ਰਾਜਪਾਲ ਦੀ ਘੂਰੀ ਤੋਂ ਜਾਗੀ ਸਰਕਾਰ

Goverment, Governor

ਬਿਆਸ ਦਰਿਆ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਸੱਦੀ ਮੀਟਿੰਗ | Governor

  • ਬਿਆਸ ਦਰਿਆ ਮਾਮਲੇ ਵਿੱਚ ਰਾਜਪਾਲ ਵੀ.ਪੀ. ਬਦਨੌਰ ਨੇ ਮੰਗੀ ਐ ਰਿਪੋਰਟ, ਤਿਆਰ ਕਰੇਗੀ ਮੁੱਖ ਮੰਤਰੀ ਦਫ਼ਤਰ | Governor
  • ਅਮਰਿੰਦਰ ਸਿੰਘ ਦੇ ਆਉਣ ਤੱਕ ਨਹੀਂ ਲਿਆ ਜਾਵੇਗਾ ਕੋਈ ਫੈਸਲਾ, ਮੀਟਿੰਗ ਵਿੱਚ ਲਈ ਜਾਵੇਗੀ ਰਿਪੋਰਟ | Governor

ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਿਆਸ ਦਰਿਆ ਵਿੱਚ ਫੈਲਾਏ ਗਏ ਪ੍ਰਦੂਸ਼ਣ ਸਬੰਧੀ ਪਿਛਲੇ 4 ਦਿਨ ਤੋਂ ਚੁੱਪ ਵੱਟੀ ਬੈਠੀ ਪੰਜਾਬ ਸਰਕਾਰ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਘੁਰਕੀ ਤੋਂ ਬਾਅਦ ਅਚਾਨਕ ਹੀ ਜਾਗ ਗਈ ਹੈ। ਇਸ ਮਾਮਲੇ ਵਿੱਚ ਨਾ ਸਿਰਫ਼ ਸਾਰੇ ਵਿਭਾਗਾਂ ਦੇ ਅਧਿਕਾਰੀ ਜਾਂਚ ਰਿਪੋਰਟ ਤਿਆਰ ਕਰਨ ਵਿੱਚ ਜੁਟੇ ਗਏ ਹਨ, ਸਗੋਂ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਅੱਜ ਬੁੱਧਵਾਰ ਨੂੰ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਸਾਰੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਆਪਣੀ ਆਪਣੀ ਜਾਂਚ ਰਿਪੋਰਟ ਬਾਰੇ ਜਾਣਕਾਰੀ ਦੇਣਗੇ ਪਰ ਇਸ ਮਾਮਲੇ ਵਿੱਚ ਵੀਰਵਾਰ ਤੱਕ ਕੋਈ ਕਾਰਵਾਈ ਨਹੀਂ ਹੋਏਗੀ, ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਪੰਜਾਬ ਸਰਕਾਰ ਕੋਈ ਆਖ਼ਰੀ ਫੈਸਲਾ ਕਰੇਗੀ ਕਿ ਆਖ਼ਰਕਾਰ ਇਸ ਮਾਮਲੇ ਵਿੱਚ ਕਰਨਾ ਕੀ ਹੈ ?

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵਲੋਂ ਇੰਡਸਟਰੀਜ਼, ਜੰਗਲਾਤ, ਸਿੰਚਾਈ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਅਤੇ ਚੀਫ਼ ਇੰਜੀਨੀਅਰਾਂ ਨੂੰ ਮੀਟਿੰਗ ਵਿੱਚ ਹਾਜ਼ਰ ਰਹਿਣ ਲਈ ਕਿਹਾ ਹੈ ਅਤੇ ਕਿਸੇ ਵੀ ਅਧਿਕਾਰੀਆਂ ਨੂੰ ਗੈਰ ਹਾਜ਼ਰ ਨਾ ਰਹਿਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ, ਕਿਉਂਕਿ ਇਸ ਮੀਟਿੰਗ ਤੋਂ ਬਾਅਦ ਹੀ ਮੁੱਖ ਮੰਤਰੀ ਦਫ਼ਤਰ ਅਮਰਿੰਦਰ ਸਿੰਘ ਨੂੰ ਸਾਰੀ ਜਾਣਕਾਰੀ ਦੇਵੇਗਾ।

ਇਹ ਵੀ ਪੜ੍ਹੋ : ਦਿਨ ਦਿਹਾੜੇ ਸਰਕਾਰੀ ਹਸਪਤਾਲ ‘ਚੋਂ ਸਕੂਟਰੀ ਚੋਰੀ

ਮੁੱਖ ਮੰਤਰੀ ਦਫ਼ਤਰ ਇਸ ਗਲ ਦੀ ਵੀ ਜਾਣਕਾਰੀ ਲੈਣਾ ਚਾਹੁੰਦਾ ਹੈ ਕਿ ਚੱਢਾ ਸ਼ੂਗਰ ਮਿਲ ਸਬੰਧੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਸਿਰ ਕਾਰਵਾਈ ਕਰਕੇ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਫਿਰ ਨਹੀਂ। ਇਥੇ ਹੀ ਇਹ ਹਾਦਸਾ ਹੋਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਸ ਸ਼ੂਗਰ ਮਿੱਲ ਨੂੰ ਕੋਈ ਖ਼ਾਸ ਰਿਆਇਤ ਦੇਣ ਦੀ ਕੋਸ਼ਸ਼ ਤਾਂ ਨਹੀਂ ਕੀਤੀ ਜਾ ਰਹੀਂ ਹੈ, ਜਿਸ ਦੇ ਸਹਾਰੇ ਮਿੱਲ ਮਾਲਕ ਪੂਰੇ ਮਾਮਲੇ ਵਿੱਚੋਂ ਅਸਾਨੀ ਨਾਲ ਬਚ ਕੇ ਨਿਕਲ ਜਾਏ।

ਇਥੇ ਦੱਸਣ ਯੋਗ ਹੈ ਕਿ ਪਿਛਲੇ ਹਫ਼ਤੇ ਗੁਰਦਾਸ ਪੁਰ ਦੇ ਕੀੜੀ ਅਫ਼ਗਾਨਾਂ ਵਿਖੇ ਸਥਿਤ ਚੱਢਾ ਸ਼ੂਗਰ ਮਿੱਲ ਵਿੱਚੋਂ ਸੀਰਾ ਨਿਕਲਣ ਤੋਂ ਬਾਅਦ ਬਿਆਸ ਦਰਿਆ ਵਿੱਚ ਬਹਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਾ ਸਿਰਫ਼ ਬਿਆਸ ਦਰਿਆ ਦਾ ਪਾਣੀ ਦੂਸ਼ਿਤ ਹੋ ਗਿਆ ਸੀ, ਸਗੋਂ ਹਜ਼ਾਰਾਂ ਮੱਛੀਆਂ ਸਣੇ ਜੀਵ ਮਾਰੇ ਗਏ ਸਨ। ਇਸ ਨਾਲ ਇਸੇ ਦਰਿਆ ਤੋਂ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਤੱਕ ਰੋਕਣੇ ਪਏ ਸਨ, ਕਿਉਂਕਿ ਪਾਣੀ ਜ਼ਹਿਰੀਲਾ ਹੋਣ ਦੇ ਕਾਰਨ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਸੀ। ਸ਼ੁਰੂਆਤ ਵਿੱਚ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਜਿਆਦਾ ਤੇਜੀ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਸੀ ਪਰ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਜਾਂਚ ਵਿੱਚ ਤੇਜੀ ਲਿਆਉਣ ਦੇ ਨਾਲ ਹੀ ਕਾਰਵਾਈ ਵੀ ਤੇਜ਼ ਕਰ ਦਿੱਤੀ ਹੈ।