ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ

ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ

ਭਾਰਤ ਦੇਸ਼ ਨੂੰ ਮਹਾਨ ਯੋਧਿਆਂ ਦੀ ਭੂਮੀ ਕਿਹਾ ਜਾਂਦਾ ਹੈ ਸੰਸਾਰ ਦੇ ਜਾਂਬਾਜ਼ ਯੋਧਿਆਂ ਵਿੱਚ ਮਹਾਨ ਜਰਨੈਲ ਸਰਦਾਰ ਹਰੀ ਸਿੰੰਘ ਨਲੂਆ ਦਾ ਨਾਂਅ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।

ਇਸ ਅਦੁੱਤੀ ਹਸਤੀ ਦਾ ਜਨਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁੱਜਰਾਂਵਾਲੇ ਦੇ ਵਸਨੀਕ ‘ਸ਼ੁਕਰਚੱਕੀਆ ਮਿਸਲ’ ਦੇ ਕੁਮੇਦਾਨ ਸ੍ਰ. ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ 1791 ਈ. ਨੂੰ ਹੋਇਆ। ਉਹ ਸਰਦੇ-ਪੁੱਜਦੇ ਘਰ ਦਾ ਲਾਡਲਾ ਪੁੱਤਰ ਸਨ।

ਸ੍ਰ. ਗੁਰਦਿਆਲ ਸਿੰਘ ਨੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਲਈ ਘਰ ਵਿੱਚ ਹੀ ਇੱਕ ਚੰਗੇ ਵਿਦਵਾਨ ਦਾ ਪ੍ਰੰਬਧ ਕਰ ਦਿੱਤਾ। ਘਰ ਵਿੱਚ ਹੀ ਉਨ੍ਹਾਂ ਧਾਰਮਿਕ ਵਿੱਦਿਆ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ। ਫਾਰਸੀ ਦੀ ਪੜ੍ਹਾਈ ਲਈ ਇੱਕ ਮੌਲਵੀ ਵੀ ਘਰ ਹੀ ਪੜ੍ਹਾਉਣ ਆਉਂਦਾ ਸੀ।

ਉਨ੍ਹਾਂ ਕੁਦਰਤ ਦੀ ਬਖਸ਼ਿਸ਼ ਨਾਲ ਨਾਬਾਲਗ ਉਮਰੇ ਹੀ ਘੋੜਸਵਾਰੀ, ਨੇਜ਼ਾਬਾਜ਼ੀ, ਤੀਰਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਤੇਜ਼ ਜਾਹੋ-ਜਲਾਲ ਵਾਲਾ ਸ੍ਰ. ਹਰੀ ਸਿੰਘ ਨਲੂਆ ਚੜ੍ਹਦੀ ਉਮਰੇ ਹੀ ਚੰਗੇ ਕੱਦ-ਕਾਠ ਤੇ ਬੜੇ ਫੁਰਤੀਲੇ ਸਰੀਰ ਵਾਲਾ ਸੋਹਣਾ-ਸੁਨੱਖਾ ਨੌਜਵਾਨ ਬਣ ਗਿਆ।

ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਸਾਲ ਵਿੱਚ ਪੰਦਰਾਂ ਦਿਨਾਂ ਦਾ ਇੱਕ ਕੈਂਪ ਲਾਇਆ ਜਾਂਦਾ ਸੀ, ਜਿਸ ਵਿੱਚ ਨੌਜਵਾਨ ਆਪਣੇ ਸਰੀਰਕ ਅਤੇ ਜੰਗੀ ਅਭਿਆਸ ਦੇ ਕਰਤੱਵ ਵਿਖਾਉਂਦੇ ਸਨ। ਅਜਿਹੇ ਹੀ ਇੱਕ ਕੈਂਪ ਵਿੱਚ ਸਰਦਾਰ ਹਰੀ ਸਿੰਘ ਨੇ ਵੀ ਜੰਗੀ ਕਾਰਨਾਮਿਆਂ ਦੇ ਵਿਲੱਖਣ ਕਰਤੱਵ ਵਿਖਾਏ।

ਜਿਸ ਕਰਕੇ ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਇੱਕ ਖਾਸ ਰੁਤਬੇ ਉੱਪਰ ਭਰਤੀ ਕਰ ਲਿਆ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ। ਉਸ ਸਮੇਂ ਸਰਦਾਰ ਹਰੀ ਸਿੰਘ ਵੀ ਉਨ੍ਹਾਂ ਦੇ ਨਾਲ ਸੀ। ਜੰਗਲ ਵਿੱਚੋਂ ਇੱਕ ਸ਼ੇਰ ਨੇ ਸਰਦਾਰ ਹਰੀ ਸਿੰਘ ‘ਤੇ ਹਮਲਾ ਕਰ ਦਿੱਤਾ।

ਸ਼ੇਰ ਦਾ ਹਮਲਾ ਇੰਨਾ ਤੇਜ਼ ਸੀ ਕਿ ਸਰਦਾਰ ਹਰੀ ਸਿੰਘ ਨੂੰ ਮਿਆਨ ਵਿੱਚੋਂ ਤਲਵਾਰ ਕੱਢਣ ਦਾ ਮੌਕਾ ਵੀ ਨਾ ਮਿਲਿਆ। ਉਸ ਨੇ ਆਪਣੀ ਨਿੱਡਰਤਾ ਅਤੇ ਫੁਰਤੀ ਨਾਲ ਸ਼ੇਰ ਨੂੰ ਜਬਾੜਿਆਂ ਤੋਂ ਫੜ ਕੇ ਇੰਨੇ ਜ਼ੋਰ ਦੀ ਥੱਲੇ ਪਟਕਾ ਮਾਰਿਆ ਤੇ ਕਿਰਪਾਨ ਕੱਢਦਿਆਂ ਇੱਕੋ ਵਾਰ ਨਾਲ ਹੀ ਸ਼ੇਰ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ।

ਮਹਾਰਾਜਾ ਨੇ ਇਹ ਘਟਨਾ ਵੇਖ ਕੇ ਸਰਦਾਰ ਹਰੀ ਸਿੰਘ ਦੇ ਨਾਂਅ ਨਾਲ ਨਲੂਆ ਸ਼ਬਦ ਵੀ ਜੋੜ ਦਿੱਤਾ। ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਨੇ ਆਪਣੇ ਭਰੇ ਦਰਬਾਰ ‘ਚ ਖੁਸ਼ੀ ਨਾਲ ਸਰਦਾਰ ਹਰੀ ਸਿੰਘ ਨਲੂਆ ਦੇ ਸ਼ੇਰ ਮਾਰਨ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੂੰ ਅੱਠ ਸੌ ਸਿਪਾਹੀਆਂ ਦਾ ਜਥਾ ਦੇ ਕੇ ਉਨ੍ਹਾਂ ਨੂੰ ਫੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ।

ਸਰਦਾਰ ਹਰੀ ਸਿੰਘ ਨਲੂਆ ਨੇ 1807 ਈ: ਵਿੱਚ ਕਸੂਰ ਦੇ ਬਾਹਰਲੇ ਮੈਦਾਨ ਵਿੱਚ ਆਪਣੇ ਜੀਵਨ ਦੀ ਪਹਿਲੀ ਲੜਾਈ ਲੜੀ, ਜਿਸ ਵਿੱਚ ਨਵਾਬ ਕੁਤਬਦੀਨ ਖਾਨ ਦੀਆਂ ਫੌਜਾਂ ਨੂੰ ਖਾਲਸਾ ਫੌਜ ਨੇ ਇੰਨੀ ਜਬਰਦਸਤ ਟੱਕਰ ਦਿੱਤੀ ਕਿ ਨਵਾਬ ਖਾਨ ਦੀਆਂ ਫੌਜਾਂ ਆਪਣੇ ਮੋਰਚੇ ਛੱਡ ਕਸੂਰ ਦੇ ਕਿਲੇ ਵੱਲ ਭੱਜੀਆਂ।

ਭੱਜਦੀ ਹੋਈ ਫੌਜ ਦਾ ਪਿੱਛਾ ਕਰਕੇ ਸਰਦਾਰ ਹਰੀ ਸਿੰਘ ਨਲੂਆ ਦੀ ਰੇਜਮੈਂਟ ਨੇ ਦੋ ਸੈਂਕੜੇ ਤੋਂ ਵੱਧ ਗਾਜ਼ੀਆਂ ਨੂੰ ਬੰਦੀ ਬਣਾ ਕੇ ਹਥਿਆਰ ਖੋਹ ਲਏ ਤੇ ਸ਼ੇਰੇ ਪੰਜਾਬ ਮਹਾਰਾਜਾ ਅੱਗੇ ਪੇਸ਼ ਕਰ ਦਿੱਤੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਸਰਦਾਰੀ ਤੇ ਕਈ ਪਿੰਡਾਂ ਦੀ ਜਗੀਰ ਇਨਾਮ ਵਜੋਂ ਬਖਸ਼ੀ।

ਨਵਾਬ ਕੁਤਬਦੀਨ ਖਾਨ ਜਦ ਕਸੂਰ ਦੇ ਕਿਲੇ ਵਿੱਚ ਜਾ ਵੜਿਆ ਤਾਂ ਸਿੱਖ ਫੌਜ ਨੇ ਕਿਲੇ ਨੂੰ ਤੋੜਨ ਲਈ ਸਰਦਾਰ ਹਰੀ ਸਿੰਘ ਨਲੂਆ ਦੀ ਅਗਵਾਈ ਹੇਠ ਕਿਲ੍ਹੇ ਦੀਆਂ ਕੰਧਾਂ ਦੇ ਥੱਲੇ ਸੁਰੰਗਾਂ ਲਾ ਕੇ ਬਰੂਦ ਭਰ ਕੇ ਕਿਲ੍ਹੇ ਦੀਆਂ ਕੰਧਾਂ ਉਡਾ ਦਿੱਤੀਆਂ ਅਤੇ ਧਾਵਾ ਬੋਲ ਦਿੱਤਾ।

ਕਿਲ੍ਹੇ ਅੰਦਰ ਘਮਸਾਨ ਦੇ ਯੁੱਧ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਨਵਾਬ ਕੁਤਬਦੀਨ ਖਾਨ ਨੇ ਕਿਲੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਸਰਦਾਰ ਹਰੀ ਸਿੰਘ ਦੀ ਅਗਵਾਈ ਹੇਠਲੀ ਫੌਜ ਨੇ ਫੜ ਲਿਆ।

ਉਸਨੂੰ ਗ੍ਰਿਫਤਾਰ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕੀਤਾ ਗਿਆ। ਸ਼ੇਰੇ ਪੰਜਾਬ ਨੇ ਸਰਦਾਰ ਦੇ ਇਸ ਕਾਰਨਾਮੇ ਤੋਂ ਖੁਸ਼ ਹੋ ਕੇ 30 ਹਜ਼ਾਰ ਸਾਲਾਨਾ ਜਾਗੀਰ ਦੀ ਬਖਸ਼ਿਸ਼ ਕੀਤੀ। ਇਸ ਲੜਾਈ ਵਿੱਚ ਹਰੀ ਸਿੰਘ ਨਲੂਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।

1810 ਈ ‘ਚ ਮੁਲਤਾਨ ਦੀ ਜੰਗ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਜਾਨ ਦੀ ਬਾਜ਼ੀ ਲਾਉਂਦਿਆਂ ਅਦੁੱਤੀ ਨਿਰਭੈਤਾ ਅਤੇ ਸੂਰਮਗਤੀ ਦਾ ਸਬੂਤ ਵੀ ਦਿੱਤਾ। ਇਸ ਜੰਗ ਤੋਂ ਬਾਅਦ ਸ਼ੇਰੇ ਪਜਾਬ ਤੇ ਉਸ ਦੀਆਂ ਫੌਜਾਂ ਵਿੱਚ ਸ੍ਰ. ਹਰੀ ਸਿੰਘ ਨਲੂਏ ਨੂੰ ਬੜੀ ਇੱਜਤ ਨਾਲ ਵੇਖਿਆ ਜਾਣ ਲੱਗਾ।

ਇਸ ਪਿੱਛੋਂ ਮਹਾਰਾਜਾ ਨੇ 20000 ਰੁਪਏ ਸਾਲਾਨਾ ਦੀ ਜਾਗੀਰ ਤੇ ਫੌਜ ਵਿੱਚ ਉਸ ਦਾ ਰੁਤਬਾ ਵੀ ਵਧਾ ਦਿੱਤਾ। ਸੰਨ 1812 ਵਿਚ ਸ੍ਰ. ਹਰੀ ਸਿੰਘ ਨਲੂਏ ਨੇ ਆਪਣੇ ਬਾਹੂਬਲ ਅਤੇ ਦੂਰ-ਅੰਦੇਸ਼ੀ ਨਾਲ ਮਿੱਠੇ ਟਿਵਾਣੇ ਇਲਾਕੇ ‘ਤੇ ਕਬਜਾ ਕਰਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਅਟਕ ਦਾ ਇਤਿਹਾਸਕ ਕਿਲ੍ਹਾ ਦਰਿਆ ਸਿੰਧ ਦੇ ਪੱਤਣ ‘ਤੇ ਬਣਿਆ ਹੋਇਆ ਹੈ।

ਇਸ ਕਿਲ੍ਹੇ ਨੂੰ ਮਹਾਰਾਜਾ ਸ਼ੇਰੇ ਪੰਜਾਬ ਨੇ ਆਪਣੇ ਕਬਜੇ ਵਿੱਚ ਕਰਨ ਲਈ ਸ੍ਰ. ਹਰੀ ਸਿੰਘ ਨਲੂਏ ਦੀ ਚੋਣ ਕੀਤੀ। ਸ੍ਰ. ਹਰੀ ਸਿੰਘ ਨਲੂਆ ਵੱਲੋਂ ਬੜੀ ਬਹਾਦਰੀ ਨਾਲ ਸੰਨ 1813 ਵਿੱਚ ਅਫਗਾਨਾਂ ਨਾਲ ਗਹਿਗੱਚ ਲੜਾਈ ਲੜੀ ਜਾ ਰਹੀ ਸੀ ਨਲੂਏ ਦੇ ਦ੍ਰਿੜ ਇਰਾਦਿਆਂ ਨੇ ਇਹ ਜੰਗ ਜਿੱਤ ਲਈ ਤੇ ਅਟਕ ਦੇ ਕਿਲੇ ਉੱਪਰ ਖਾਲਸਾ ਰਾਜ ਦਾ ਝੰਡਾ ਝੁਲਾ ਦਿੱਤਾ।

ਮਹਾਰਾਜਾ ਸ਼ੇਰੇ ਪੰਜਾਬ ਦੇ ਹੁਕਮਾਂ ਅਨੁਸਾਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਫੌਜ ਅਤੇ ਆਪਣੇ ਨਿੱਡਰ ਇਰਾਦਿਆਂ ਨਾਲ ਕਸ਼ਮੀਰ ਨੂੰ ਆਪਣੇ ਕਬਜੇ ਵਿੱਚ ਲੈ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਸ਼ੇਰੇ ਪੰਜਾਬ ਮਹਾਰਾਜੇ ਨੇ 1820 ਈ: ਵਿੱਚ ਸ੍ਰ. ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਸਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ।

ਚੰਗੇ ਰਾਜ ਪ੍ਰਬੰਧ ਦਾ ਜਸ ਸੁਣ ਕੇ ਕਸ਼ਮੀਰ ਦੇ ਉਹ ਲੋਕ ਜੋ ਜੁਲਮਾਂ ਅਤੇ ਅੱਤਿਆਚਾਰ ਤੋਂ ਪ੍ਰੇਸ਼ਾਨ ਹੋ ਕੇ ਹੋਰ ਥਾਵਾਂ ‘ਤੇ ਵੱਸ ਗਏ ਸਨ, ਉਹ ਮੁੜ ਆਪਣੇ ਵਤਨ ਕਸ਼ਮੀਰ ਪਰਤ ਆਏ ਸਨ। ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਦੇ ਚੰਗੇ ਪ੍ਰਬੰਧਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਖੁਸ਼ ਹੋ ਕੇ ਕਸ਼ਮੀਰ ਵਿੱਚ ਸਰਦਾਰ ਹਰੀ ਸਿੰਘ ਨਲੂਆ ਨੂੰ ਆਪਣੇ ਨਾਂਅ ਦਾ ਸਿੱਕਾ ਜਾਰੀ ਕਰਨ ਦਾ ਮਹਾਨ ਅਧਿਕਾਰ ਬਖਸ਼ ਦਿੱਤਾ।

1834 ਈ: ਨੂੰ ਖਾਲਸਾ ਫੌਜ ਨੇ ਇਸ ਅਦੁੱਤੀ ਜਰਨੈਲ ਦੀ ਕਮਾਂਡ ਵਿੱਚ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ। ਪਠਾਣਾਂ ਨੇ ਖਾਲਸਾ ਫੌਜ ਦਾ ਬੜੀ ਬਹਾਦਰੀ ਨਾਲ ਲੜਦਿਆਂ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਜੋਸ਼ੀਲੇ ਜਰਨੈਲ ਦੀ ਖਾਲਸਾ ਫੌਜ ਨੇ ਪਠਾਣਾਂ ਦੇ ਮੋਰਚਿਆਂ ਨੂੰ ਤਹਿਸ-ਨਹਿਸ ਕਰ ਦਿੱਤਾ।

ਪਿਸ਼ਾਵਰ ਦਾ ਗਵਰਨਰ ਵੀ ਸਰਦਾਰ ਹਰੀ ਸਿੰਘ ਨਲੂਆ ਨੂੰ ਹੀ ਬਣਾਇਆ ਗਿਆ। ਪਠਾਣ, ਸ੍ਰ. ਨਲੂਆ ਦਾ ਨਾਂਅ ਸੁਣ ਕੇ ਕੰਬਦੇ ਸਨ। ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਆਪਣੀ ਇੱਕ ਤਕੜੀ ਅਤੇ ਜੋਸ਼ੀਲੀ ਫੌਜ ਤਿਆਰ ਕੀਤੀ। ਪਰ ਉਹ ਆਪ ਜੋਸ਼ੀਲੇ ਜਰਨੈਲ ਅੱਗੇ ਜਾਣ ਤੋਂ ਝਿਜਕਦਾ ਸੀ ਕਿਉਂਕਿ ਉਹ ਪਹਿਲਾਂ ਯੁੱਧ ਵਿੱਚ ਇਸ ਮਹਾਨ ਜਰਨੈਲ ਤੋਂ ਹਾਰ ਗਿਆ ਸੀ।

ਇਸ ਕਰਕੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੁੱਤਰ ਅਕਬਰ ਖਾਨ ਦੀ ਅਗਵਾਈ ‘ਚ 1837 ਈ: ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾਦਿਆਂ ਜਮਰੌਦ ਦੇ ਕਿਲੇ ‘ਤੇ ਹਮਲਾ ਕਰਵਾ ਦਿੱਤਾ।

ਕਿਲੇ ਵਿੱਚ ਹਾਜ਼ਰ ਖਾਲਸਾ ਫੌਜ ਨੇ ਹਮਲਾਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸਰਦਾਰ ਹਰੀ ਸਿੰਘ ਨਲੂਆ ਨੂੰ ਇਸ ਹਮਲੇ ਦੀ ਖਬਰ ਭੇਜ ਦਿੱਤੀ। ਜੰਗ ਦੇ ਤੀਜੇ ਦਿਨ ਅਫਗਾਨ ਜਮਰੌਦ ਦੇ ਕਿਲੇ ਦੇ ਨਜਦੀਕ ਹੀ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਦੀ ਯੋਜਨਾਬੰਦੀ ਵਿੱਚ ਸਨ ਤਾਂ ਮੌਕੇ ‘ਤੇ ਸ੍ਰ੍ਹ ਹਰੀ ਸਿੰਘ ਨਲੂਆ ਆਪਣੀ ਫੌਜ ਸਮੇਤ ਪਹੁੰਚ ਗਿਆ। ਜਦ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਕਿ ਜੰਗ ਵਿੱਚ ਸ੍ਰ. ਹਰੀ ਸਿੰਘ ਨਲੂਆ ਪਹੁੰਚ ਗਿਆ ਹੈ ਤਾਂ ਵੈਰੀ ਦੀ ਫੌਜ ਨੇ ਮੈਦਾਨੇ ਜੰਗ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ।

ਜੰਗ ਦੇ ਮੈਦਾਨ ਵਿੱਚੋਂ ਦੁਸਮਣਾਂ ਨੂੰ ਭਜਾ ਕੇ ਜਦ ਉਹ ਵਾਪਸ ਜਮਰੌਦ ਦੇ ਕਿਲੇ ਵੱਲ ਜਾ ਰਿਹਾ ਸੀ ਤਾਂ ਇੱਕ ਗੁਫਾ ਵਿੱਚ ਲੁਕੇ ਹੋਏ ਗਾਜੀਆਂ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਉਸਦੇ ਅੰਗ ਰੱਖਿਅਕ ਦੇ ਵੱਜੀ ਤਾਂ ਝੱਟ ਸ੍ਰ. ਹਰੀ ਸਿੰਘ ਨਲੂਆ ਨੇ ਆਪਣੇ ਘੋੜੇ ਨੂੰ ਉਸ ਗੁਫਾ ਵੱਲ ਮੋੜਿਆ ਤਾਂ ਗੁਫਾ ਵਿੱਚੋਂ ਗਾਜੀਆਂ ਨੇ ਫਿਰ ਦੋ ਗੋਲੀਆਂ ਚਲਾ ਦਿੱਤੀਆਂ ਜੋ ਸ੍ਰ. ਹਰੀ ਸਿੰਘ ਨਲੂਆ ਦੀ ਛਾਤੀ ਅਤੇ ਵੱਖੀ ਵਿੱਚ ਵੱਜੀਆਂ।

ਉਸੇ ਵਕਤ ਹੀ ਸਰਦਾਰ ਆਪਣੇ ਘੋੜੇ ਨੂੰ ਮੋੜ ਕੇ ਜਮਰੌਦ ਦੇ ਕਿਲੇ ਵਿੱਚ ਲੈ ਗਿਆ। ਕਿਲੇ ਅੰਦਰ ਮਹਾਂ ਸਿੰਘ ਨੇ ਸਰਦਾਰ ਦਾ ਇਲਾਜ ਸ਼ੁਰੂ ਕਰ ਦਿੱਤਾ। ਸ੍ਰ. ਹਰੀ ਸਿੰਘ ਨੇ ਆਪਣਾ ਅੰਤਮ ਸਮੇਂ ਨੂੰ ਨਜ਼ਦੀਕ ਵੇਖਦਿਆਂ ਖਾਲਸਾ ਰੇਜਮੈਂਟਾਂ ਦੇ ਸਰਦਾਰਾਂ ਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੱਕ ਉਨ੍ਹਾਂ ਦੀ ਸ਼ਹਾਦਤ ਦੀ ਗੱਲ ਕਿਲੇ ‘ਚੋਂ ਬਾਹਰ ਨਹੀਂ ਜਾਣੀ ਚਾਹੀਦੀ।

ਇਹ ਗੱਲ ਕਹਿ ਕੇ ਖਾਲਸਾ ਕੌਮ ਦਾ ਅੰਤੋ-ਅੰਤ ਪਿਆਰਾ ਤੇ ਮਹਾਨ ਜਰਨੈਲ ਸਿੱਖ ਰਾਜ ਦਾ ਵਿਸਥਾਰ ਕਰਦਾ ਹੋਇਆ 30 ਅਪਰੈਲ 1837 ਈ: ਨੂੰ ਸ਼ਹੀਦ ਹੋ ਗਿਆ। ਸ੍ਰ. ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ ਜਮਰੌਦ ਦੇ ਕਿਲੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਵੀ ਲੱਗਾ ਹੋਇਆ ਹੈ।
ਨਥਾਣਾ, ਬਠਿੰਡਾ
ਮੋ. 94170-79435
ਗੁਰਜੀਵਨ ਸਿੰਘ ਸਿੱਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here