(ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਹੀਦ ਲਾਲਾ ਜਗਤ ਨਾਰਾਇਣ (Lala Jagat Narayan) ਦੀ ਯਾਦ ’ਚ ਨੋਬਲ ਫਾਊਂਡੇਸ਼ਨ ਵੱਲੋਂ ਸਾਲਾਨਾ ਸਵਾਭੀਮਾਨ ਅਵਾਰਡ ਸਮਾਰੋਹ ਕਰਵਾਇਆ ਗਿਆ ਜਿਸ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਪਦਮਸ੍ਰੀ ਵਿਜੇ ਕੁਮਾਰ ਚੋਪੜਾ, ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ, ਨੋਬਲ ਫਾਊਂਡੇਸ਼ਨ ਦੇ ਸੰਸਥਾਪਕ ਰਜਿੰਦਰ ਸ਼ਰਮਾ ਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਵੀ ਮੌਜੂਦ ਸਨ।
ਰਾਜਪਾਲ ਪੁਰੋਹਿਤ ਨੇ ਕਿਹਾ ਕਿ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਲੋਕ ਆਪਣੇ ਨੇਕ ਕਾਰਜਾਂ ਰਾਹੀਂ ਮਾਨਵਤਾ ਦੀ ਸੋਭਾ ਵਧਾ ਰਹੇ ਹਨ ਜਿੰਨ੍ਹਾਂ ਦੀ ਸਾਰਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਸ਼ਹੀਦ ਲਾਲਾ ਜਗਤ ਨਾਰਾਇਣ ਨੂੰ ਸਮਾਜ ਸੇਵੀ ਦੱਸਦਿਆਂ ਕਿਹਾ ਕਿ ਪੱਤਰਕਾਰਿਤਾ ਵਿੱਚ ਵੀ ਅਮਿੱਟ ਛਾਪ ਛੱਡਦਿਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਨੌਜਵਾਨਾਂ ਨੂੰ ਇਮਾਨਦਾਰੀ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਸਾਧਾਰਣ ਜੀਵਨ ਸ਼ੈਲੀ ਅਪਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਤੰਦਰੁਸਤੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜਿਸ ਲਈ ਲੋੜ ਤੋਂ ਘੱਟ ਖਾਣਾ, ਵਧੇਰੇ ਸੈਰ ਕਰਨੀ, ਖੁੱਲ੍ਹ ਕੇ ਹੱਸਣਾ ਅਤੇ ਪਰਿਵਾਰ ਨੂੰ ਰੱਜ ਕੇ ਪਿਆਰ ਕਰਨਾ ਸ਼ਾਮਲ ਹੈ। (Lala Jagat Narayan)
ਅਖੀਰ ਵਿੱਚ, ਉਨ੍ਹਾਂ ਨੋਬਲ ਫਾਊਂਡੇਸ਼ਨ ਦੇ ਨੇਕ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਰਮਨ ਅਤੇ ਭਾਰਤ ਵਿੱਚੋਂ ਯੋਗ ਐਵਾਰਡੀਆਂ ਦੀ ਖੋਜ ਕਰਨਾ ਸਖ਼ਤ ਮਿਹਨਤਾ ਦਾ ਨਤੀਜਾ ਹੈ। ਇਸ ਮੌਕੇ ਉਨ੍ਹਾਂ ਛੋਟੀ ਉਮਰ ਦੇ ਬੱਚਿਆਂ ਨੂੰ ਸਨਮਾਨ ਤੇ ਆਸ਼ੀਰਵਾਦ ਦਿੱਤਾ ਜਿਨ੍ਹਾਂ ਆਪਣੇ ਜੀਵਨ ਵਿੱਚ ਵੱਡੀਆਂ ਪੁਲਾਂਘਾ ਪੁੱਟੀਆਂ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਰੋਪੜ ਤੋਂ ਵਿਸ਼ਵ ਰਿਕਾਰਡ ਧਾਰਕ ਮਾਊਂਟੇਨੀਅਰ ਸਾਨਵੀ ਸੂਦ ਅਤੇ ਵੱਖ-ਵੱਖ ਪੱਧਰ ’ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲਈ ਵਿਸ਼ਵ ਰਿਕਾਰਡ ਧਾਰਕ, ਬਠਿੰਡਾ ਤੋਂ ਮਾਸਟਰ ਗੀਤਾਂਸ਼ ਗੋਇਲ ਸ਼ਾਮਲ ਸਨ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਨਸ਼ਾ ਤਸਕਰ ਦੀ 33.27 ਲੱਖ ਰੁਪਏ ਦੀ ਜਾਇਦਾਦ ਜ਼ਬਤ
ਬੱਚਿਆਂ ਦੇ ਨਾਲ ਉਨ੍ਹਾਂ ਜਰਮਨ ਅਤੇ ਭਾਰਤ ਭਰ ਵਿੱਚੋਂ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀਆਂ ਸਖ਼ਸ਼ੀਅਤਾਂ ਜਿਨ੍ਹਾਂ ਵਿੱਚ ਹੈਲਗਾ ਕੇਰਨ ਬਰਗ (ਜਰਮਨੀ), ਇੰਦਰਾ ਸੁਰੇਸ਼ ਸੋਨੀ, ਆਰ.ਜੇ. ਆਰਤੀ ਮਲਹੋਤਰਾ, ਐਡਵੋਕੇਟ ਹਾਸ਼ਮੀ, ਡਾ. ਕੁੰਦਰਾਕਪਮ ਅਕੋਈਸਾਨਾ ਸਿੰਘ, ਡਾ. ਤਿਲਕ ਤੰਵਰ, ਡਾ. ਜਤਿੰਦਰ ਅਗਰਵਾਲ, ਡਾ. ਵਿਪਨ ਕੁਮਾਰ ਸ਼ਰਮਾ, ਅਹਿਮਦਗੜ੍ਹ ਤੋਂ ਅਮਿ੍ਰਤਪਾਲ ਸਿੰਘ (ਨੈਸ਼ਨਲ ਅਵਾਰਡੀ) ਨੂੰ ਵੀ ਸਵਾਭੀਮਾਨ ਅਵਾਰਡ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਨੋਬਲ ਫਾਊਂਡੇਸ਼ਨ ਵੱਲੋਂ ਲੋੜਵੰਦ, ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਕਰੀਬ 5000 ਬੱਚਿਆਂ ਨੂੰ ਸਕੂਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।