ਸਿਹਤ ਮੰਤਰੀ ਡਾਕਟਰਾਂ ਨੂੰ ਬੋਲੇ, ਸਿਵਲ ਸਰਜਨ, ਡਾਇਰੈਕਟਰ ਹੈਲਥ ਜਾਂ ਮੰਤਰੀ ਨੂੰ ਕੁਝ ਦੇਣ ਦੀ ਲੋੜ ਨਹੀਂ

Health Minister Sachkahoon

ਸਿਹਤ ਸੇਵਾਵਾਂ ’ਚ ਕ੍ਰਾਂਤੀਕਾਰੀ ਸੁਧਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਤਰਜੀਹ : ਡਾ. ਵਿਜੇ ਸਿੰਗਲਾ

ਬਨਣਗੇ 16000 ਮੁਹੱਲਾ ਕਲੀਨਿਕ, ਹਰ ਨਾਗਰਿਕ ਲਈ ਸਿਹਤ ਕਾਰਡ ਤੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਹੋਵੇਗੀ ਅਪਗ੍ਰੇਡ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ (Health Minister) ਨੇ ਕਿਹਾ ਹੈ ਕਿ ਪੰਜਾਬ ਅੰਦਰ ਜਲਦੀ ਹੀ 16 ਹਜ਼ਾਰ ਮੁਹੱਲਾ ਕਲੀਨਿਕ ਬਣਾ ਕੇ ਹਰ ਨਾਗਰਿਕ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ ਜਾਣਗੀਆਂ ਅਤੇ ਮੈਡੀਕਲ ਕਾਲਜਾਂ ’ਚ ਫੈਕਲਟੀ, ਸਿਵਲ ਹਸਪਤਾਲਾਂ ’ਚ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲੇ ਅਤੇ ਦਵਾਈਆਂ ਆਦਿ ਦੀ ਘਾਟ ਅਗਲੇ 6 ਮਹੀਨਿਆਂ ’ਚ ਪੂਰੀ ਕੀਤੀ ਜਾਵੇਗੀ। ਡਾ. ਵਿਜੇ ਸਿੰਗਲਾ ਅੱਜ ਇੱੱਥੇ ਡੈਂਟਲ ਕਾਲਜ ਵਿਖੇ ਸਲਾਨਾ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਕਰਤ ਕਰਨ ਪੁੱਜੇ ਹੋਏ ਸਨ। ਮੈਡੀਕਲ ਸਿੱਖਿਆ ਤੇ ਸਿਹਤ ਖੇਤਰ ’ਚ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਪ੍ਰਤੀ ਅਫ਼ਸੋਸ ਪ੍ਰਗਟਾਉਂਦਿਆਂ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਾਸੀਆਂ ਨੇ ਇਨਕਲਾਬ ਲਿਆਕੇ ਹੰਕਾਰੀ ਲੋਕਾਂ ਦਾ ਹੰਕਾਰ ਤੋੜਿਆ ਹੈ, ਉਸੇ ਤਰਜ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਮੈਡੀਕਲ ਖੇਤਰ ਨੂੰ ਪਾਇਲਟ ਪ੍ਰਾਜੈਕਟ ਵਜੋਂ ਲੈਕੇ ਸਿਹਤ ਸੇਵਾਵਾਂ ਦੇ ਖੇਤਰ ’ਚ ਇਨਕਲਾਬ ਲਿਆਉਣ ਦਾ ਤਹੱਈਆ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ, ਫਰੀਦਕੋਟ ਅਤੇ ਅੰਮਿ੍ਰਤਸਰ ’ਚ ਸੁਪਰ-ਸਪੈਸ਼ਲਿਟੀ ਬ੍ਰਾਂਚਾਂ ਨੂੰ ਹੋਰ ਵੀ ਬਿਹਤਰ ਬਣਾਉਣ ਸਮੇਤ ਟਰਸ਼ਰੀ ਤੇ ਸੈਕੰਡਰੀ ਕੇਅਰ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਲਈ ਸਿਹਤ ਕਾਰਡ ਅਤੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵੀ ਅਪਗ੍ਰੇਡ ਕੀਤੀ ਜਾਵੇਗੀ। ਸਰਕਾਰੀ ਡਾਕਟਰਾਂ ਨੂੰ ਨਿਜੀ ਪ੍ਰੈਕਟਿਸ ਤੋਂ ਗੁਰੇਜ਼ ਕਰਨ ਲਈ ਆਖਦਿਆਂ ਡਾ. ਸਿੰਗਲਾ ਨੇ ਕਿਹਾ ਕਿ ਡਾਕਟਰਾਂ ਨੂੰ ਹੁਣ ਸਿਵਲ ਸਰਜਨ, ਡਾਇਰੈਕਟਰ ਹੈਲਥ ਜਾਂ ਸਿਹਤ ਮੰਤਰੀ ਨੂੰ ਕੁਝ ਦੇਣ ਦੀ ਲੋੜ ਨਹੀਂ, ਜਿਸ ਲਈ ਉਹ ਆਪਣੇ ਸਰਕਾਰੀ ਹਸਪਤਾਲ ਅਤੇ ਮਰੀਜਾਂ ਨੂੰ ਹੀ ਵੱਧ ਤੋਂ ਵੱਧ ਸਮਾਂ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉੱਚ ਅਧਿਕਾਰੀ ਜਾ ਡਾਟਕਰ ਪੈਸੇ ਦੀ ਮੰਗ ਕਰਦਾ ਹੈ, ਉਨ੍ਹਾਂ ਨੂੰ ਦੱਸੋਂ ਜਾ ਫਿਰ ਜੋਂ ਨੰਬਰ ਜਾਰੀ ਕੀਤਾ ਗਿਆ ਹੈ, ਉਸ ਤੇ ਸੂਚਨਾ ਦੇਵੇ।

ਡੈਂਟਲ ਕਾਲਜ ਦੀ ਪਿ੍ਰੰਸੀਪਲ ਡਾ. ਜੀਵਨ ਲਤਾ ਵੱਲੋਂ ਕੈਬਨਿਟ ਮੰਤਰੀ ਦੇ ਸਨਮੁੱਖ ਰੱਖੀਆਂ ਮੰਗਾਂ ਬਾਬਤ ਡਾ. ਸਿੰਗਲਾ ਨੇ ਕਿਹਾ ਕਿ ਫੈਕਲਟੀ ਤੇ ਹੋਸਟਲ ਸਮੇਤ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਉਨ੍ਹਾਂ ਸਰਕਾਰੀ ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ ਦੀ ਕੈਥ ਲੈਬ ਸਮੇਤ ਸਰਕਾਰੀ ਆਯੁਰਵੈਦਿਕ ਕਾਲਜ ਵਿਖੇ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਸਮੇਂ ਡਾ. ਵਿਜੇ ਸਿੰਗਲਾ ਦੀ ਸੁਪਤਨੀ ਡਾ. ਅਨੀਤਾ ਸਿੰਗਲਾ, ਪਟਿਆਲਾ ਤੋਂ ਵਿਧਾਇਕ ਡਾ. ਬਲਬੀਰ ਸਿੰਘ ਅਤੇ ਅਜੀਤਪਾਲ ਸਿੰਘ ਕੋਹਲੀ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ