ਪੁਲਿਸ ਲਈ ਮੰਗਿਆ ਸੀ ਇੱਕ ਹਜ਼ਾਰ ਕਰੋੜ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਵੀ ਕੀਤੀ ਸੀ ਮੰਗ | Budget 2023
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਬਜਟ ਵਿੱਚ ਪੰਜਾਬ ਦੀਆਂ ਉਮੀਦਾਂ ’ਤੇ ਇੱਕ ਵਾਰ ਫਿਰ ਪਾਣੀ ਫਿਰ ਗਿਆ ਹੈ। ਸੂਬੇ ਦੇ ਹਿੱਸੇ ਕਾਫ਼ੀ ਕੁਝ ਆਉਣਾ ਤਾਂ ਦੂਰ ਦੀ ਗੱਲ, ਜਿਹੜਾ ਕੁਝ ਪ੍ਰੀ ਬਜਟ ਮੀਟਿੰਗਾਂ ਵਿੱਚ ਮੰਗਿਆ ਗਿਆ ਸੀ, ਉਸ ਵਿੱਚੋਂ ਵੀ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ, ਜਿਸ ਕਾਰਨ ਇਸ ਬਜਟ ਤੋਂ ਸੂਬੇ ਦੇ ਹੱਥ ਖਾਲੀ ਹੀ ਰਹਿ ਗਏ ਪੰਜਾਬ ਵੱਲੋਂ ਸਰਹੱਦੀ ਖੇਤਰ ਵਿੱਚ ਸੁਰੱਖਿਆ ਵਧਾਉਣ ਲਈ ਇੱਕ ਹਜ਼ਾਰ ਕਰੋੜ ਦੀ ਮੰਗ ਰੱਖੀ ਗਈ ਸੀ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ 1125 ਕਰੋੜ ਰੁਪਏ ਮੰਗੇ ਗਏ ਸਨ।
ਇਨ੍ਹਾਂ ਦੋਵਾਂ ਅਹਿਮ ਮੰਗਾਂ ਨੂੰ ਮੰਨਣ ਤੋਂ ਨਾ ਤਾਂ ਕੇਂਦਰ ਸਰਕਾਰ ਵੱਲੋਂ ਇਨਕਾਰ ਕੀਤਾ ਗਿਆ ਅਤੇ ਨਾ ਹੀ ਬਜਟ ਵਿੱਚ ਐਲਾਨ ਕੀਤਾ ਗਿਆ। ਜਿਸ ਤੋਂ ਸਾਫ਼ ਹੋ ਗਿਆ ਕਿ ਪ੍ਰੀ ਬਜਟ ਮੀਟਿੰਗ ਵਿੱਚ ਪੰਜਾਬ ਤੋਂ ਪੁੱਛ ਤਾਂ ਲਿਆ ਗਿਆ ਪਰ ਐਲਾਨ ਮੌਕੇ ਪੰਜਾਬ ਨੂੰ ਬਜਟ ਭਾਸ਼ਣ ’ਚੋਂ ਬਾਹਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਬਾਰਡਰ ਏਰੀਆ ਹੋਣ ਕਰਕੇ ਇੰਡਸਟਰੀ ਲਈ ਖ਼ਾਸ ਪੈਕੇਜ ਦੇਣ ਦੀ ਮੰਗ ਕੀਤੀ ਗਈ ਸੀ, ਜਿਸ ਰਾਹੀਂ 6500 ਕਰੋੜ ਰੁਪਏ ਮਿਲਣ ਦੀ ਉਮੀਦ ਪੰਜਾਬ ਸਰਕਾਰ ਕਰ ਰਹੀ ਸੀ ਪਰ ਇਸ ਮੰਗ ਨੂੰ ਵੀ ਨਹੀਂ ਮੰਨਿਆ ਗਿਆ ਹੈ ਅਤੇ ਬੇਸਿਕ ਸਾਜੋ-ਸਾਮਾਨ ਦੀ ਸੂਚੀ ਵਿੱਚੋਂ ਵੀ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਵੰਦੇ ਮਾਤਰਮ ਟੇ੍ਰਨ ਤੋਂ ਵੀ ਇਨਕਾਰ, ਰਾਜਪੁਰਾ-ਚੰਡੀਗੜ੍ਹ ਲਿੰਕ ਦਾ ਵੀ ਨਹੀਂ ਹੋਇਆ ਐਲਾਨ
ਪੰਜਾਬ ਸਰਕਾਰ ਵੱਲੋਂ ਦਿੱਲੀ ਤੋਂ ਅੰਮਿ੍ਰਤਸਰ ਅਤੇ ਦਿੱਲੀ ਤੋਂ ਬਠਿੰਡਾ ਲਈ ਵੰਦੇ ਮਾਤਰਮ ਟ੍ਰੇਨ ਦੇਣ ਦੀ ਮੰਗ ਕੀਤੀ ਗਈ ਸੀ ਪਰ ਇਨ੍ਹਾਂ ਦੋਵਾਂ ਰੂਟਾਂ ’ਤੇ ਵੰਦੇ ਮਾਤਰਮ ਚਲਾਉਣ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਨਾਲ ਜੋੜਨ ਵਾਲੇ ਰੇਲ ਲਿੰਕ ਰਾਜਪੁਰਾ ਦਾ ਐਲਾਨ ਹੋਣ ਬਾਰੇ ਪੂਰੀ ਉਮੀਦ ਸੀ ਪਰ ਇਹ ਮੰਗ ਪੂਰੀ ਨਹੀਂ ਹੋਈ। ਪੰਜਾਬ ਸਰਕਾਰ ਵੱਲੋਂ ਨਸ਼ੇ ਦਾ ਖ਼ਾਤਮਾ ਕਰਨ ਅਤੇ ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਲਈ 2500 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਬਜਟ ਵਿੱਚ ਇਸ ਦਾ ਵੀ ਕੋਈ ਐਲਾਨ ਨਹੀਂ ਹੋਇਆ ਅਤੇ ਬਜਟ ਵਿੱਚ ਵਿਕਾਸ ਕਾਰਜਾਂ ਲਈ ਕੋਈ ਵੀ ਪੈਸਾ ਪੰਜਾਬ ਨੂੰ ਨਹੀਂ ਦਿੱਤਾ ਗਿਆ ਹੈ।
ਨਰਸਿੰਗ ਕਾਲਜ ਤੋਂ ਵੀ ਪੰਜਾਬ ਹੋਇਆ ਬਾਹਰ | Budget 2023
ਕੇਂਦਰੀ ਵਿੱਤ ਮੰਤਰੀ ਵੱਲੋਂ ਦੇਸ਼ ਦੇ ਲਗਭਗ ਸਾਰੇ ਸੂਬਿਆਂ ਲਈ 157 ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ , ਪਰ ਇਸ ਵਿੱਚ ਵੀ ਕੁਝ ਸ਼ਰਤਾਂ ਰੱਖ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਤੇ ਪੰਜਾਬ ਖਰਾ ਨਹੀਂ ਉੱਤਰ ਸਕਦਾ । ਇਸ ਲਈ ਨਰਸਿੰਗ ਤੇ ਮੈਡੀਕਲ ਕਾਲਜ ਦੀ ਦੌੜ ਵਿੱਚੋਂ ਵੀ ਪੰਜਾਬ ਬਾਹਰ ਹੁੰਦਾ ਨਜ਼ਰ ਆ ਰਿਹਾ ਹੈ।