ਕਿਸਾਨੀ ਮੋਰਚਿਆਂ ਨੇ ਉਚੇਰੀ ਵਿੱਦਿਆ ਪ੍ਰਾਪਤ ਨੌਜਵਾਨ ਬਣਾਏ ਬੁਲਾਰੇ

ਧਰਨਿਆਂ ਦੀਆਂ ਸਟੇਜ਼ਾਂ ਤੋਂ ਮੋਦੀ ਸਰਕਾਰ ਨੂੰ ਚਿਤਾਵਨੀਆਂ ਦੇਣ ‘ਚ ਨੌਜਵਾਨ ਵੀ ਨਿੱਤਰੇ

ਬਠਿੰਡਾ/ਮਾਨਸਾ, (ਸੁਖਜੀਤ ਮਾਨ) ਤਿੰਨ ਨਵੇਂ ਖੇਤੀ ਬਿੱਲਾਂ ਦੇ ਵਿਰੋਧ ‘ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਮੋਰਚਿਆਂ ‘ਚ ਨਿੱਤ ਨਵਾਂ ਜੋਸ਼ ਵੇਖਣ ਨੂੰ ਮਿਲਦਾ ਹੈ ਨਰਮੇ ਦੀ ਚੁਗਾਈ ਤੇ ਝੋਨੇ ਦੀ ਕਟਾਈ ਦੇ ਸੀਜਨ ਦੇ ਬਾਵਜ਼ੂਦ ਇਨ੍ਹਾਂ ਮੋਰਚਿਆਂ ‘ਚ ਰੋਜ਼ਾਨਾ ਵੱਡੀ ਗਿਣਤੀ ਕਿਸਾਨ ਵੀਰਾਂ ਤੇ ਮਹਿਲਾਵਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਇਸ ਸੰਘਰਸ਼ ਦੌਰਾਨ ਇੱਕ ਖਾਸ ਗੱਲ ਉੱਭਰਕੇ ਇਹ ਸਾਹਮਣੇ ਆਈ ਹੈ ਕਿ ਲੋਕਾਂ ਦਾ ਕੇਂਦਰ ਸਰਕਾਰ ਖਿਲਾਫ਼ ਜੋਸ਼ ਇਸ ਕਦਰ ਹੈ ਕਿ ਜੋ ਕਦੇ ਸਟੇਜ਼ਾਂ ‘ਤੇ ਬੋਲਣ ਤੋਂ ਭੈਅ ਮੰਨਦੇ ਸੀ ਹੁਣ ਧਰਨਿਆਂ ਵਾਲੀਆਂ ਸਟੇਜ਼ਾਂ ਤੋਂ ਮੋਦੀ ਨੂੰ ਮਿਹਣੇ ਮਾਰਦੇ ਨੇ ਇਨ੍ਹਾਂ ਨਵੇਂ ਬੁਲਾਰਿਆਂ ‘ਚ ਨੌਜਵਾਨਾਂ ਦੀ ਗਿਣਤੀ ਕਾਫ਼ੀ ਵਧੀ ਹੈ

ਪਿੰਡ ਝੰਡੂਕੇ ਦੇ ਨੌਜਵਾਨ ਸਤਨਾਮ ਸਿੰਘ ਦੀ ਯੋਗਤਾ ਐਮਬੀਏ, ਐਮਸੀਏ, ਬੀਐਸਸੀ ਆਈਟੀ, ਬੀਟੈਕ ਕੰਪਿਊਟਰ ਸਾਇੰਸ ਹੈ ਸਰਕਾਰਾਂ ਨੇ ਇਸ ਨੌਜਵਾਨ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਉੱਪਰੋਂ ਪਿਤਾ ਪੁਰਖੀ ਧੰਦੇ ਖੇਤੀ ਨੂੰ ਵੀ ਸੰਕਟ ਖੜ੍ਹਾ ਹੋ ਗਿਆ ਨੌਜਵਾਨ ‘ਚ ਨਵੇਂ ਬਿੱਲਾਂ ਖਿਲਾਫ਼ ਗੁੱਸੇ ਨੇ ਉਬਾਲਾ ਖਾਧਾ ਤਾਂ ਕਿਸਾਨ ਜਥੇਬੰਦੀਆਂ ਨਾਲ ਸੜਕਾਂ ‘ਤੇ ਉੱਤਰ ਆਇਆ ਪਹਿਲਾਂ ਪੜ੍ਹਾਈ ਦੌਰਾਨ ਕਾਲਜ ‘ਚ ਕਦੇ-ਕਦੇ ਕਿਸੇ ਸਮਾਗਮ ‘ਚ ਹਿੱਸਾ ਲੈਂਦਾ ਸੀ ਪਰ ਵੱਡੇ ਇਕੱਠਾਂ ‘ਚ ਨਹੀਂ ਬੋਲਿਆ ਸੀ ਹੁਣ ਜਦੋਂ ਜਜਬਾਤਾਂ ਨੇ ਟਿਕਣ ਨਾ ਦਿੱਤਾ ਤਾਂ ਖੇਤੀ ਮੋਰਚੇ ਦੀ ਸਟੇਜ਼ ਤੋਂ ਕੇਂਦਰ ਖਿਲਾਫ਼ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਸਤਨਾਮ ਸਿੰਘ ਨੇ ਦੱਸਿਆ ਕਿ ਹੁਣ ਤਾਂ ਉਹ ਭਾਰਤੀ ਕਿਸਾਨ ਯੂਨੀਅਨ ਮਾਨਸਾ ਦਾ ਮੈਂਬਰ ਵੀ ਬਣ ਗਿਆ ਹੈ

ਬੁਲਾਰੇ ਵਜੋਂ ਵਿਚਰਨ ਸਬੰਧੀ ਪੁੱਛੇ ਜਾਣ ‘ਤੇ ਸਤਨਾਮ ਸਿੰਘ ਦੱਸਦਾ ਹੈ ਕਿ ਉਸਨੇ ਕਈ ਵਾਰ ਵੇਖਿਆ ਕਿ ਕੁੱਝ ਕਿਸਾਨ ਵੀਰ ਕਿਸੇ ਵੱਲੋਂ ਖੇਤੀ ਬਿੱਲਾਂ ਦੇ ਪੂਰੇ ਨਾਂਅ ਸਮੇਤ ਹੋਰ ਕੁੱਝ ਸਵਾਲਾਂ ‘ਚ ਉਲਝ ਜਾਂਦੇ ਸੀ ਤਾਂ ਉਸਨੇ ਸਭਨਾਂ ਨੂੰ ਸੌਖੀ ਤੇ ਸਰਲ ਭਾਸ਼ਾ ‘ਚ ਬਿੱਲਾਂ ਬਾਰੇ ਜਾਣੂੰ ਕਰਵਾਉਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਇਹ ਬਿੱਲ ਉਨ੍ਹਾਂ ਦੇ ਖੇਤਾਂ ਲਈ ਖਤਰੇ ਸਾਬਿਤ ਹੋ ਸਕਦੇ ਹਨ ਪਿੰਡ ਸਹਾਰਨਾ ਦੀ ਧੀ ਦੀਪ ਕੌਰ ਐਮਏ (ਅੰਗੇਰਜੀ) ਦੀ ਯੋਗਤਾ ਰੱਖਦੀ ਹੈ ਦੀਪ ਕੌਰ ਨੇ ਦੱਸਿਆ ਕਿ ਧਰਨਿਆਂ ‘ਚ ਵੇਖਿਆ ਕਿ ਸਟੇਜ਼ ਤੋਂ ਮਹਿਲਾਵਾਂ ਨੂੰ ਬੋਲਣ ਦੇ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਹਨ ਜਦੋਂਕਿ ਮੌਕੇ ਮਿਲਣੇ ਚਾਹੀਦੇ ਹਨ ਉਨ੍ਹਾਂ ਦੱਸਿਆ ਕਿ ਉਹ ਕਾਲਜ਼ ਸਮੇਂ ਵੀ ਧਰਨਿਆਂ ਦੌਰਾਨ ਸੰਬੋਧਨ ਕਰਦੀ ਰਹੀ ਹੈ ਤੇ ਭਵਿੱਖ ‘ਚ ਵੀ ਖੇਤੀ ਮਸਲਿਆਂ ਤੋਂ ਇਲਾਵਾ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਉਹ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ

ਪਿੰਡ ਸੱਦਾ ਸਿੰਘ ਵਾਲਾ ਦੀ ਧੀ ਗੁਰਪ੍ਰੀਤ ਕੌਰ 12ਜਮਾਤਾਂ ਪਾਸ ਹੈ ਸਕੂਲ ਵੇਲੇ ਕਦੇ ਸਵੇਰ ਦੀ ਸਭਾ ‘ਚ ਕੁੱਝ ਵੀ ਨਹੀਂ ਬੋਲਿਆ ਸੀ ਪਰ ਹੁਣ ਬੋਲਣ ਤੋਂ ਉਸ ਨੂੰ ਡਰ ਨਹੀਂ ਲੱਗਦਾ ਗੁਰਪ੍ਰੀਤ ਕੌਰ ਆਖਦੀ ਹੈ ਕਿ ਇਨ੍ਹਾਂ ਨਵੇਂ ਖੇਤੀ ਬਿੱਲਾਂ ਕਾਰਨ ਪੈਦਾ ਹੋਏ ਰੋਹ ਨੇ ਅਜਿਹੇ ਬਣਾ ਦਿੱਤਾ ਕਿ ਜੇ ਪ੍ਰਧਾਨ ਮੰਤਰੀ ਸਾਹਮਣੇ ਵੀ ਆ ਜਾਣ ਤਾਂ ਵੀ ਆਪਣੀ ਗੱਲ ਬੋਲਕੇ ਰੱਖਣ ‘ਚ ਭੈਅ ਨਹੀਂ ਆਵੇਗਾ ਧਰਨਿਆਂ ਦੌਰਾਨ ਸਟੇਜ਼ ‘ਤੇ ਬੋਲਣ ਸਬੰਧੀ ਪੁੱਛੇ ਜਾਣ ‘ਤੇ ਗੁਰਪ੍ਰੀਤ ਨੇ ਦੋ ਟੁੱਕ ਗੱਲ ਆਖੀ ‘ਜੇ ਹੁਣ ਨਾ ਬੋਲੇ, ਫਿਰ ਕਦੇ ਵੀ ਨਹੀਂ ਬੋਲ ਸਕਾਂਗੇ’ ਇਹ ਕੁੱਝ ਕੁ ਉਦਾਹਰਨਾਂ ਹੀ ਹਨ ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ‘ਚ ਵੀ ਪੜ੍ਹੇ-ਲਿਖੇ ਮੁੰਡੇ/ਕੁੜੀਆਂ ਹੁਣ ਕਿਸਾਨ ਏਕਤਾ ਵਾਲੇ ਝੰਡੇ ਚੁੱਕ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨਾਂ ‘ਚ ਕੁੱਦੇ ਹੋਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.