ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਸ਼ੁਰੂ ਕੀਤੇ ਗਏ ਯੁੱਧ ਨੂੰ ਸਫ਼ਲ ਬਣਾਉਂਦੇ ਹੋਏ ਇਹ ਸਰਕਾਰ ਹਰ ਹਾਲਤ ਵਿੱਚ ਨਸ਼ਿਆ ਨੂੰ ਖ਼ਤਮ ਕਰਕੇ ਹੀ ਸਾਹ ਲਏਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸ਼ਨ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ।
ਭਗਵੰਤ ਸਿੰਘ ਮਾਨ ਵਲੋਂ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਬੰਦ ਕਰਕੇ ਆਤਮ ਸਮਰਪਨ ਕਰ ਦੇਣ। ਆਮ ਲੋਕਾਂ ਨੂੰ ਇਸ ਮੁਹਿੰਮ ਦਾ ਖੁੱਲ੍ਹ ਕੇ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਮਾਜ ਵਿਰੋਧੀ ਅਜਿਹੇ ਅਨਸਰਾਂ ਸਬੰਧੀ ਬਿਨ੍ਹਾਂ ਕਿਸੇ ਦੇਰੀ ਦੇ ਸਾਹਮਣੇ ਆ ਕੇ ਸ਼ਿਕਾਇਤ ਕਰਨ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਖੇਡਾਂ, ਸਰੀਰਕ ਗਤੀਵਿਧੀਆਂ,ਸੱਭਿਆਚਾਰ ਆਦਿ ਨਾਲ ਜੋੜਿਆ ਜਾਵੇ ਤਾਂ ਜੋ ਇਸ ਸਮਾਜਿਕ ਬੁਰਾਈ ਤੋਂ ਦੂਰ ਰਹਿ ਕਿ ਉਹ ਆਪਣਾ ਜੀਵਨ ਤੰਦਰੁਸਤ ਜਿਉਣ।
ਪੰਜਾਬ ਵਿੱਚ ਨਸ਼ਾਖੋਰੀ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦੇ ਸਹੀ ਇਲਾਜ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਲਾਹੇਵੰਦ ਸਾਬਿਤ ਹੋ ਰਹੇ ਹਨ। ਪੰਜਾਬ ਵਿੱਚ ਇਲਾਜ ਦੇ ਨਾਲ ਨਾਲ ਉਨ੍ਹਾਂ ਨੂੰ ਰੋਜਗਾਰ ਦੇ ਮੌਕੇ ਦਵਾਉਣ ਲਈ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਸਿਖਲਾਈ ਦਿੱਤੀ ਜਾਵੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੰਨ੍ਹਾ ਲੋਕਾਂ ਨੇ ਨਸ਼ਾ ਵੇਚ ਕੇ ਗੈਰ ਕਾਨੂੰਨੀ ਤਰੀਕੇ ਨਾਲ ਘਰ ਜਾਂ ਹੋਰ ਜਾਇਦਾਦ ਬਣਾਈ ਹੈ, ਉਨ੍ਹਾਂ ਦੇ ਘਰ ਢਾਹੇ ਜਾਣਗੇ ਅਤੇ ਉਨ੍ਹਾਂ ਤੇ ਐਫ.ਆਰ.ਆਈ ਤੋਂ ਬਿਨਾਂ ਉਨ੍ਹਾਂ ਦੀ ਬਾਕੀ ਜਾਇਦਾਦ ਵੀ ਕਾਨੂੰਨ ਅਨੁਸਾਰ ਜਬਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਅਫਸਰ ਜਾਂ ਮੁਲਾਜਮ ਵੀ ਇਨ੍ਹਾਂ ਨਸ਼ਾ ਤਸਕਰਾਂ ਦੀ ਮਦਦ ਕਰਨਗੇ ਜਾਂ ਉਨ੍ਹਾਂ ਨੂੰ ਪਨਾਹ ਦੇਣਗੇ, ਉਨ੍ਹਾਂ ਤੇ ਵੀ ਵੱਡਾ ਐਕਸ਼ਨ ਲਿਆ ਜਾਵੇਗਾ।
ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਅਹਿਦ ਲਿਆ ਸੀ, ਉਹ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਸਮਾਜਿਕ ਲਹਿਰ ਉਸਾਰਨ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਦੁਹਰਾਇਆ ਕਿ ਜਦੋਂ ਤੱਕ ਨਸ਼ੇ ਦੇ ਤਸਕਰਾਂ ਤੇ ਨਸ਼ਿਆਂ ਨੂੰ ਰਾਜ ਵਿੱਚੋਂ ਖਤਮ ਨਹੀਂ ਕੀਤਾ ਜਾਂਦਾ ਪੰਜਾਬ ਸਰਕਾਰ ਚੈਨ ਨਾਲ ਨਹੀਂ ਬੈਠੇਗੀ।