕੀਰ ਦੁਆਵਾਂ ਕਰਦੇ ਹਨ ਕਿ ਹੇ ਮਾਲਕ! ਪਤਾ ਨਹੀਂ ਇਹ ਕਦੋਂ ਤੋਂ ਤੇਰੇ ਤੋਂ ਵਿੱਛੜੇ ਹਨ। ਇਨ੍ਹਾਂ ਦਾ ਦੋਸ਼ ਇਹੀ ਰਿਹਾ ਕਿ ਇਨ੍ਹਾਂ ਨੇ ਤੁਹਾਡਾ ਹੁਕਮ ਨਹੀਂ ਮੰਨਿਆ, ਤੁਹਾਨੂੰ ਨਹੀਂ ਪਛਾਣਿਆ, ਪਰ ਇਸ ਦਾ ਫ਼ਲ ਵੀ ਇਨ੍ਹਾਂ ਨੂੰ ਮਿਲ ਚੁੱਕਿਆ ਹੈ।
ਪਤਾ ਨਹੀਂ ਕਿੰਨੀਆਂ ਸਦੀਆਂ, ਯੁੱਗ ਹੋ ਗਏ ਤੜਫ਼ਦੇ ਹੋਏ, ਭਟਕਦੇ ਹੋਏ, ਕਾਲ ਦੀ ਮਾਰ ਸਹਿੰਦੇ ਹੋਏ ਹੇ ਦਇਆ ਦੇ ਸਾਗਰ! ਹੁਣ ਇਹ ਤੇਰੇ ਨਾਲ ਜੁੜੇ ਹਨ ਹੁਣ ਇਹ ਲੋਕ ਤੇਰੀ ਭਗਤੀ ਕਰਨ ਲੱਗੇ ਹਨ ਠੀਕ ਹੈ, ਇਹ ਕਲਿਯੁਗ ਦੇ ਜੀਵ ਹਨ, ਓਨਾ ਸਿਮਰਨ ਨਹੀਂ ਕਰ ਪਾਉਂਦੇ! ਪਰ ਤੈਨੂੰ ਲਾਜ ਹੈ ਆਪਣੀ ਔਲਾਦ ਦੀ, ਕਿਉਂਕਿ ਤੂੰ ਇਨ੍ਹਾਂ ਦਾ ਰੂਪ ਹੈਂ ਤੇ ਇਹ ਤੇਰੇ ਰੂਪ ਹਨ! ਇਨ੍ਹਾਂ ਨੂੰ ਵਾਪਸ ਲਿਜਾਣ ਦਾ ਸਭ ਤੇਰਾ ਹੀ ਜਿੰਮਾ ਹੈ ਹੇ ਪਰਵਰਦਿਗਾਰ! ਇਨ੍ਹਾਂ ਨੂੰ ਮੁਆਫ਼ ਕਰ! ਇਨ੍ਹਾਂ ਦੀਆਂ ਭੁੱਲਾਂ ਨੂੰ ਮੁਆਫ਼ ਕਰ ਦੇ! ਤੇ ਆਪਣੀ ਦਇਆ-ਮਿਹਰ, ਰਹਿਮਤ ਨਾਲ ਇਨ੍ਹਾਂ ਨੂੰ ਮਾਲਾਮਾਲ ਕਰ ਦੇ! ਗੁਰੂ, ਪੀਰ-ਫ਼ਕੀਰ ਡਾਇਰੈਕਟ-ਇਨਡਾਇਰੈਕਟ ਮਾਲਕ ਨੂੰ ਦੁਆ ਕਰਦੇ ਰਹਿੰਦੇ ਹਨ ਤੇ ਅਜਿਹਾ ਹੁੰਦਾ ਨਹੀਂ ਕਿ ਮਾਲਕ ਦੁਆ ਨੂੰ ਨਾ ਸੁਣੇ ਉਹ ਪੀਰ-ਫ਼ਕੀਰ ਦੀ ਗੱਲ ਨੂੰ ਜ਼ਰੂਰ ਸੁਣਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।