ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕੈਬਨਿਟ ਮੀਟਿੰਗ (Cabinet Meeting) ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਸਲ ਖਰਾਬੇ ਦਾ ਮੁਆਵਜ਼ਾ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦੇਣ ਲਈ ਸਰਕਾਰ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਜਲਦੀ ਤੋਂ ਜਲਦੀ ਕਰਵਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਬੋਹਰ ’ਚ 13 ਅਪਰੈਲ ਨੂੰ ਮੁਆਵਜ਼ੇ ਦੀ ਰਾਸ਼ੀ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਬੋਹਰ ਜਾਣਗੇ ਤੇ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਾਜ਼ਾ ਰਾਸ਼ੀ ਪਹੁੰਚ ਚੁੱਕੀ ਹੋਵੇਗੀ। ਉਨ੍ਹਾਂ ਕਿਹਾ ਜਖ਼ਮ ਹੁਣ ਹੈ ਤਾਂ 13 ਅਪਰੈਲ ਨੂੰ ਮੱਲ੍ਹਮ ਲਾਈ ਜਾਵੇਗੀ।
ਬਾਕੀ ਸਾਰੇ ਜਿਲ੍ਹਿਆਂ ਵਿੱਚ ਮੁਆਵਜ਼ੇ ਦੇ ਚੈੱਕ ਵੰਡੇ ਜਾਣਗੇ। ਮੰਤਰੀਆਂ ਦੀ ਜ਼ਿਲ੍ਹਿਆਂ ਵਿੱਚ ਡਿਊਟੀ ਲਾ ਦਿੱਤੀ ਗਈ ਹੈ ਉਹ ਖੁਦ ਜਾ ਕੇ ਗਿਰਦਾਵਰੀਆਂ ਦਾ ਪਤਾ ਕਰ ਰਹੇ ਹਨ ਅਤੇ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ 2-4 ਦਿਨਾਂ ਵਿੱਚ ਗਿਰਦਾਵਰੀਆਂ ਹੋ ਜਾਣਗੀਆਂ। ਜਿਹੜੇ ਪਟਵਾਰੀਆਂ ਕੋਲ ਪਿੰਡ ਜ਼ਿਆਦਾ ਹਨ ਉੱਥੇ ਸਮਾਂ ਜ਼ਿਆਦਾ ਲੱਗ ਸਕਦਾ ਹੈ। ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਟਾਂ ਟੀਮਾਂ ਵੱਲੋਂ ਪੰਜਾਬ ’ਚ ਲਗਾਤਾਰ ਸਰਵੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। (Cabinet Meeting)
ਕੈਬਨਿਟ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਭ ਨੂੰ ਮੁਆਵਜ਼ਾ ਮਿਲੇਗਾ। ਅਸੀਂ ਕਿਤੇ ਵੀ ਗੜਬੜੀ ਨਹੀਂ ਹੋਣ ਦੇਵਾਂਗੇ। ਸੰਬੋਧਨ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਖੁਦ ਦੋ ਏਕੜ ਕਣਕ ਖ਼ਰਾਬ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ ਇਹ ਸਿਰਫ਼ ਕਿਸਾਨ ਨੂੰ ਇੱਕ ਸਹਾਰਾ ਹੈ।