ਸਿਹਤ ਬੀਮਾ ਯੋਜਨਾ ‘ਚ ਸ਼ਾਮਲ ਹੋਣਗੇ 9.5 ਲੱਖ ਕਿਸਾਨ ਪਰਿਵਾਰ

ਪਿਛਲੇ ਸਾਲ ਸਿਹਤ ਬੀਮਾ ਯੋਜਨਾ ‘ਚ ਸ਼ਾਮਲ ਸਨ 5 ਲੱਖ ਕਿਸਾਨ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9.50 ਲੱਖ ਕਿਸਾਨਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਾਲ 2020-21 ਲਈ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸਿਹਤ ਬੀਮੇ ਦਾ ਲਾਭ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਬੀਤੇ ਸਾਲ ਪੰਜ ਲੱਖ ਕਿਸਾਨਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਸੂਬਾ ਸਰਕਾਰ ਵੱਲੋਂ ਇਹ ਸਕੀਮ 20 ਅਗਸਤ, 2019 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ‘ਤੇ ਸ਼ੁਰੂ ਕੀਤੀ ਗਈ ਸੀ ਅਤੇ ਸਾਲ 2019-20 ਦੌਰਾਨ 45 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦੇ ਘੇਰੇ ਹੇਠ ਲਿਆਂਦਾ ਗਿਆ ਜੋ ਖਾਸ ਕਰਕੇ ਕੋਵਿਡ ਦੇ ਸੰਕਟ ਦੌਰਾਨ ਪੰਜਾਬ ਦੇ ਲੋਕਾਂ ਲਈ ਬਹੁਤ ਸਹਾਈ ਸਿੱਧ ਹੋਈ। ਸੂਬਾ ਸਰਕਾਰ ਨੇ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸੂਚੀਬੱਧ ਕੀਤੇ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਲਈ ਦਰਾਂ ਵੀ ਤੈਅ ਕੀਤੀਆਂ ਗਈਆਂ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਦੇ ਪਹਿਲੇ ਸਾਲ ਦੌਰਾਨ ਪੰਜ ਲੱਖ ਕਿਸਾਨ ਇਸ ਯੋਜਨਾ ਦੇ ਘੇਰੇ ਹੇਠ ਆਏ ਸਨ ਜਿਨਾਂ ਨੂੰ ਮੰਡੀ ਬੋਰਡ ਵੱਲੋਂ ਸਾਲ 2015 ਵਿੱਚ ਜਾਰੀ ਕੀਤੇ ‘ਜੇ’ ਫਾਰਮਾਂ ਦੇ ਆਧਾਰ ‘ਤੇ ਯੋਗ ਪਾਇਆ ਗਿਆ ਸੀ। ਸਾਲ 2020-21 ਦੌਰਾਨ 8.70 ਲੱਖ ‘ਜੇ’ ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ।

ਮੰਡੀ ਬੋਰਡ ਵੱਲੋਂ ਇਕ ਜਨਵਰੀ, 2020 ਨੂੰ ਅਤੇ ਉਸ ਤੋਂ ਬਾਅਦ 8.70 ਲੱਖ ਕਿਸਾਨਾਂ ਨੂੰ ਉਨਾਂ ਦੀ ਖੇਤੀਬਾੜੀ ਉਪਜ ਵੇਚਣ ਲਈ ‘ਜੇ’ ਫਾਰਮ ਹੋਲਡਰਾ ਵਜੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸੇ ਤਰਾਂ ਇਕ ਨਵੰਬਰ, 2019 ਤੋਂ 31 ਮਾਰਚ, 2020 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਫਸਲ ਵੇਚਣ ਵਾਲੇ 80,000 ਗੰਨਾ ਉਤਪਾਦਕ ਹਨ ਜੋ ਇਸ ਯੋਜਨਾ ਲਈ ਯੋਗ ਮੰਨੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਨਾਂ ਨੂੰ ਸਕੀਮ ਵਿੱਚ ਸ਼ਾਮਲ ਕਰਨ ਨਾਲ ਸਾਰੇ 9.50 ਲੱਖ ਕਿਸਾਨ ਤੇ ਉਨਾਂ ਦੇ ਪਰਿਵਾਰ 20 ਅਗਸਤ, 2020 ਤੋਂ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਬਣ ਜਾਣਗੇ।

ਆੜ੍ਹਤੀਵਾਂ ਨੂੰ ਜਮਾ ਕਰਵਾਉਣਾ ਪੈਣਵੇ ਦਸਤਾਵੇਜ਼

ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ ਜਿਨਾਂ ਨੂੰ ਸਾਲ ਭਰ ਲਈ ਪੰਜ ਲੱਖ ਰੁਪਏ ਦਾ ਨਗਦੀ ਰਹਿਤ ਇਲਾਜ ਮੁਹੱਈਆ ਹੋਵੇਗਾ। ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਾਲੇ ਸਾਰੇ ਯੋਗ ਕਿਸਾਨਾਂ ਨੂੰ 24 ਜੁਲਾਈ ਤੱਕ ਹਲਫੀਆ ਬਿਆਨ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆੜ੍ਹਤੀਏ ਕੋਲ ਜਮਾਂ ਕਰਵਾਉਣੇ ਹੋਣਗੇ।  ਮੁੱਖ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਬਿਨਾਂ ਕਿਸੇ ਦਿੱਕਤ ਦੇ ਇਸ ਸਹੂਲਤ ਦਾ ਲਾਭ ਲੈਣ ਨੂੰ ਯਕੀਨੀ ਬਣਾਉਣ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਮਾਰਕੀਟ ਕਮੇਟੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਆਖਿਆ ਹੈ।

ਇਹਨਾਂ ਰੋਗਾ ਦਾ ਹੋਵੇਵਾ ਇਲਾਜ

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਿਹਤ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਅਪ੍ਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਐਕਸੀਡੈਂਟ ਦੇ ਕੇਸਾਂ ਵਰਗੇ ਵੱਡੇ ਅਪ੍ਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here