ਬੇਹੱਦ ਖ਼ਤਰਨਾਕ ਹੈ ਵਿਦਿਆਰਥੀਆਂ ’ਚ ਵਧ ਰਹੀ ਅਨੁਸ਼ਾਸਨਹੀਣਤਾ

ਬੇਹੱਦ ਖ਼ਤਰਨਾਕ ਹੈ ਵਿਦਿਆਰਥੀਆਂ ’ਚ ਵਧ ਰਹੀ ਅਨੁਸ਼ਾਸਨਹੀਣਤਾ

ਕੋਰੋਨਾ ਸਮੇਂ ਵਿੱਦਿਅਕ ਅਦਾਰੇ ਲੰਮਾ ਸਮਾਂ ਬੰਦ ਰਹੇ ਹਨ। ਇਸ ਕਰਕੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਇੱਕ ਖਲ਼ਾਅ ਪੈਦਾ ਹੋਇਆ ਜਿਸ ਨੇ ਇਸ ਪਾਵਨ ਰਿਸ਼ਤੇ ਨੂੰ ਚਕਨਾਚੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। 11 ਫਰਵਰੀ 2022 ਨੂੰ ਇੱਕ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਦੀ ਉਸ ਸਕੂਲ ਦੇ ਕੁਝ ਵਿਦਿਆਰਥੀਆਂ ਦੁਆਰਾ ਬਦਲਾਖ਼ੋਰੀ ਨੀਤੀ ਦੇ ਚੱਲਦਿਆਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਅਧਿਆਪਕ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਇਸ ਘਟਨਾ ਨੇ ਅਧਿਆਪਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ ਗੁਰੂ-ਸ਼ਿਸ਼ ਦੀ ਮਹਾਨ ਪਰੰਪਰਾ ਨੂੰ ਵੀ ਕਲੰਕਿਤ ਕੀਤਾ ਹੈ।

ਉਪਰੋਕਤ ਘਟਨਾ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਦੀ ਸ਼ਰੇਆਮ ਬਲੀ ਦਿੱਤੀ ਗਈ ਹੈ। ਇਸ ਅਨੁਸ਼ਾਸਨਹੀਣਤਾ ਨੇ ਸਿੱਖਿਆ ਸ਼ਾਸਤਰੀਆਂ ਤੇ ਮਨੋੋਵਿਗਿਆਨੀਆਂ ਨੂੰ ਡੂੰਘੀ ਸੋਚੀਂ ਪਾਇਆ ਹੈ ਕਿ ਇਸ ਮੰਦਭਾਗੇ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਬੇਪਰਦਾ ਕੀਤਾ ਹੈ। ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਦਰਮਿਆਨ ਪੈ ਚੁੱਕੇ ਫਾਸਲੇ ਦਾ ਚਿਤਰਣ ਅਜਿਹੀਆਂ ਅਣਗਿਣਤ ਅਨੁਸ਼ਾਸਨਹੀਣ ਘਟਨਾਵਾਂ ਕਰ ਰਹੀਆਂ ਹਨ ਜੋ ਪਹਿਲੀ ਤੇ ਆਖਰੀ ਨਹੀਂ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਜੋਕਾ ਵਿਦਿਆਰਥੀ ਸੰਜਮ ਤੋਂ ਸੱਖਣਾ ਹੈ ਅਤੇ ਅਨੁਸ਼ਾਸਨਹੀਣਤਾ ਦੇ ਪੰਧ ਨੂੰ ਅਪਣਾ ਲਿਆ ਹੈ ਜੋ ਦੇਸ਼, ਸਮਾਜ ਦੇ ਹਿੱਤ ’ਚ ਹਰਗਿਜ਼ ਨਹੀਂ ਹੈ। ਮੁੱਠੀ ਭਰ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਇਸ ’ਚ ਵਹਿ ਰਹੇ ਹਨ।

ਮੈਡੀਕਲ ਖੇਤਰ ਨਾਲ ਸਬੰਧਿਤ ਹੋਣ ਕਾਰਨ ਮੇਰਾ ਵਾਹ ਅਕਸਰ ਹੀ ਅਜਿਹੇ ਮਾਮਲਿਆਂ ਨਾਲ ਪੈਂਦਾ ਹੈ, ਕਦੇ ਬੱਚੇ ਅਧਿਆਪਕਾਂ ’ਤੇ ਦੋਸ਼ ਲਾਉਂਦੇ ਹੋਏ ਐਮਰਜੈਂਸੀ ਵਿਭਾਗ ਵਿੱਚ ਦਾਖ਼ਲ ਹੁੰਦੇ ਹਨ ਕਿ ਉਸ ਫਲਾਣੇ ਅਧਿਆਪਕ ਨੇ ਮੈਨੂੰ ਬੁਰੀ ਤਰ੍ਹਾਂ ਮੇਰੇ ਸਹਿਪਾਠੀਆਂ ਸਾਹਮਣੇ ਡਾਂਟਿਆ ਹੈ, ਜਿਸ ਕਾਰਨ ਕਈ ਮਾਪੇ ਭੜਕ ਜਾਂਦੇ ਹਨ।

ਅਧਿਆਪਕ ਵੀ ਅਜੋਕੇ ਦੌਰ ਅੰਦਰ ਇਸ ਵਰਤਾਰੇ ਨੂੰ ਲੈ ਕੇ ਚਿੰਤਤ ਹੀ ਮਿਲਦੇ ਹਨ। ਉਂਜ ਤਾਂ ਆਦਮੀ ਸਾਰੀ ਉਮਰ ਹੀ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਪਰ ਇਹ ਵੀ ਸੱਚ ਹੈ ਕਿ ਅਜੋਕਾ ਵਿਦਿਆਰਥੀ ਕਾਮਯਾਬ ਵਿਅਕਤੀ ਬਣਨ ਲਈ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਵਿੱਦਿਆ ਪ੍ਰਾਪਤੀ ਨੂੰ ਸਮਰਪਿਤ ਕਰਦਾ ਹੈ ਤਾਂ ਜੋ ਦੁਨੀਆਂ ਦੀ ਦੌੜ ’ਚ ਕਦਮ ਨਾਲ ਕਦਮ ਮਿਲਾ ਸਕੇ। ਵਿਦਿਆਰਥੀ ਜੀਵਨ ਬੜਾ ਹੀ ਮਹੱਤਵਪੂਰਨ ਤੇ ਅਹਿਮ ਹੁੰਦਾ ਹੈ ਕਿਉਂਕਿ ਜੋ ਇਸ ਮਹੱਤਵਪੂਰਨ ਸਮੇਂ ਦੀ ਕਦਰ ਕਰਦੇ ਹਨ, ਸਮਾਂ ਉਨ੍ਹਾਂ ਨੂੰ ਮਹੱਤਵਪੂਰਨ ਬਣਾ ਦਿੰਦਾ ਹੈ।

ਇੱਥੇ ਇਹ ਗੱਲ ਕਹਿਣੀ ਲਾਜ਼ਮੀ ਹੈ ਕਿ ਜੋ ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਮੁਕਾਮ ਨੂੰ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਨ, ਸਫ਼ਲਤਾ ਇੱਕ ਦਿਨ ਉਨ੍ਹਾਂ ਦੇ ਪੈਰ ਚੁੰਮਦੀ ਹੈ। ਅਨੁਸ਼ਾਸਨ ਨੂੰ ਜੇਕਰ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਸੰਜਮੀ, ਆਗਿਆਕਾਰੀ, ਉੱਚਾ ਆਚਰਨ ਤੇ ਹਰ ਇਨਸਾਨ ਨੂੰ ਬਣਦਾ ਸਨਮਾਨ ਦੇਣਾ ਇੱਕ ਅਨੁਸ਼ਾਸਿਤ ਇਨਸਾਨ ਦੇ ਸਦੀਵੀ ਗੁਣ ਹਨ ਪਰ ਅਜੋਕੇ ਸਮੇਂ ਅੰਦਰ ਇਹ ਬੜਾ ਹੀ ਦੁਖਦਾਈ ਪਹਿਲੂ ਹੈ ਕਿ ਪਹਿਲਾਂ ਦੇ ਮੁਕਾਬਲੇ ਅੱਜ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਬਹੁਤ ਵਧ ਰਹੀ ਹੈ।

ਅਨੁਸ਼ਾਸਨ ਜਿੱਥੇ ਸਾਨੂੰ ਆਗਿਆਕਾਰੀ ਬਣਾਉਂਦਾ ਹੈ, ਉੱਥੇ ਹੀ ਇਹ ਸਾਡੀ ਆਜ਼ਾਦੀ ਨੂੰ ਵੀ ਬਰਕਰਾਰ ਰੱਖਦਾ ਹੈ। ਜੇਕਰ ਸਾਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਸਾਡੇ ’ਤੇ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ ਤਾਂ ਸੰਜਮੀ ਵਿਅਕਤੀ ਆਪੇ ਹੀ ਸਹੀ ਢੰਗ ਦੀ ਵਰਤੋਂ ਨਾਲ ਇਸ ਨੂੰ ਟਾਲ ਸਕਦਾ ਹੈ ਪਰ ਅਨੁਸ਼ਾਸਨਹੀਣ ਵਿਅਕਤੀ ਇਸ ਦਾ ਵਿਰੋਧ ਹਿੰਸਕ ਜਾਂ ਹੋਰ ਤਰੀਕਿਆਂ ਨਾਲ ਕਰੇਗਾ। ਪਦਾਰਥਵਾਦੀ ਸੋਚ ਅਤੇ ਸਿੱਖਿਆ ਪ੍ਰਬੰਧ ’ਚ ਕਮੀ, ਮੀਡੀਆ, ਇੰਟਰਨੈੱਟ ਤੇ ਸਮਾਜਿਕ ਸਾਈਟਾਂ ਦੀ ਬੇਲੋੜੀ ਵਰਤੋਂ ਕਾਰਨ ਵਿਦਿਆਰਥੀ ਅਨੁਸ਼ਾਸਨਹੀਣ ਬਣ ਰਹੇ ਹਨ। ਅਜੋਕੇ ਦੌਰ ਅੰਦਰ ਪੈਸੇ ਅਤੇ ਰਾਜਨੀਤਕ ਪਹੁੰਚ ਨੇ ਸਿੱਖਿਆ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਲੋਕ ਪੈਸੇ ਨਾਲ ਸਿੱਖਿਆ ਨੂੰ ਖਰੀਦਣ ਦਾ ਵਹਿਮ ਪਾਲੀ ਬੈਠੇ ਹਨ, ਇਹ ਸੱਚ ਹੈ ਕਿ ਪੈਸੇ ਦੇ ਜ਼ੋਰ ’ਤੇ ਡਿਗਰੀਆਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਨੈਤਿਕਤਾ, ਅਨੁਸ਼ਾਸਨ ਨੂੰ ਕਦੇ ਨਹੀਂ ਖਰੀਦਿਆ ਜਾ ਸਕਦਾ।

ਅੱਜ ਵਿੱਦਿਆ ਜ਼ਿੰਦਗੀ ਸੁਧਾਰਨ ਦਾ ਜ਼ਰੀਆ ਨਾ ਰਹਿ ਕੇ ਸਟੇਟਸ ਸਿੰਬਲ ਬਣ ਗਈ ਹੈ। ਜਿਸ ਨੇ ਲੋਕਾਂ ਨੂੰ ਮਹਿੰਗੇ ਕਾਲਜਾਂ ਅਤੇ ਕਾਨਵੈਂਟ ਸਕੂਲਾਂ ਆਦਿ ਨੇ ਸਟੇਟਸ ਸਿੰਬਲ ਦੀ ਚਾਟ ਪਾਈ ਹੈ। ਲੋਕ ਇੱਥੇ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾ ਕੇ ਆਪਣੀ ਜ਼ਿੰਮੇਵਾਰੀ ਖ਼ਤਮ ਸਮਝ ਲੈਂਦੇ ਹਨ, ਹਾਲਾਂਕਿ ਇਹ ਹਾਲਤ ਸਿਰਫ਼ ਅਮੀਰਾਂ ਦੀ ਨਹੀਂ ਬਲਕਿ ਹਰ ਤਬਕੇ ਦੀ ਹੈ ਜੋ ਬੱਚਿਆਂ ਨੂੰ ਪੂਰਾ ਸਮਾਂ ਹੀ ਨਹੀਂ ਦੇ ਪਾਉਂਦੇ। ਇਸ ਕਾਰਨ ਬੱਚੇ ਦੁਨੀਆਂ ਦੀ ਚਕਾਚੌਂਧ ’ਚ ਰੁਲ ਜਾਂਦੇ ਹਨ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਛਿੰਕੇ ਟੰਗਿਆ ਜਾਂਦਾ ਹੈ।

ਸਿੱਖਿਆ ਪ੍ਰਬੰਧ ਵਿੱਚ ਸੌੜੀ ਰਾਜਨੀਤੀ ਦੇ ਦਖ਼ਲ ਨੂੰ ਵੀ ਅਨੁਸ਼ਾਸਨਹੀਣਤਾ ਦਾ ਕਾਰਨ ਮੰਨਿਆ ਜਾਂਦਾ ਹੈ। ਕਾਲਜਾਂ ਦੇ ਵਿਦਿਆਰਥੀਆਂ ਨੂੰ ਰਾਜਨੀਤਿਕ ਲੋਕਾਂ ਨੇ ਅਹੁਦੇਦਾਰੀਆਂ ਦੀ ਅਜਿਹੀ ਚਾਟ ਪਾਈ ਹੈ ਕਿ ਉਨ੍ਹਾਂ ਦਾ ਮਨ ਪੜ੍ਹਾਈ ਤੋਂ ਉਚਾਟ ਹੋ ਜਾਂਦਾ ਹੈ ਤੇ ਉਹ ਜ਼ਿਆਦਾ ਸਮਾਂ ਧਰਨਿਆਂ, ਰੈਲੀਆਂ ਵਿੱਚ ਖ਼ਰਚ ਕਰਦੇ ਹਨ। ਰਾਜਨੀਤਿਕ ਸ਼ਹਿ ਕਾਰਨ ਉਹ ਗ਼ਲਤ ਕੰਮਾਂ ਨੂੰ ਅੰਜ਼ਾਮ ਦਿੰਦੇ ਹਨ ਤੇ ਆਪਣਾ ਨਾਂਅ ਬਣਾਉਣ ਲਈ ਹਰ ਜਾਇਜ਼-ਨਾਜਾਇਜ਼ ਢੰਗ ਦੀ ਵਰਤੋਂ ਕਰਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ’ਚ ਨਹੀਂ ਆਉਣਾ ਚਾਹੀਦਾ ਕਿਉਂਕਿ ਅੱਜ ਦੇ ਨੌਜਵਾਨ, ਕੱਲ੍ਹ ਦੇ ਨੇਤਾ ਪਰ ਰਾਜਨੀਤੀ ਵਿੱਚ ਆਮਦ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਹੀ ਹੋਵੇ ਤਾਂ ਇਹ ਵਿਦਿਆਰਥੀਆਂ, ਦੇਸ਼ ਤੇ ਸਮਾਜ ਲਈ ਵੀ ਚੰਗਾ ਹੈ।

ਅਜੋਕੇ ਦੌਰ ਅੰਦਰ ਸਕੂਲਾਂ ਦੇ ਵਿਦਿਆਰਥੀ ਵੀ ਕਾਲਜਾਂ ਦੇ ਵਿਦਿਆਰਥੀਆਂ ਦੀ ਦੇਖਾ-ਦੇਖੀ ਜ਼ਿਆਦਾ ਅਨੁਸ਼ਾਸਨਹੀਣ ਹੋ ਰਹੇ ਹਨ, ਪਰ ਪਹਿਲਾਂ ਅਜਿਹਾ ਨਹੀਂ ਸੀ ਜਿਸ ਦਾ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਪਹਿਲਾਂ ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਅਧਿਆਪਕਾਂ ਦੀ ਯੋਗ ਰਹਿਨੁਮਾਈ ਤੇ ਅਗਵਾਈ ਬੱਚਿਆਂ ਦੇ ਕੋਰੇ ਮਨ ਉੱਤੇ ਡੂੰਘਾ ਪ੍ਰਭਾਵ ਛੱਡਦੀ ਸੀ ਤੇ ਰੋਜ਼ਾਨਾ ਮਿਲਦੇ ਚੰਗੇ ਵਿਚਾਰਾਂ ਦੇ ਪ੍ਰਭਾਵ ਨੂੰ ਬੱਚੇ ਦਾ ਮਨ ਗ੍ਰਹਿਣ ਕਰਦਾ ਸੀ ਜੋ 10-12 ਸਾਲਾਂ ਤੱਕ ਨਿਰੰਤਰ ਚੱਲਦਾ ਰਹਿੰਦਾ, ਇਸ ਦੇ ਉਲਟ ਅੱਜ ਸਕੂਲਾਂ ਕਾਲਜਾਂ ਵਿੱਚ ਅਜਿਹਾ ਕੁਝ ਨਹੀਂ ਵਾਪਰਦਾ। ਦੂਜੀ ਗੱਲ ਅਜੋਕੇ ਸਾਡੇ ਪੰਜਾਬੀ ਗੀਤ-ਸੰਗੀਤ ਨੇ ਫੁਕਰੇਪਣ ਅਤੇ ਹਥਿਆਰਾਂ ਦੀ ਵਰਤੋਂ ਨੂੰ ਉਪਜਾਇਆ ਹੈ।

ਦੋ-ਤਿੰਨ ਦਹਾਕੇ ਪਹਿਲਾਂ ਅਧਿਆਪਕ ਬੱਚਿਆਂ ਨੂੰ ਆਪਣੇ ਕੰਟਰੋਲ ਹੇਠ ਰੱਖਦੇ ਸਨ ਪਹਿਲਾਂ ਤਾਂ ਮਾਪੇ ਖੁਦ ਅਧਿਆਪਕਾਂ ਨੂੰ ਕਹਿ ਕੇ ਜਾਂਦੇ ਸਨ ਕਿ ਸਾਡੇ ਬੱਚਿਆਂ ਨੂੰ ਥੋੜ੍ਹਾ ਖਿੱਚ ਕੇ ਰੱਖਿਉ। ਅਜੋਕੇ ਹਾਲਾਤ ਬਿਲਕੁਲ ਉਲਟ ਹਨ। ਸਾਲ-ਛਿਮਾਹੀ ਸਕੂਲ/ਕਾਲਜਾਂ ਵਿੱਚ ਹੁੰਦੇ ਸਮਾਗਮ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਨਹੀਂ ਕਰ ਸਕਦੇ। ਅਨੁਸ਼ਾਸਨ ਹੀ ਸਵੈ-ਕਾਬੂ ਦੀ ਕਲਾ ਸਿਖਾਉਂਦਾ ਹੈ, ਜਿਸ ਦਿਨ ਲੋਕਾਂ ਨੂੰ ਅਨੁਸ਼ਾਸਨ ਦੀ ਇਸ ਕਲਾ ਦਾ ਗਿਆਨ ਹੋ ਗਿਆ, ਉਸ ਦਿਨ ਸਾਡੇ ਸਮਾਜ ਵਿੱਚ ਹੋਣ ਵਾਲੇ ਮਾੜੇ ਕੰਮਾਂ ਤੇ ਅੱਤਿਆਚਾਰਾਂ ਵਿੱਚ ਭਾਰੀ ਕਮੀ ਆ ਜਾਵੇਗੀ।
ਚੱਕ ਬਖਤੂ, ਬਠਿੰਡਾ
ਮੋ. 95173-96001
ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ