ਕੋਟਕਪੂਰਾ (ਸ਼ੁਭਾਸ਼ ਸ਼ਰਮਾ)। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22-ਬੀ, ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਨਵੇਂ ਪੈਦਾ ਹੋਏ ਹਾਲਤਾਂ ਮੁਤਾਬਿਕ ਪੰਜਾਬ ਸਰਕਾਰ (Punjab Govt) ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 119 ਫੀਸਦੀ ਡੀਏ ਅਤੇ ਘੱਟੋ-ਘੱਟ 15 ਫੀਸਦੀ ਵਾਧਾ ਜੋੜ ਕੇ 1 ਜਨਵਰੀ 2016 ਤੋਂ ਤਨਖਾਹਾਂ ਅਤੇ ਪੈਨਸ਼ਨਾਂ ਸੋਧਣ ਲਈ ਆਪਸ਼ਨ ਦੇਣ ਦੀ ਮਿਤੀ ਵਿੱਚ ਵਾਧਾ ਕੀਤਾ ਜਾਵੇ ।
ਇਹ ਵੀ ਪੜ੍ਹੋ : ਖੇਤਾਂ ਵਿੱਚ ਨਹਿਰੀ ਪਾਣੀ ਲਈ ਕਿਸਾਨਾਂ ਵੱਲੋਂ ਤਿੰਨ ਦਿਨਾਂ ਮੋਰਚਾ ਸ਼ੁਰੂ
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਤੀ 5-07-21 ਦੇ ਨੋਟੀਫਿਕੇਸ਼ਨ ਅਨੁਸਾਰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮਿਤੀ:1-1-2016 ਤੋਂ ਲਾਗੂ ਕੀਤੀਆਂ ਗਈਆਂ ਸਨ। ਪੱਤਰ ਮਿਤੀ 20-09-2021 ਅਨੁਸਾਰ ਤਨਖਾਹਾਂ ਅਤੇ ਪੈਨਸ਼ਨਾਂ ਨਿਸ਼ਚਿਤ ਕਰਨ ਸਮੇਂ ਡੀ.ਏ 113 ਫੀਸਦੀ ਅਤੇ ਵਾਧਾ 15 ਫੀਸਦੀ ਜੋੜਿਆ ਗਿਆ ਸੀ । ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਿਤੀ 24-5-2023 ਨੂੰ ਜਾਰੀ ਵਖ ਵਖ ਪੱਤਰਾਂ ਅਨੁਸਾਰ ਜੁਲਾਈ 2015 ਤੋਂ ਡੀਏ 113 ਫੀਸਦੀ ਤੋਂ ਵਧਾ ਕਰਕੇ 119 ਫੀਸਦੀ ਦੇ ਦਿੱਤਾ ਹੈ ਅਤੇ ਨਾਲ ਹੀ 31-12-2015 ਤੱਕ ਦਾ ਬਕਾਇਆ ਦੇਣ ਸਬੰਧੀ ਵੀ ਆਦੇਸ਼ ਜਾਰੀ ਕੀਤੇ ਗਏ ਹਨ । (Punjab Govt)
ਪੱਤਰ ਜਾਰੀ ਕਰਨ ਦੀ ਮਿਤੀ ਤੋਂ ਤਿੰਨ ਮਹੀਨੇ ਤੱਕ ਦਾ ਸਮਾਂ ਤੈਅ ਕੀਤਾ ਜਾਵੇ
ਫੈਡਰੇਸ਼ਨ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ ਚੇਅਰਮੈਨ ਰਣਬੀਰ ਢਿੱਲੋਂ,ਐਕਟਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ , ਗੁਰਜੀਤ ਸਿੰਘ ਘੋੜੇ ਵਾਹ ਅਤੇ ਗੁਰਮੇਲ ਸਿੰਘ ਮੈਲਡੇ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਤੇ ਪ੍ਰਭਜੀਤ ਸਿੰਘ ਉੱਪਲ ਨੇ ਕਿਹਾ ਕਿ ਮਿਤੀ 31-12-2015 ਨੂੰ ਡੀ ਏ 119 ਫੀਸਦੀ ਮਿਲ ਜਾਣ ਉਪਰੰਤ ਬਹੁਤ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਤੀ 1 ਜਨਵਰੀ 2016 ਨੂੰ ਅਪਣੀ ਨਵੀਂ ਤਨਖਾਹ ਫਿਕਸ਼ੇਸਨ ਵਿੱਚ ਲਾਭ ਹੁੰਦਾ ਹੈ। ਇਸ ਲਈ ਜਥੇਬੰਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਪੰਜਾਬ ਦੇ 6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਦੇ ਹੋਏ 113 ਫੀਸਦੀ ਦੀ ਬਜਾਏ 119% ਡੀ ਏ ਜੋੜ ਕੇ ਅਤੇ ਘੱਟੋ- ਘੱਟ 15 ਫੀਸਦੀ ਅਤੇ 2.59/2.25 ਗੁਣਾਂਕ ਨਾਲ ਅਪਣੀ ਨਵੀਂ ਤਨਖਾਹ ਨਿਸ਼ਚਿਤ ਕਰਵਾਉਣ ਲਈ ਆਪਸ਼ਨ ਦੀ ਮਿਤੀ ਵਿੱਚ ਪੱਤਰ ਜਾਰੀ ਕਰਨ ਦੀ ਮਿਤੀ ਤੋਂ ਤਿੰਨ ਮਹੀਨੇ ਤੱਕ ਦਾ ਸਮਾਂ ਤੈਅ ਕੀਤਾ ਜਾਵੇ ਤਾਂ ਜੋ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਅਪਣੀ ਨਵੀਂ ਆਪਸ਼ਨ ਦੇ ਕੇ ਬਣਦਾ ਲਾਭ ਲੈ ਸਕਣ।