ਬਿਜਲੀ ਦੀ ਮੰਗ 1900 ਲੱਖ ਯੂਨਿਟ ਦੇ ਅੰਕੜੇ ਤੋਂ ਪਾਰ
- ਦਿਹਾਤੀ ਖੇਤਰਾਂ ਅੰਦਰ ਐਣਐਲਾਨੇ ਕੱਟਾਂ ਨੇ ਬਿਜਲੀ ਦੀ ਘਾਟ ਕਰਵਾਈ ਮਹਿਸੂਸ
- ਵੱਡੇ ਤੜਕੇ ਭਖਾਉਣੇ ਪਏ ਚਾਰ ਯੂਨਿਟ
(ਖੁਸਵੀਰ ਸਿੰਘ ਤੂਰ) ਪਟਿਆਲਾ, ਹੋਰ ਮੁਲਕਾਂ ਨੂੰ ਬਿਜਲੀ ਵੇਚਣ ਦੇ ਸੁਪਨੇ ਦੇਖਣ ਵਾਲਾ ਪੰਜਾਬ ਸੂਬਾ ਇਨ੍ਹੀਂ-ਦਿਨੀਂ ਖੁਦ ਹੀ ਬਿਜਲੀ ਦੀ ਘਾਟ ‘ਚ ਘਿਰਨ ਲੱਗਾ ਹੈ। ਐਕਸਚੇਂਜ ‘ਚ ਬਿਜਲੀ ਦੇ ਭਾਅ ਵਧਣ ਕਾਰਨ ਸੂਬੇ ਨੂੰ ਬਿਜਲੀ ਸਮੱਸਿਆ ਆਉਣ ਲੱਗੀ ਹੈ। ਅਜਿਹੀ ਸਥਿਤੀ ‘ਚ ਪੰਜਾਬ ਦੇ ਕਈ ਇਲਾਕਿਆਂ ਅੰਦਰ ਅਣਐਲਾਨੇ ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬਿਜਲੀ ਦੀ ਵਧੀ ਮੰਗ ਕਾਰਨ ਪਾਵਰਕੌਮ ਨੂੰ ਵੱਡੇ ਤੜਕੇ ਆਪਣੇ ਚਾਰ ਯੂਨਿਟਾਂ ਨੂੰ ਭਖਾਉਣਾ ਪਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬੇਤਹਾਸ਼ਾ ਗਰਮੀ ਕਾਰਨ ਬਿਜਲੀ ਦੀ ਮੰਗ ਲਗਾਤਰ ਚਰਮ ਸੀਮਾ ‘ਤੇ ਪਹੁੰਚ ਰਹੀ ਹੈ। ਇਕੱਤਰ ਵੇਰਵਿਆਂ ਮੁਤਾਬਿਕ ਅੱਜ ਬਿਜਲੀ ਦੀ ਮੰਗ ਪੀਕ ਲੋਡ ‘ਚ 1900 ਲੱਖ ਯੂਨਿਟ ਦੇ ਅੰਕੜੇ ਨੂੰ ਵੀ ਪਾਰ ਗਈ ਸੀ। ਬਿਜਲੀ ਦੀ ਵਧੀ ਮੰਗ ਨਾਲ ਨਜਿੱਠਣ ਲਈ ਭਾਵੇਂ ਪਾਵਰਕੌਮ ਮੈਨੇਜਮੈਂਟ ਨੇ ਅੱਜ ਵੱਡੇ ਤੜਕੇ ਆਪਣੇ ਬੰਦ ਕੀਤੇ ਹੋਏ ਚਾਰ ਥਰਮਲ ਉਤਪਾਦਨ ਯੂਨਿਟਾਂ ਨੂੰ ਭਖਾ ਦਿੱਤਾ ਹੈ, ਪ੍ਰੰਤੂ ਬਿਜਲੀ ਦੀ ਮੰਗ ਅੱਗੇ ਇਹ ਕੋਸ਼ਿਸ਼ਾਂ ਨਾਕਾਫ਼ੀ ਦੱਸੀਆਂ ਜਾ ਰਹੀਆਂ ਹਨ। ਇਸ ਵੇਲੇ ਰੋਪੜ ਥਰਮਲ ਦੇ ਪੰਜ ਯੂਨਿਟ ਤੇ ਤਿੰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਯੂਨਿਟਾਂ ਕਾਰਜਸ਼ੀਲ ਹਨ। ਰਾਜਪੁਰਾ ਥਰਮਲ ਤੋਂ ਵੀ 1320 ਮੈਗਾਵਾਟ ਦੇ ਕਰੀਬ ਬਿਜਲੀ ਵਸੂਲੀ ਜਾ ਰਹੀ ਹੈ।
ਬਿਜਲੀ ਦੀ ਮੰਗ 1900 ਲੱਖ ਯੂਨਿਟ ਦੇ ਅੰਕੜੇ ਤੋਂ ਪਾਰ
ਇੱਧਰ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਹੋਣ ਕਾਰਨ ਇਸ ਤੋਂ ਪੈਦਾ ਹੋਣ ਵਾਲੀ 1800 ਮੈਗਾਵਾਟ ਦੀ ਭਰਪਾਈ ਨਾ ਹੋਣ ਕਾਰਨ ਪਾਵਰਕੌਮ ਦਾ ਬਿਜਲੀ ਸਿਸਟਮ ਦਿਨ-ਬ-ਦਿਨ ਹਿੱਲਦਾ ਨਜ਼ਰ ਆ ਰਿਹਾ ਹੈ। ਪਾਵਰਕੌਮ ਕੋਲ ਆਪਣੇ ਵਸੀਲਿਆਂ ਦੀ ਬਿਜਲੀ ਦੀ ਪੈਦਾਵਾਰ ਸਵਾ ਚਾਰ ਸੌ ਲੱਖ ਯੂਨਿਟ ਹੀ ਹੋ ਰਹੀ ਹੈ, ਜਿਸ ‘ਚ ਸੈਂਟਰਲ ਐਲੋਕੇਸ਼ਨ ਦੀ ਬਿਜਲੀ ਦਾ ਸਹਾਰਾ ਵੱਖਰਾ ਸ਼ਾਮਲ ਹੈ। ਇੱਧਰ ਲੰਘੀ ਅੱਧੀ ਰਾਤ ਮਗਰੋਂ ਪੰਜਾਬ ਦੇ ਕਈ ਇਲਾਕਿਆਂ ‘ਚ ਕਰੀਬ ਡੇਢ ਤੋਂ ਢਾਈ ਘੰਟਿਆਂ ਦੇ ਟੁੱਟਵੇਂ ਅਣਐਲਾਨੇ ਬਿਜਲੀ ਕੱਟ ਲੋਕਾਂ ਨੂੰ ਸਹਿਣੇ ਪਏ ਹਨ। ਪਾਵਰਕੌਮ ਦੇ ਸੂਤਰਾਂ ਮੁਤਾਬਿਕ ਬਿਜਲੀ ਦੀ ਅਚਾਨਕ ਵਧੀ ਮੰਗ ਨੂੰ ਮੁੱਖ ਰੱਖਦਿਆਂ ਤਿੰਨ ਯੂਨਿਟਾਂ ਨੂੰ ਲੰਘੀ ਰਾਤ ਮਗਰੋਂ ਭਖਾ ਦਿੱਤਾ ਗਿਆ ਸੀ, ਪਰ ਫਿਰ ਵੀ ਲੋਕਾਂ ਦਾ ਬਿਜਲੀ ਕੱਟਾਂ ਤੋਂ ਖਹਿੜਾ ਨਹੀਂ ਛੁੱਟਿਆ। ਇਹ ਬਿਜਲੀ ਕੱਟ ਜ਼ਿਆਦਾਤਰ ਦਿਹਾਤੀ ਖੇਤਰ ਦੇ ਲੋਕਾਂ ਨੂੰ ਸਹਿਣੇ ਪਏ ਹਨ।
ਉੱਧਰ ਪਾਵਰਕੌਮ ਲਈ ਬਿਜਲੀ ਦੀ ਘਾਟ ਲਈ ਅਣਸ਼ਡਿਊਲ ਤੌਰ ‘ਤੇ ਐਕਸਚੇਂਜ ‘ਚੋਂ ਬਿਜਲੀ ਖਰੀਦਣੀ ਔਖੀ ਗੱਲ ਬਣ ਰਹੀ ਹੈ ਕਿਉਂਕਿ ਦਿਨ-ਬ-ਦਿਨ ਅੰਤਰਰਾਜ਼ੀ ਬਜ਼ਾਰ ‘ਚ ਬਿਜਲੀ ਦੇ ਭਾਅ ਵਧ ਰਹੇ ਹਨ। ਅਜਿਹੇ ‘ਚ ਪਾਵਰਕੌਮ ਨੂੰ ਸਸਤੀ ਬਿਜਲੀ ਖਰੀਦਣੀ ਹੁਣ ਦੂਰ ਦੀ ਗੱਲ ਵੀ ਬਣ ਰਹੀ ਹੈ। ਸੂਤਰਾਂ ਮੁਤਾਬਿਕ ਲੰਘੇ ਕੱਲ੍ਹ ਪਾਵਰਕੌਮ ਨੂੰ ਐਕਸਚੇਂਜ ‘ਚੋਂ ਸਿਰਫ 28 ਲੱਖ ਯੂਨਿਟ ਹੀ ਬਿਜਲੀ ਪ੍ਰਾਪਤ ਹੋ ਸਕੀ ਸੀ, ਜੋ ਕਿ ਲੋੜ ਤੋਂ ਕਿਤੇ ਘੱਟ ਸੀ।
-
ਵੱਡੇ ਤੜਕੇ ਭਖਾਉਣੇ ਪਏ ਚਾਰ ਯੂਨਿਟ
ਦੱਸਿਆ ਜਾ ਰਿਹਾ ਹੈ ਕਿ ਪਾਵਰਕੌਮ ਐਕਸਚੇਂਜ ਬਿਡ ‘ਚ 3 ਰੁਪਏ 60 ਪੈਸੇ ਤੋਂ ਉੱਪਰ ਭਾਅ ਦੀ ਬਿਜਲੀ ਖਰੀਦਣ ਤੋਂ ਅਸਮਰਥ ਸੀ। ਉਂਜ ਵੀ ਐਕਸਚੇਂਜ ਖੇਤਰ ‘ਚ ਵੀ ਬਿਜਲੀ ਦੀ ਘਾਟ ਹੋਣ ਲੱਗੀ ਹੈ। ਅਜਿਹੇ ‘ਚ ਪਾਵਰਕੌਮ ਹੁਣ ਮਹਿੰਗੀ ਬਿਜਲੀ ਦੀ ਪੈਦਾਵਾਰ ਵਾਲੇ ਬਠਿੰਡਾ ਪਲਾਂਟ ਨੂੰ ਭਖ਼ਾਉਣ ਦੀ ਮਜ਼ਬੂਰੀ ‘ਚ ਦੱਸਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਾਵਰਕੌਮ ਨੂੰ ਬਿਜਲੀ ਦਾ ਤਵਾਜਨ ਕਾਇਮ ਕਰਨ ਲਈ ਤਕੜੇ ਫੈਸਲੇ ਲੈਣੇ ਪੈ ਸਕਦੇ ਹਨ। ਉਧਰ ਪਾਵਰਕੌਮ ਦੇ ਡਾਇਰੈਕਟਰ ਵੰਡ ਇੰਜੀ. ਕੇ. ਐੱਲ. ਸ਼ਰਮਾ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਕਿਤੇ ਮੇਂਟੀਨੈਂਸ ਜਾਂ ਨੁਕਸ ਦੀ ਵਜ਼੍ਹਾ ਕੱਟ ਲੱਗੇ ਹੋ ਸਕਦੇ ਹਨ, ਸ਼ਡਿਊਲ ‘ਚ ਕੋਈ ਪਾਵਰ ਕੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਲਗਾਤਾਰ ਬਿਜਲੀ ਸਪਲਾਈ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ