ਮਾਮਲਾ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਮਹਿੰਦਰਾ ਕਾਲਜ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਅਸਿਸਟੈਂਟ ਪ੍ਰੋਫੈਸਰ ਅੰਮ੍ਰਿਤ ਸਾਮਰਾ ਦੀ ਪਟਿਆਲਾ ਤੋਂ ਸੰਗਰੂਰ ਦੀ ਕੀਤੀ ਗਈ ਬਦਲੀ ਸਕੱਤਰ ਹਾਇਰ ਐਜੂਕੇਸ਼ਨ ਵੱਲੋਂ ਰੱਦ ਕਰ ਦਿੱਤੀ ਗਈ ਹੈ। 31 ਜੁਲਾਈ 2019 ਨੂੰ ਸਕੱਤਰ ਹਾਇਰ ਐਜੂਕੇਸ਼ਨ ਦੇ ਦਸਤਖਤ ਹੇਠ ਜਾਰੀ ਹੋਏ ਨਿਰਦੇਸ਼ਾਂ ਵਿਚ ਅੰਮ੍ਰਿਤ ਸਾਮਰਾ ਦੀ ਰਣਬੀਰ ਕਾਲਜ ਸੰਗਰੂਰ ਦੀ ਕੀਤੀ ਬਦਲੀ ਦੇ ਹੁਕਮ ਰੱਦ ਕਰਕੇ ਮੁੜ ਸਰਕਾਰੀ ਮਹਿੰਦਰਾ ਕਾਲਜ ਵਿਚ ਤਾਇਨਾਤੀ ਦੇ ਹੁਕਮ ਕੀਤੇ ਹਨ। ਜ਼ਿਕਰਯੋਗ ਹੈ ਕਿ ਅਨੁਸੂਚਿਤ ਜਾਤੀ ਦੇ ਉਕਤ ਅਸਿਸਟੈਂਟ ਪ੍ਰੋਫੈਸਰ ਨੂੰ ਬਿਨਾਂ ਕਿਸੇ ਜਾਂਚ ਪੜਤਾਲ, ਬਿਨਾਂ ਪੱਖ ਸੁਣੇ ਹੀ ਪਟਿਆਲਾ ਤੋਂ ਸੰਗਰੂਰ ਬਦਲ ਦਿੱਤਾ ਗਿਆ ਸੀ। ਇਹ ਸਾਰਾ ਮਾਮਲਾ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ।
ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਪਾਸ ਜਾਣ ਤੋਂ ਬਾਅਦ ਐੱਸ. ਸੀ. ਸਮਾਜ ਇਸ ਫੈਸਲੇ ਖਿਲਾਫ ਹੋ ਗਿਆ ਸੀ, ਜਿਸ ਤੋਂ ਬਾਅਦ ਦਲਿਤ ਸਮਾਜ ਦੇ ਉਕਤ ਆਗੂ ਵਲੋਂ ਸਰਕਾਰੇ ਦਰਬਾਰੇ ਆਪਣੇ ਸਮਾਜ ਦੇ ਅਧਿਆਪਕ ਨਾਲ ਹੋਈ ਵਿਤਕਰੇਬਾਜੀ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਫੌਰੀ ਅਧਿਆਪਕ ਦੇ ਬਦਲੀ ਦੇ ਆਰਡਰ ਰੱਦ ਕਰਨ ਲਈ ਪਹੁੰਚ ਕੀਤੀ ਸੀ। ਦਿਨ ਬ ਦਿਨ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਸੀ। ਇਹ ਸਾਰਾ ਮਾਮਲਾ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ। ਮਾਮਲੇ ਨੂੰ ਹੋਰ ਗੰਭੀਰ ਹੋਣ ਤੋਂ ਬਚਾਉਣ ਲਈ ਸਬੰਧਿਤ ਵਿਭਾਗ ਵਲੋਂ ਅਸਿਸਟੈਂਟ ਪ੍ਰੋਫੈਸਰ ਦਾ ਕੀਤਾ ਗਿਆ ਤਬਾਦਲ ਰੱਦ ਕਰਕੇ ਮੁੜ ਉਸਦੀ ਤਾਇਨਾਤੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਕਰ ਦਿੱਤੀ।