ਸੰਗਤ ਮੰਡੀ (ਮਨਜੀਤ ਨਰੂਆਣਾ)। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪਟਿਆਲਾ ‘ਚ ਅੱਜ ਤੋਂ 13 ਸਤੰਬਰ ਤੱਕ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪਾਰਟੀ ਦੇ ਕਾਰਕੁੰਨਾਂ ਵੱਲੋਂ ਅੱਜ ਧਰਨੇ ‘ਚ ਲੋਕਾਂ ਦੀ ਲਾਮਬੰਦੀ ਤੇ ਪਿੰਡਾਂ ‘ਚੋਂ ਰਾਸ਼ਨ ਇਕੱਠਾ ਕੀਤਾ ਗਿਆ। ਪਾਰਟੀ ਦੇ ਸੂਬਾ ਪ੍ਰਧਾਨ ਮਿੱਠੂ ਸਿੰਘ ਘੁੱਦਾ ‘ਤੇ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਤੋਂ ਪਟਿਆਲਾ ‘ਚ 13 ਸਤੰਬਰ ਤੱਕ ਦਿੱਤੇ ਜਾ ਰਹੇ ਦਿਨ-ਰਾਤ ਦੇ ਪੱਕੇ ਧਰਨੇ ਲਈ ਪਿੰਡਾਂ ‘ਚ ਲੋਕਾਂ ਦੀ ਲਾਮਬੰਦੀ ਕੀਤੀ ਗਈ ਉੱਥੇ ਧਰਨਾਕਾਰੀਆਂ ਲਈ ਰਾਸ਼ਨ ਵੀ ਇਕੱਠਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਬਿਜਲੀ ਪੈਦਾ ਕਰਨ ਦੇ ਬਾਵਜੂਦ ਸਭ ਤੋਂ ਮਹਿੰਗੀ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦੂਸਰੇ ਲੋਕਾਂ ਦਾ ਵੀ ਬਿਜਲੀ ਬਿੱਲਾਂ ਨੇ ਕਚੂੰਬਰ ਕੱਢ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਬਿਜਲੀ ਦੀ ਯੂਨਿਟ ਦੋ ਰੁਪਏ ਕਰਨ ਦੀ ਮੰਗ ਕੀਤੀ। ਉਨ੍ਹਾਂ ਪਾਣੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਦਰਿਆਵਾਂ ‘ਚ ਪਿਛਲੇ ਲੰਮੇ ਸਮੇਂ ਤੋਂ ਜ਼ਹਿਰੀਲਾ ਪਾਣੀ ਪੈਣ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ, ਇਸ ਲਈ ਇਹ ਜ਼ਹਿਰੀਲਾ ਪਾਣੀ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬੁਢਾਪਾ ਪੈਨਸ਼ਨ 2500 ਰੁਪਏ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਢਾਈ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੈਨਸ਼ਨ ਨਹੀਂ ਵਧਾਈ ਗਈ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨ ਤੁਰੰਤ 2500 ਰੁਪਏ ਕੀਤੀ ਜਾਵੇ। ਉਨ੍ਹਾਂ ਬੇਰੁਜ਼ਗਾਰ ਫਿਰਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਜੈ ਸਿੰਘ ਵਾਲਾ, ਵਿਸਾਖਾ ਸਿੰਘ ਫੁੱਲੋਂ ਮਿੱਠੀ, ਮਿੱਠੂ ਸਿੰਘ ਨਰੂਆਣਾ ‘ਤੇ ਸੁਖਦੇਵ ਸਿੰਘ ਨਰੂਆਣਾ ਮੌਜੂਦ ਸਨ। (Revolutionary Marxist Party)