ਦਰਜਾ ਚਾਰ ਤੁਰੰਤ ਭਰਤੀ ਕਰੇ ਸਰਕਾਰ
ਪਿਛਲੇ ਕਈ ਸਾਲਾਂ ਤੋਂ ਪੰਜਾਬ ’ਚ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ’ਤੇ ਵੱਡਾ ਗ੍ਰਹਿਣ ਲੱਗਾ ਹੋਇਆ ਏ। ਜਿਸ ਕਾਰਨ ਲਗਭਗ ਸਾਰੇ ਈ ਸਰਕਾਰੀ ਅਦਾਰਿਆਂ ’ਚ, ਚਪੜਾਸੀ, ਸਫਾਈ ਸੇਵਕ ਜਾਂ ਚੌਕੀਦਾਰ ਦੇ ਤੌਰ ’ਤੇ ਸਥਾਨਕ ਕਾਮਿਆਂ ਨੂੰ, ਬਹੁਤ ਈ ਘੱਟ ਉਜ਼ਰਤਾਂ ’ਤੇ ਸਬੰਧਤ ਮਹਿਕਮਿਆਂ ਦੇ ਮੁਲਾਜ਼ਮਾਂ ਵੱਲੋਂ ਈ ਆਪਣੇ ਪੱਧਰ ’ਤੇ ਆਰਜੀ ਨਿਯੁਕਤ ਕੀਤਾ ਹੋਇਆ ਏ। ਬਹੁਤ ਈ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਏ ਕਿ ਜ਼ਿਆਦਾਤਰ ਸਰਕਾਰੀ ਅਦਾਰਿਆਂ ’ਚ ਸਫਾਈ ਸੇਵਕ ਤੇ ਚਪੜਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਤੇ ਉੱਚ ਅਫਸਰਾਂ ਵੱਲੋਂ ਚੈਕਿੰਗ ਸਮੇਂ ਸੰਬੰਧਤ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਸਫਾਈ ਤੇ ਹੋਰ ਦਰਜਾ ਚਾਰ ਸਬੰਧੀ ਵਿਵਸਥਾ ਲਈ ਹੀ ਤਾੜਿਆ ਜਾਂਦਾ ਏ।
ਸਰਕਾਰੀ ਵਿਭਾਗ ਦਾ ਕੋਈ ਵੀ ਕੰਮਕਾਜ ਨੇਪਰੇ ਚਾੜ੍ਹਨ ਲਈ, ਸਰਕਾਰੀ ਸੰਪੱਤੀ ਦੀ ਸਾਂਭ-ਸੰਭਾਲ ਲਈ, ਦਰਜਾ ਚਾਰ ਸਭ ਤੋਂ ਮਹੱਤਵਪੂਰਨ ਕੜੀ ਏ। ਰੋਜ਼ਾਨਾ ਅਖਬਾਰ ਸਰਕਾਰੀ ਸੰਪੱਤੀ ਦੀਆਂ ਹੋ ਰਹੀ ਸ਼ਰੇਆਮ ਚੋਰੀਆਂ ਨਾਲ ਭਰੇ ਆ ਰਹੇ ਨੇ , ਪਰ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਉੱਕਾ ਈ ਨਹੀਂ ਪ੍ਰਤੀਤ ਹੋ ਰਿਹਾ ਏ। ਪੰਜਾਬ ਵਿੱਚ ਵੀ ਪੂਰੇ ਦੇਸ਼ ਵਾਂਗ ਬੇਰੁਜ਼ਗਾਰੀ, ਪੂਰੀ ਤਰ੍ਹਾਂ ਪੈਰ ਪਸਾਰ ਚੁੱਕੀ ਏ। ਸਾਡੇ ਸੂਬੇ ਵਿੱਚ ਵਧਦੀ ਨਸ਼ਾਖੋਰੀ ਤੇ ਅਪਰਾਧ ਦਾ ਸਭ ਤੋਂ ਵੱਡਾ ਮੂਲ ਕਾਰਨ, ਬੇਰੁਜ਼ਗਾਰੀ ਹੀ ਏ, ਪਰ ਸਰਕਾਰਾਂ ਚੁੱਪ-ਚਪੀਤੇ ਜਿਆਦਾਤਰ ਦਰਜਾ ਚਾਰ ਦੀਆਂ ਅਸਾਮੀਆਂ ਨੂੰ ਸਬੰਧਤ ਮੁਲਾਜ਼ਮ ਦੀ ਰਿਟਾਇਰਮੈਂਟ ਦੇ ਨਾਲ ਈ ਖਤਮ ਕਰਨ ਦੀਆਂ ਅਨੈਤਿਕ ਤੇ ਖਤਰਨਾਕ ਚਾਲਾਂ ਚੱਲ ਰਹੀਆਂ ਹਨ। ਜੇਕਰ ਸਾਡੇ ਸੂਬੇ ਦੇ ਸਾਰੇ ਸਰਕਾਰੀ ਅਦਾਰਿਆਂ ’ਚ ਸਾਰੀਆਂ ਖਾਲੀ ਅਸਾਮੀਆਂ ’ਤੇ ਦਰਜਾ ਚਾਰ ਮੁਲਾਜ਼ਮ ਭਰਤੀ ਕਰ ਦਿੱਤੇ ਜਾਣ ਤਾਂ ਜਿੱਥੇ ਸਰਕਾਰੀ ਕੰਮਕਾਜ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਚੱਲੇਗਾ, ਉੱਥੇ ਹੀ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪੈ ਸਕਦੀ ਹੈ।
ਸਰਕਾਰੀ ਅਦਾਰਿਆਂ ’ਚ ਜੇਕਰ ਪੱਕੇ ਦਰਜਾ ਚਾਰ ਮੁਲਾਜ਼ਮ ਨਿਯੁਕਤ ਹੋਣਗੇ ਤਾਂ ਇਨ੍ਹਾਂ ਅਦਾਰਿਆਂ ’ਚ ਚੱਲ ਰਹੀ ਭਿ੍ਰਸ਼ਟਾਚਾਰ ਦੀ ਹਨੇ੍ਰੀ ਵੀ ਜਰੂਰ ਮੱਧਮ ਪਵੇਗੀ। ਜਿਸ ਮੁਲਾਜ਼ਮ ਨੂੰ ਪੂਰੀ ਉਜਰਤ ਈ ਨਹੀਂ ਮਿਲੇਗੀ, ਉਹ ਆਪਣਾ ਘਰ ਚਲਾਉਣ ਹਿੱਤ ਜਦੋਂ ਨੈਤਿਕ-ਅਨੈਤਿਕ ਢੰਗਾਂ ਨਾਲ ਪੈਸੇ ਕਮਾਉਣ ਲਈ ਹੱਥ-ਪੈਰ ਮਾਰਦਾ ਏ ਤਾਂ ਸਿਰਫ ਉਹ ਆਪ ਈ ਭਿ੍ਰਸ਼ਟਾਚਾਰ ਨਹੀਂ ਕਰਦਾ, ਸਗੋਂ ਆਪ ਕਾਣਾ ਹੋਣ ਕਰਕੇ, ਬਾਕੀਆਂ ਦੇ ਕੀਤੇ ਭਿ੍ਰਸ਼ਟਾਚਾਰ ’ਤੇ ਪਰਦਾ ਪਾਉਣ ਦਾ ਸ਼ਰਮਨਾਕ ਕਾਰਾ ਵੀ ਅਕਸਰ ਕਰਦਾ ਹੈ। ਬਿਜਲੀ ਵਿਭਾਗ, ਕਚਹਿਰੀਆਂ ਤੇ ਪੰਜਾਬ ਦੇ ਜਿਆਦਾਤਾਰ ਪਟਵਾਰੀ ਵਰਗ ਵੱਲੋਂ ਤੇ ਹੋਰ ਵੱਖ-ਵੱਖ ਪਬਲਿਕ ਡੀਲਿੰਗ ਵਾਲੇ ਮਹਿਕਮਿਆਂ ’ਚ ਰੱਖੇ ਗਏ ਨਿੱਜੀ ਮੁਲਾਜ਼ਮ, ਇਸ ਭਿ੍ਰਸ਼ਟਾਚਾਰ ਦੇ ਪ੍ਰਤੱਖ ਤੇ ਜਿਉਂਦੇ-ਜਾਗਦੇ ਗਵਾਹ ਹਨ।
ਸਕੂਲਾਂ, ਕਾਲਜਾਂ ’ਚ ਤਾਂ ਸਥਿਤੀ ਹੋਰ ਵੀ ਖਰਾਬ ਹੈ, ਪੰਜਾਬ ਦੇ ਕਿਸੇ ਵੀ ਮਿਡਲ ਸਕੂਲ ’ਚ ਦਰਜਾ ਚਾਰ ਮੁਲਾਜ਼ਮ ਦਾ ਕੋਈ ਪ੍ਰਬੰਧ ਨਹੀਂ ਹੈ, ਜਿੱਥੇ ਸਫਾਈ ਵਿਵਸਥਾ ਰੱਬ ਆਸਰੇ ਈ ਚੱਲ ਰਹੀ ਏ, ਉੱਥੇ ਹੀ ਤੁਹਾਨੂੰ ਟੱਲੀਆਂ ਖੜਕਾਉਂਦੇ ਅਧਿਆਪਕ ਤੇ ਮਿਡ-ਡੇ-ਮੀਲ ਲਈ, ਚੱਕੀਆਂ ’ਤੇ ਪੀਹਣ ਸੁੱਟਦੇ ਵਿਦਿਆਰਥੀ, ਪਿੰਡ-ਪਿੰਡ ਨਜ਼ਰ ਆਉਣਗੇ। ਇਹੀ ਹਾਲ ਪ੍ਰਾਇਮਰੀ ਸਕੂਲਾਂ ਦਾ ਏ, ਜਦਕਿ ਵੱਡੇ ਪੱਧਰ ’ਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਵੀ ਦਰਜਾ ਚਾਰ ਮੁਲਾਜ਼ਮਾਂ ਦੀ ਘਾਟ ਏ, ਜਿਸ ਕਾਰਨ, ਮਜਬੂਰੀ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਰਜਾ ਚਾਰ ਦੇ ਸਾਰੇ ਕੰਮ ਕਰਨੇ ਪੈ ਰਹੇ ਹਨ, ਜਿਸ ਨਾਲ ਸਰਕਾਰੀ ਸਕੂਲੀ ਸਿੱਖਿਆ ਦਾ ਘਾਣ ਹੋ ਰਿਹਾ ਏ।
ਸਰਕਾਰ ਤੇ ਅਧਿਆਪਕਾਂ ਦੇ ਆਪਣੇ ਪੱਧਰ ’ਤੇ ਕੀਤੇ ਸ਼ਾਨਦਾਰ ਯਤਨਾਂ ਨਾਲ, ਪੰਜਾਬ ਦੇ ਸਾਰੇ ਈ ਸਰਕਾਰੀ ਸਕੂਲਾਂ ’ਚ ਸ਼ਾਨਦਾਰ ਮਹਿੰਗੇ ਤਕਨੀਕੀ ਸਾਧਨ ਆ ਚੁੱਕੇ ਹਨ, ਪਰ ਚੌਕੀਦਾਰਾਂ ਦੀ ਘਾਟ ਕਾਰਨ ਰੋਜ਼ਾਨਾ ਈ ਸਕੂਲਾਂ ’ਚੋਂ ਲੱਖਾਂ ਰੁਪਏ ਦਾ ਇਹ ਸਾਮਾਨ ਚੋਰੀ ਹੋ ਰਿਹਾ ਹੈ। ਬੜੀ ਹੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਕੂਲਾਂ ’ਚ ਵਿਦਿਆਰਥੀ ਹੀ ਸਵੇਰੇ-ਸਵੇਰੇ ਸਕੂਲ ਦੀ ਸਫਾਈ ਦਾ ਕੰਮ ਨਿਬੇੜਦੇ ਹਨ, ਜਿਸ ਕਾਰਨ ਇਹ ਮਾਸੂਮ ਬੱਚੇ ਸਵੇਰੇ ਈ ਮਿੱਟੀ-ਘੱਟੇ ’ਚ ਲਿੱਬੜ ਜਾਂਦੇ ਨੇ, ਜੋ ਉਹਨਾਂ ਦੀ ਪੜ੍ਹਾਈ ’ਚ ਰੁਕਾਵਟ ਪੈਦਾ ਕਰਦਾ ਹੈ।
ਹਾਲਾਂਕਿ ਪਹਿਲਾਂ ਭਰਤੀ ਪੱਕੇ ਦਰਜਾ ਚਾਰ ਮੁਲਾਜ਼ਮਾਂ ’ਚੋਂ ਜਿਆਦਾਤਰ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਹਨ ਪਰ ਇਨ੍ਹਾਂ ’ਚੋਂ ਕਈ ਮੁਲਾਜ਼ਮਾਂ ਦੀ ਲਾਪਰਵਾਹੀ ਤੇ ਕੰਮਚੋਰ ਪ੍ਰਵਿਰਤੀ ਦਾ ਜਿਕਰ ਕੀਤੇ ਬਿਨਾਂ ਵੀ ਆਹ ਲੇਖ ਅਧੂਰਾ ਰਹਿ ਜਾਵੇਗਾ। ਤੁਸੀਂ ਹੈਰਾਨ ਹੋ ਜਾਵੋਗੇ ਪੰਜਾਬ ਦੇ ਬਹੁਤ ਸਾਰੇ ਪੱਕੇ ਦਰਜਾ ਚਾਰ ਮੁਲਾਜ਼ਮਾਂ ਨੇ ਆਪਣੀ ਥਾਂ ’ਤੇ ਬਹੁਤ ਘੱਟ ਤਨਖਾਹ ’ਤੇ ਆਪ ਨਿੱਜੀ ਬੰਦੇ ਨਿਯੁਕਤ ਕਰ ਰੱਖੇ ਹਨ ਤੇ ਇਹ ਲੋਕ ਆਪ ਸਿਰਫ ਮਹੀਨੇ ਬਾਅਦ ਤਨਖਾਹ ਦਾ ਬਿੱਲ ਆਦਿ ਬਣਵਾਉਣ ਲਈ, ਸਾਬ੍ਹ ਬਣ ਕੇ ਸਰਕਾਰੀ ਅਦਾਰੇ ਦਾ ਗੇੜਾ ਮਾਰਦੇ ਹਨ, ਕਈ ਦਰਜਾ ਚਾਰ ਮੁਲਾਜ਼ਮ ਸਰਕਾਰੀ ਅਦਾਰੇ ’ਚ ਕੰਮ ਤਾਂ ਕੋਈ ਨ੍ਹੀਂ ਕਰਦੇ ਪਰ ਆਪਣੀ ਯੂਨੀਅਨ ਦੀ ਠੁੱਕ ’ਚ, ਅਧਿਕਾਰੀਆਂ ਨੂੰ ਡਰਾ ਕੇ ਆਪ ਫਰਲੋ ’ਤੇ ਰਹਿੰਦੇ ਐਸ਼ਪ੍ਰਸਤੀ ਕਰਦੇ ਹਨ, ਇਨ੍ਹਾਂ ਕਾਰਨਾਂ ਕਰਕੇ ਇਹ ਕੁਝ ਕੁ ਅਨਸਰ, ਸਮਾਜ ’ਚ ਦਰਜਾ ਚਾਰ ਮੁਲਾਜ਼ਮਾਂ ਦੀ ਸ਼ਖਸੀਅਤ ਨੂੰ ਦਾਗੀ ਕਰਦੇ ਹਨ।
ਕੋਈ ਵੀ ਅਦਾਰਾ ਇਨ੍ਹਾਂ ਸਾਥੀਆਂ ਤੋਂ ਬਿਨਾਂ ਚੱਲ ਨਹੀਂ ਨਹੀਂ ਸਕਦਾ, ਪਰ ਦਰਜਾ ਚਾਰ ਦਾ ਸਖਤ ਮਿਹਨਤ ਦਾ ਕਾਰਜ ਕਰਨ ਵਾਲੇ ਇਨ੍ਹਾਂ ਸਾਥੀਆਂ ਨੂੰ ਵੀ ਨੈਤਿਕਤਾ ਨਾਲ ਆਪਣੀ ਪੱਕੀ ਨੌਕਰੀ ’ਤੇ ਦਿਲ ਲਾ ਕੇ ਸੇਵਾ ਨਿਭਾਉਣੀ ਚਾਹੀਦੀ ਏ। ਸਫਾਈ ਸੇਵਕਾਂ ਤੇ ਹੋਰ ਦਰਜਾ ਚਾਰ ਮੁਲਾਜ਼ਮਾਂ ਦਾ ਕਾਰਜ ਬਹੁਤ ਹੀ ਔਖਾ, ਗੁੰਝਲਦਾਰ ਤੇ ਜਿੰਮੇਵਾਰੀ ਭਰਪੂਰ ਏ ਸੋ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਮੁੱਦੇ ’ਤੇ ਧਿਆਨ ਦਿੰਦੇ ਹੋਏ, ਸਾਰੇ ਹੀ ਮਹਿਕਮਿਆਂ ’ਚ ਤੁਰੰਤ ਦਰਜਾ ਚਾਰ ਦੀ ਪੱਕੀ ਭਰਤੀ ਕਰਨੀ ਚਾਹੀਦੀ ਹੈ। ਹਰੇਕ ਮਹਿਕਮੇ ਦਾ ਕੰਮਕਾਜ ਹੇਠਾਂ ਤੋਂ ਈ ਉੱਪਰ ਵੱਲ ਨੂੰ ਜਾਂਦਾ ਏ, ਸਭ ਤੋਂ ਹੇਠਲੇ ਪਾਇਦਾਨ ’ਤੇ ਬੈਠੇ ਮੁਲਾਜ਼ਮ ਨੂੰ ਈ ਜੇਕਰ ਆਪਣੇ ਉੱਚਿਤ ਤੇ ਪੱਕੇ ਰੁਜ਼ਗਾਰ ਦੀ ਚਿੰਤਾ ਰਹੇਗੀ ਤਾਂ ਇਹ ਸਬੰਧਤ ਮਹਿਕਮੇ ਦੇ ਕੰਮ ਨੂੰ ਜਰੂਰ ਪ੍ਰਭਾਵਿਤ ਕਰੇਗੀ। ਪੰਜਾਬ ਸਰਕਾਰ ਤੇ ਮੁੱਖ ਮੰਤਰੀ ਜੀ ਤੋਂ ਮੈਂ ਆਸ ਕਰਦਾ ਹਾਂ ਕਿ ਇਹ ਬਹੁਤ ਹੀ ਅਹਿਮ ਮਸਲਾ ਉਹ ਜਰੂਰ ਹੱਲ ਕਰਨਗੇ ਤੇ ਇਸ ਵਿੱਚ ਭੋਰਾ ਵੀ ਸ਼ੱਕ ਨਹੀਂ ਏ ਕਿ ਵੱਡੇ ਪੱਧਰ ’ਤੇ ਪੱਕੇ ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਕਰਨ ਨਾਲ, ਸੱਚੀ ਹੀ ਘਰ-ਘਰ ਵਿੱਚ ਗੱਲ ਚੱਲੇਗੀ ਕਿ ਪੰਜਾਬ ਸਰਕਾਰ ਵਾਕਈ ਮਸਲੇ ਹੱਲ ਕਰਦੀ ਏ।
ਅਸ਼ੋਕ ਸੋਨੀ, ਖੂਈ ਖੇੜਾ। ਫਾਜ਼ਿਲਕਾ
ਮੋ. 98727-05078
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ