ਸੂਬਾ ਸਿੰਘ ਹੋਣਗੇ ਈਓਡਬਲਯੂ ਵਿੰਗ ਦੇ ਨਵੇਂ ਐਸਐਸਪੀ
- ਸਾਬਕਾ ਮੰਤਰੀ ਆਸ਼ੂ ਦੇ ਅਨਾਜ ਢੁਆਈ ਘਪਲੇ ਤੇ 65 ਲੱਖ ਦੇ ਸਟਰੀਟ ਲਾਈਟ ਘੋਟਾਲੇ ਦੀ ਜਾਂਚ ਕਰ ਰਹੇ ਸਨ ਰਵਿੰਦਰਪਾਲ ਸੰਧੂ
(ਰਘਬੀਰ ਸਿੰਘ) ਲੁਧਿਆਣਾ। ਅਨਾਜ ਢੁਆਈ ਮਾਮਲੇ, ਸਟਰੀਟ ਲਾਈਟ ਘੁਟਾਲੇ ਤੇ ਇੰਪਰੂਵਮੈਂਟ ਟਰੱਸਟ ਸਕੈਮ (Improvement Trust Scam) ਦੇ ਅਧਿਕਾਰੀ ਨੂੰ ਬਦਲ ਦਿੱਤਾ ਗਿਆ ਹੈ। ਸਰਕਾਰ ਨੇ ਸੀਨੀਅਰ ਅਧਿਕਾਰੀ ਸੂਬਾ ਸਿੰਘ ਨੂੰ ਵਿਜੀਲੈਂਸ ਦੇ ਈਓਡਬਲਯੂ ਵਿੰਗ ਦਾ ਨਵਾਂ ਐਸਐਸਪੀ ਲਾਇਆ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਵਿਜੀਲੈਂਸ ਰੇਂਜ ਦੇ ਐਸਐਸਪੀ ਰਵਿੰਦਰਪਾਲ ਸਿੰਘ ਵੱਲੋਂ ਸੰਭਾਲਿਆ ਜਾ ਰਿਹਾ ਸੀ। ਇੰਪਰੂਵਮੈਂਟ ਟਰੱਸਟ ਮਾਮਲੇ ਦੀ ਜਾਂਚ ਮੁਕੰਮਲ ਹੋਣ ਦੇ ਨੇੜੇ ਹੈ ਤੇ ਇਸ ਦਾ ਚਲਾਨ ਪੇਸ਼ ਕਰਨ ਦਾ ਸਮਾਂ ਨੇੜੇ ਆ ਚੁੱਕਾ ਹੈ।
ਰਵਿੰਦਰਪਾਲ ਸਿੰਘ ਸੰਧੂ ਕੋਲ ਵਿਜੀਲੈਂਸ ਰੇਂਜ ਦਾ ਚਾਰਜ਼ ਰਹਿ ਗਿਆ ਹੈ ਅਤੇ ਉਹ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ ਦੀ ਜਾਂਚ ਕਰਨਗੇ। ਬਾਕੀ ਦੋ ਮਾਮਲਿਆਂ 65 ਲੱਖ ਸਟਰੀਟ ਲਾਈਟ ਘੋਟਾਲਾ ਅਤੇ ਨਗਰ ਸੁਧਾਰ ਟਰੱਸਟ ਮਾਮਲੇ ਦੀ ਜਾਂਚ ਨਵੇਂ ਐਸਐਸਪੀ ਸੂਬਾ ਸਿੰਘ ਦੇ ਹੱਥ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਦਿੱਤਾ ਕੱਚੇ ਅਧਿਆਪਕਾਂ ਨੂੰ ਦੀਵਾਲੀ ਦਾ ਤੋਹਫਾ
ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਮਾਮਲੇ ਦੀ ਸ਼ੁਰੂਆਤੀ ਜਾਂਚ ਕਰ ਰਹੇ ਆਈਪੀਐਸ ਅਧਿਕਾਰੀ ਸੁਰਿੰਦਰ ਲਾਂਬਾ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਬਾਰਡਰ ਏਰੀਆ ਫਿਰੋਜ਼ਪੁਰ ਦਾ ਐਸਐਸਪੀ ਨਿਯੁਕਤ ਕਰ ਦਿੱਤਾ ਸੀ। ਇੰਪਰੂਵਮੈਂਟ ਟਰੱਸਟ ਦਾ ਕੇਸ ਜੁਲਾਈ ’ਚ ਦਰਜ ਹੋਇਆ ਸੀ ਤੇ ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਾਂਚ ਰਵਿੰਦਰਪਾਲ ਸਿੰਘ ਨੂੰ ਸੌਂਪੀ ਗਈ। ਉਨ੍ਹਾਂ ਦੀ ਨਿਗਰਾਨੀ ਹੇਠ ਵਿਜੀਲੈਂਸ ਨੇ ਦੋ ਹੋਰ ਕੇਸ ਦਰਜ ਕੀਤੇ।
ਸਟਰੀਟ ਲਾਈਟ ਘੁਟਾਲੇ ’ਚ ਸੰਦੀਪ ਸੰਧੂ ਦੀ ਭਾਲ ਜਾਰੀ ਹੈ
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗਿ੍ਰਫ਼ਤਾਰੀ ਤੋਂ ਬਾਅਦ ਵਿਜੀਲੈਂਸ ਇੰਪਰੂਵਮੈਂਟ ਟਰੱਸਟ ਇਸ ਮਾਮਲੇ ’ਚ ਰਮਨ ਬਾਲਾ ਸੁਬਰਾਮਨੀਅਮ ਨੂੰ ਗਿ੍ਰਫ਼ਤਾਰ ਨਹੀਂ ਕਰ ਸਕੀ ਹੈ। ਉੱਥੇ ਹੀ ਸਟਰੀਟ ਲਾਈਟ ਘੁਟਾਲੇ ’ਚ ਸੰਦੀਪ ਸੰਧੂ ਦੀ ਭਾਲ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਲੁਧਿਆਣਾ ਦੀਆਂ ਮੰਡੀਆਂ ’ਚ ਅਨਾਜ ਦੀ ਲਿਫਟਿੰਗ ਨਾਲ ਸਬੰਧਤ ਘਪਲੇ ਦੇ ਮਾਮਲੇ ’ਚ ਠੇਕੇਦਾਰ ਤੇਲੂ ਰਾਮ, ਜਗਸੀਰ ਸਿੰਘ ਅਤੇ ਫੂਡ ਸਪਲਾਈ ਅਫ਼ਸਰ ਪ੍ਰਦੀਪ ਭਾਟੀਆ ਨੂੰ ਨਾਮਜ਼ਦ ਕੀਤਾ ਸੀ। ਬਾਅਦ ਵਿੱਚ ਸਾਬਕਾ ਕੈਬਨਿਟ ਮੰਤਰੀ ਆਸ਼ੂ, ਡਿਪਟੀ ਡਾਇਰੈਕਟਰ ਆਰਕੇ ਸਿੰਗਲਾ, ਇੰਦਰਜੀਤ ਸਿੰਘ ਇੰਡੀ, ਪੰਕਜ ਮੀਨੂੰ ਮਲਹੋਤਰਾ ਸਮੇਤ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ’ਚ ਠੇਕੇਦਾਰ ਤੇਲੂ ਰਾਮ ਤੇ ਆਸ਼ੂ ਦੀ ਗਿ੍ਰਫ਼ਤਾਰੀ ਕੀਤੀ ਗਈ ਹੈ।
ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਦੀ ਈਓ ਕੁਲਜੀਤ ਕੌਰ ਤੇ ਹੋਰਾਂ ਨੂੰ ਇੱਕ ਬੂਥ ਦੀ ਵਨ ਟਾਈਮ ਸੈਟਲਮੈਂਟ ਲਈ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਬਾਅਦ ’ਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਤੇ ਹੋਰਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਟਰੱਸਟ ਨੇ ਮਨਮਾਨੇ ਢੰਗ ਨਾਲ ਆਪਣੇ ਚਹੇਤਿਆਂ ਨੂੰ ਪਲਾਟ ਅਲਾਟ ਕੀਤੇ ਹਨ। ਇਸ ’ਚ ਰਮਨ ਬਾਲਾ ਸੁਬਰਾਮਨੀਅਮ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ