Seechewal Model: ਸੀਚੇਵਾਲ ਮਾਡਲ ਦਾ ਅਸਰ, ਦਹਾਕਿਆਂ ਬਾਅਦ ਬੁੱਢੇ ਦਰਿਆ ’ਚ ਵਗਿਆ ਸਾਫ਼ ਪਾਣੀ

Seechewal Model
Seechewal Model: ਸੀਚੇਵਾਲ ਮਾਡਲ ਦਾ ਅਸਰ, ਦਹਾਕਿਆਂ ਬਾਅਦ ਬੁੱਢੇ ਦਰਿਆ ’ਚ ਵਗਿਆ ਸਾਫ਼ ਪਾਣੀ

Seechewal Model: ਸਾਫ਼ ਪਾਣੀ ਆਉਣ ਦੀ ਖੁਸ਼ੀ ’ਚ ਪਿੰਡ ਵਾਸੀਆਂ ਨੇ ਦਲੀਆ ਵੰਡ ਕੇ ਖਵਾਜ਼ਾ ਪੀਰ ਨੂੰ ਕੀਤਾ ਯਾਦ

Seechewal Model: ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਸੀਚੇਵਾਲ ਮਾਡਲ’ ਦੇ ਸਦਕਾ ਬੁੱਢੇ ਦਰਿਆ ’ਚ ਭੂਖੜੀ ਖੁਰਦ ਲਾਗੇ ਦਹਾਕਿਆਂ ਬਾਅਦ ਸਾਫ਼ ਪਾਣੀ ਵਗਣ ਲੱਗ ਗਿਆ ਹੈ। ਬੁੱਢੇ ਦਰਿਆ ’ਚ ਸਾਲਾਂ ਬਾਅਦ ਸਾਫ਼ ਪਾਣੀ ਦੇ ਕੇ ਪਿੰਡ ਵਾਸੀ ਖੁਸ਼ ਹਨ। ਦੂਜੇ ਪਾਸੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਇਸ ਪ੍ਰਾਪਤੀ ਦਾ ਸਿਹਰਾ ਇਲਾਕੇ ਦੇ ਲੋਕਾਂ ਦੇ ਸਹਿਯੋਗ ਨੂੰ ਦਿੱਤਾ ਹੈ।

Read Also : ਭਾਰਤੀ ਟੀਮ ਦੇ ਅੰਡਰ-19 ਕੈਂਪ ’ਚ ਸਿਖਲਾਈ ਲਵੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਾ ਕਨਿਸ਼ਕ ਚੌਹਾਨ

ਭੂਖੜੀ ਖੁਰਦ ਨੇੜੇ 35 ਸਾਲਾਂ ਬਾਅਦ ਪਹੁੰਚੇ ਸਾਫ਼ ਪਾਣੀ ਨੂੰ ਦੇਖ ਕਿ ਪਿੰਡ ਵਾਸੀਆਂ ਦੇ ਚਿਹਰੇ ਖਿੜ ਉਠੇ। ਸਾਫ਼ ਪਾਣੀ ਆਉਣ ’ਤੇ ਸਰਪੰਚ ਸਤਪਾਲ ਸਿੰਘ ਤੇ ਨੰਬਰਦਾਰ ਨਰਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦਲੀਆ ਵੰਡ ਕੇ ਇਸ ਇਤਿਹਾਸਕ ਪਲ ਦੀ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਪਹਿਲਿਆਂ ਸਮਿਆਂ ਵਿੱਚ ਵੀ ਜਦੋਂ ਨਲਕਿਆਂ ਤੇ ਮੋਟਰਾਂ ਦੇ ਬੋਰ ਪਹਿਲੀ ਵਾਰ ਚਾਲੂ ਕੀਤੇ ਜਾਂਦੇ ਸਨ ਤਾਂ ਪਾਣੀ ਆਉਣ ’ਤੇ ਦਲੀਆ ਵੰਡਿਆ ਜਾਂਦਾ ਸੀ ਤੇ ਖਵਾਜ਼ਾ ਪੀਰ ਨੂੰ ਯਾਦ ਕੀਤਾ ਜਾਂਦਾ ਸੀ।

Seechewal Model

ਪਿੰਡ ਵਾਸੀਆਂ ਨੇ ਇਸੇ ਪੁਰਾਤਨ ਰਸਮ ਨੂੰ ਨਿਭਾਇਆ। ਪਿੰਡ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਜਨਮ ਵਿੱਚ ਇੱਥੇ ਅਜਿਹਾ ਸਾਫ਼ ਪਾਣੀ ਦੇਖ ਸਕਣਗੇ। ਉਨ੍ਹਾਂ ਇਸ ਨਜ਼ਾਰੇ ਨੂੰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਦੱਸਿਆ। ਉਹਨਾਂ ਕਿਹਾ ਕਿ ਹੁਣ ਇਸ ਦਰਿਆ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਪਿੰਡ ਦੇ ਹੀ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਫ਼ ਪਾਣੀ ਧਨਾਨਸੂ ਪਿੰਡ ਤੱਕ ਹੀ ਵਗਦਾ ਸੀ ਕਿਉਂਕਿ ਭੂਖੜੀ ਖੁਰਦ ’ਚ ਡੇਅਰੀਆਂ ਦਾ ਗੋਹਾ ਤੇ ਮੁਤਰਾਲ ਵੱਡੇ ਪੱਧਰ ’ਤੇ ਪੈ ਰਿਹਾ ਸੀ।

ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਪਹਿਲੇ ਦਿਨ 100 ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਤੋਂ ਬਾਅਦ ਰੋਜ਼ਾਨਾ ਇਸ ਵਿੱਚ 20 ਕਿਊਸਿਕ ਪਾਣੀ ਦਾ ਵਾਧਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ’ਚ ਹੀ ਬੁੱਢੇ ਦਰਿਆ ’ਚ 200 ਕਿਊਸਿਕ ਪਾਣੀ ਵਗੇਗਾ। ਜ਼ਿਕਰਯੋਗ ਹੈ ਕਿ ਕੂੰਮਕਲਾਂ ਡਰੇਨ ਤੋਂ ਲੈ ਕੇ ਗੁਰਦੁਆਰਾ ਗਊਘਾਟ ਤੱਕ ਹੁਣ ਬੁੱਢਾ ਦਰਿਆ ’ਚ ਸਾਫ਼ ਪਾਣੀ ਦੀ ਆਮਦ ਹੋ ਚੁੱਕੀ ਹੈ। ਬਾਕੀ ਦੇ ਰਹਿੰਦੇ ਹਿੱਸੇ ਦੀ ਸਫਾਈ ਜਾਰੀ।

‘ਇਤਿਹਾਸਕ ਮੋੜਾ ਹੈ’

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਸ ਦਾ ਸਿਹਰਾ ਸੰਗਤਾਂ ਸਿਰ ਬੰਨਦਿਆਂ ਕਿਹਾ ਕਿ ਇਹ ਇਤਿਹਾਸਕ ਮੋੜਾ ਹੈ ਜਦੋਂ ਦਹਾਕਿਆਂ ਬਾਅਦ ਬੁੱਢੇ ਦਰਿਆ ’ਚ ਸਾਫ ਪਾਣੀ ਵਗਣ ਦੀ ਮੁੜ ਸ਼ੁਰੂਆਤ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗਊਘਾਟ ਤੱਕ ਜਿੱਥੋਂ ਜਿੱਥੋਂ ਵੀ ਦਰਿਆ ’ਚ ਗੰਦਾ ਪਾਣੀ ਪੈਂਦਾ ਸੀ ਉਸਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਦਰਿਆ ’ਚ ਸਭ ਤੋਂ ਵੱਧ ਗੋਹਾ ਪੈ ਰਿਹਾ ਸੀ ਜਿਹੜਾ ਕਿ ਚਾਰ ਚਾਰ ਫੁੱਟ ਤੋਂ ਵੀ ਵੱਧ ਸੀ। ਇਸਦੇ ਕਿਨਾਰੇ ’ਤੇ 72 ਦੇ ਕਰੀਬ ਡੇਅਰੀਆਂ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਢਾਈ ਮਹੀਨਿਆਂ ਤੋਂ ਜਿੱਥੇ ਦਰਿਆ ’ਚੋਂ ਗੋਹਾ ਕੱਢਿਆ ਗਿਆ, ਉੱਥੇ 5 ਪਿੰਡਾਂ ’ਚ ਸੀਚੇਵਾਲ ਮਾਡਲ ਸਥਾਪਤ ਕੀਤੇ ਗਏ।

‘ਸੀਚੇਵਾਲ ਦੇ ਯਤਨ ਦਾ ਨਤੀਜਾ’

ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਢੇ ਦਰਿਆ ’ਚ ਸਾਫ਼ ਪਾਣੀ ਦੀ ਆਮਦ ਹੋਣ ’ਤੇ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਯਕੀਨ ਦੇ ਉਲਟ ਬੁੱਢਾ ਦਰਿਆ ’ਚ ਸਾਫ਼ ਪਾਣੀ ਵਗਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗਊਘਾਟ ਤੱਕ ਬੁੱਢੇ ਦਰਿਆ ’ਚ ਪੈ ਰਹੇ ਗੰਦੇ ਪਾਣੀ ਸੀਚੇਵਾਲ ਦੇ ਯਤਨਾਂ ਸਦਕਾ ਬੰਦ ਹੋ ਗਏ ਹਨ ਤੇ ਬਾਕੀ ਰਹਿੰਦੇ ਦਰਿਆ ਦੇ ਹਿੱਸੇ ਨੂੰ ਜਲਦ ਹੀ ਸਾਫ਼ ਕਰ ਦਿੱਤਾ ਜਾਵੇਗਾ।