ਮੁੜ ਲਾਡੋਵਾਲ ਟੋਲ ਪਲਾਜੇ ’ਤੇ ਡਟੇ ਕਿਸਾਨ (Farmers Protest)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜਿਆਂ ’ਚ ਗਿਣੇ ਜਾਂਦੇ ਲਾਡੋਵਾਲ ਟੋਲ ਪਲਾਜਾ ’ਤੇ ਕਿਸਾਨਾਂ ਨੇ ਮੁੜ ਆਪਣਾ ਡੇਰਾ ਜਮਾ ਲਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲੰਘੇ ਦਿਨੀ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਸਾਨਾਂ ਦਾ ਪੱਖ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਉਨ੍ਹਾਂ ਨੂੰ ਮੁੜ ਟੋਲ ਪਲਾਜੇ ’ਤੇ ਆ ਕੇ ਬੈਠਣਾ ਪੈ ਰਿਹਾ ਹੈ। Farmers Protest
ਇਹ ਵੀ ਪੜ੍ਹੋ: ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਰਾਜਪਾਲ ਦੀ ਔਰਤਾਂ ਨੂੰ ਖਾਸ ਅਪੀਲ, ਪੜ੍ਹੋ ਕੀ ਕਿਹਾ
ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਐਨਐੱਚਏਆਈ ਦੁਆਰਾ ਟੋਲ ਦਰਾਂ ਵਿੱਚ ਅਚਾਨਕ ਹੀ ਕੀਤੇ ਗਏ ਵਾਧੇ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਇਸ ਟੋਲ ਪਲਾਜੇ ਨੂੰ 40 ਦਿਨ ਪਹਿਲਾਂ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਸੀ ਪਰ ਫ਼ਿਰ ਵੀ ਐਨਐੱਚਏਆਈ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੀਆਂ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਐਨਐੱਚਏਆਈ ਨਾਲ ਮੀਟਿੰਗਾਂ ਹੋਈਆਂ ਪਰ ਐਨਐੱਚਏਆਈ ਅਧਿਕਾਰੀਆਂ ਵੱਲੋਂ ਕੋਈ ਠੋਸ ਤੇ ਹਾਂ- ਪੱਖੀ ਜਵਾਬ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਜੁਲਾਈ ’ਚ ਐਨਐੱਚਏਆਈ ਵੱਲੋਂ ਹਾਈਕੋਰਟ ਵਿੱਚ ਰਿੱਟ ਪਾ ਦਿੱਤੀ ਗਈ। ਜਿਸ ਦਾ ਪਤਾ ਲੱਗਦਿਆਂ ਹੀ ਉਨ੍ਹਾਂ (ਕਿਸਾਨਾਂ) ਵੀ ਆਪਣੀ ਅਰਜ਼ੀ ਹਾਈਕੋਰਟ ’ਚ ਦਾਇਰ ਕਰਦਿਆਂ ਨਾਲ ਹੀ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਦੋ ਦਿਨ ਪਹਿਲਾਂ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਸਾਨਾਂ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
25 ਜੁਲਾਈ ਨੂੰ ਲਾਡੋਵਾਲ ਟੋਲ ਪਲਾਜ਼ਾ ਮੁੜ ਚਾਲੂ ਕੀਤਾ ਜਾ ਸਕਦਾ ਹੈ
ਜਦੋਂਕਿ ਪੰਜਾਬ ਸਰਕਾਰ ਦੇ ਵਕੀਲ ਨੇ ਬਹਿਸ ਕੀਤੀ। ਇਸ ਦੇ ਬਾਵਜੂਦ ਵੀ ਹਾਈਕੋਰਟ ਨੇ ਫੈਸਲਾ ਐਨਐੱਚਏਆਈ ਦੇ ਹੱਕ ’ਚ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਲਾਡੋਵਾਲ ਟੋਲ ਪਲਾਜੇ ਨੂੰ ਖੁਲ੍ਹਵਾ ਕੇ ਐਨਐੱਚਏਆਈ ਦੇ ਹਵਾਲੇ ਕੀਤਾ ਜਾਵੇ। ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਮੰਗੇ ਜਾਣ ’ਤੇ ਹਾਈਕੋਰਟ ਨੇ 4 ਹਫਤਿਆਂ ਦਾ ਸਮਾਂ ਦਿੱਤਾ ਹੈ। ਪ੍ਰਧਾਨ ਗਿੱਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਜਿਉਂ ਹੀ ਪਤਾ ਲੱਗਾ ਕਿ 25 ਜੁਲਾਈ ਨੂੰ ਲਾਡੋਵਾਲ ਟੋਲ ਪਲਾਜ਼ਾ ਮੁੜ ਚਾਲੂ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਮੁੜ ਟੋਲ ਪਲਾਜ਼ੇ ’ਤੇ ਆਪਣਾ ਡੇਰਾ ਜਮਾਂ ਲਿਆ ਹੈ। Farmers Protest
ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਲਾਡੋਵਾਲ ਟੋਲ ਪਲਾਜੇ ਨੂੰ ਖੁਲਵਾਉਣ ਨਹੀਂ ਦਿੱਤਾ ਜਾਵੇਗਾ। ਪ੍ਰਧਾਨ ਗਿੱਲ ਨੇ ਦੱਸਿਆ ਕਿ ਜਿੰਨਾਂ ਸਮਾਂ ਟੋਲ ਦਰਾਂ ਵਿੱਚ ਕੀਤਾ ਵਾਧਾ ਵਾਪਸ ਨਹੀਂ ਲਿਆ ਜਾਂਦਾ, 20 ਕਿਲੋਮੀਟਰ ਦਾ ਏਰੀਆ ਮੁਫ਼ਤ ਤੇ ਬਣਾਏ ਪਾਸ ਰੈਗੂਲਰ ਨਹੀਂ ਕੀਤੇ ਜਾਂਦੇ ਉਹ ਕਿਸੇ ਵੀ ਕੀਮਤ ’ਤੇ ਲਾਡੋਵਾਲ ਟੋਲ ਪਲਾਜੇ ਨੂੰ ਖੁੱਲ੍ਹਣ ਨਹੀਂ ਦੇਣਗੇ। ਦੱਸ ਦੇਈਏ ਕਿ ਟੋਲ ਦਰਾਂ ਵਿੱਚ ਅਚਾਨਕ ਹੀ ਕੀਤੇ ਗਏ ਭਾਰੀ ਵਾਧੇ ਨੂੰ ਲੈ ਕੇ ਲਾਡੋਵਾਲ ਟੋਲ ਪਲਾਜੇ ਨੂੰ 40 ਦਿਨਾਂ ਪਹਿਲਾਂ ਕਿਸਾਨਾਂ ਵੱਲੋਂ ਮੁਫ਼ਤ ਕਰ ਦਿੱਤਾ ਗਿਆ ਸੀ।