ਹਰਨੇਕ ਸਿੰਘ ਸ਼ੇਰਪੁਰੀ ਨੇ ਉਮੀਦਵਾਰੀ ਵਜੋਂ ਠੋਕਿਆ ਆਪਣਾ ਦਾਅਵਾ
ਬਾਹਰੀ ਉਮੀਦਵਾਰ ਕਿਸੇ ਵੀ ਹਾਲਤ ’ਚ ਮਨਜੂਰ ਨਹੀਂ ਕਰਾਗੇ : ਕਾਂਗਰਸੀ ਆਗੂ
(ਰਵੀ ਗੁਰਮਾ) ਸ਼ੇਰਪੁਰ। ਵਿਧਾਨ ਸਭਾ ਹਲਕਾ ਮਹਿਲ ਕਲਾਂ ਰਿਜ਼ਰਵ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰੀ ਲਈ ਦਾਅਵੇਦਾਰਾਂ ਦੀ ਲਿਸਟ ਦਿਨੋਂ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਇੱਕ ਦਰਜਨ ਦੇ ਕਰੀਬ ਦਾਅਵੇਦਾਰਾਂ ਵੱਲੋਂ ਆਪਣੀ ਦਾਅਵੇਦਾਰੀ ਪਹਿਲਾਂ ਹੀ ਠੋਕੀ ਜਾ ਰਹੀ ਹੈ ਜਦ ਕਿ ਅੱਜ ਪ੍ਰੈੱਸ ਕਲੱਬ ਸ਼ੇਰਪੁਰ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਹਰਨੇਕ ਸਿੰਘ ਸ਼ੇਰਪੁਰੀ ਨੇ ਆਪਣੇ ਆਪ ਨੂੰ ਹਲਕਾ ਮਹਿਲ ਕਲਾਂ ਰਿਜ਼ਰਵ ਤੋਂ ਕਾਂਗਰਸ ਪਾਰਟੀ ਦਾ ਦਾਅਵੇਦਾਰ ਦੱਸਿਆ। ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਹਰਨੇਕ ਸਿੰਘ ਸ਼ੇਰਪੁਰੀ ਨੇ ਪ੍ਰੈੱਸ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਉਹ ਸੰਨ 1977 ਤੋਂ ਕਾਂਗਰਸ ਪਾਰਟੀ ਲਈ ਦਿਨ ਰਾਤ ਕੰਮ ਕਰਦੇ ਆ ਰਹੇ ਹਨ। ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਜਿਸ ਕਰਕੇ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਵੱਲੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ ।
ਉਨ੍ਹਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਉਹ ਮਹਿਲ ਕਲਾਂ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਨ੍ਹਾਂ ਦਾ ਅਗਲਾ ਫੈਸਲਾ ਕੀ ਹੋਵੇਗਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਪਾਰਟੀ ਤੋਂ ਬਾਹਰ ਨਹੀਂ ਜਾਣਗੇ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਕਿ ਪਹਿਲਾਂ ਉਹ ਵੀ ਬਾਹਰੀ ਉਮੀਦਵਾਰ ਦਾ ਸਮਰਥਨ ਕਰਦੇ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹਰੇਕ ਦਾਅਵੇਦਾਰ ਦੀ ਮੀਟਿੰਗ ਵਿੱਚ ਜਾਂਦਾ ਰਿਹਾ ਹਾਂ ਪਰ ਹੁਣ ਮੇਰੇ ਸਾਥੀਆਂ ਨੇ ਮੈਨੂੰ ਚੋਣ ਲੜਨ ਲਈ ਕਿਹਾ ਹੈ, ਇਸ ਸੰਬੰਧੀ ਮੈਨੂੰ ਹਾਈ ਕਮਾਂਡ ਵੱਲੋਂ ਵੀ ਇਸ਼ਾਰਾ ਕੀਤਾ ਗਿਆ ਹੈ।
ਹਰਨੇਕ ਸਿੰਘ ਸ਼ੇਰਪੁਰੀ ਨਾਲ ਆਏ ਕਾਂਗਰਸੀ ਆਗੂਆਂ ਦੇ ਇਕੱਠ ਨੇ ਐਲਾਨ ਕੀਤਾ ਕਿ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦਾ ਬਾਹਰੀ ਉਮੀਦਵਾਰ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਮਨਜੂਰ ਨਹੀਂ ਹੋਵੇਗਾ। ਜੇਕਰ ਕਾਂਗਰਸ ਪਾਰਟੀ ਨੇ ਕਿਸੇ ਵੀ ਬਾਹਰੀ ਉਮੀਦਵਾਰ ਨੂੰ ਪੈਰਾਸ਼ੂਟ ਰਾਹੀਂ ਹਲਕਾ ਮਹਿਲ ਕਲਾਂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਅੱਤਰੀ, ਪਰਗਟ ਪ੍ਰੀਤ ਸ਼ੇਰਪੁਰ, ਮੇਜਰ ਸਿੰਘ ਘਨੌਰੀ ਕਲਾਂ, ਬਾਰਾ ਸਿੰਘ ਔਜਲਾ ਸਾਬਕਾ ਪੰਚ ਸ਼ੇਰਪੁਰ, ਹਰਵਿੰਦਰ ਸਿੰਘ ਛਿੰਦਾ, ਗੋਰਾ ਸਿੰਘ ਥਿੰਦ, ਯਾਦਵਿੰਦਰ ਸਿੰਘ ਯਾਦੀ, ਹਰਦੇਵ ਸਿੰਘ ਸ਼ੌਂਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ