ਚੰਡੀਗੜ੍ਹ/ਪਟਿਆਲਾ/ਫਾਜ਼ਿਲਕਾ (ਅਸ਼ਵਨੀ ਚਾਵਲਾ/ਖੁਸ਼ਵੀਰ ਸਿੰਘ ਤੂਰ/ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ (Government Office) ਦਾ ਸਮਾਂ ਸੇਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਹੁਕਮ ਅੱਜ 2 ਮਈ ਦਿਨ ਮੰਗਲਵਾਰ ਤੋਂ ਸੂਬੇ ਭਰ ਵਿੱਚ ਲਾਗੂ ਹੋ ਗਏ। ਅੱਜ ਦਿਨ ਚੜ੍ਹਦਿਆਂ ਹੀ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਵਿੱਚ ਅਧਿਕਾਰੀ ਤੇ ਕਰਮਚਾਰੀ ਸਵੇਰੇ 7:30 ਵਜੇ ਤੋਂ ਪਹਿਲਾਂ ਹੀ ਪਹੁੰਚ ਗਏ।
ਮੁੱਖ ਮੰਤਰੀ ਸਵੇਰੇ 7:28 ਵਜੇ ਦਫ਼ਤਰ ਪੁੱਜੇ
ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 7:28 ਮਿੰਟਾਂ ’ਤੇ ਆਪਣੇ ਦਫ਼ਤਰ ਪਹੰੁਚੇ। ਉਨ੍ਹਾਂ ਦਫ਼ਤਰ ਪਹੰੁਚ ਕੇ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਮੀ ਜਿਆਦਾ ਪੈਣ ਦੇ ਆਸਾਰ ਹਨ। ਮਈ ਜੂਨ ਅਤੇ ਜੁਲਾਈ ਚ ਗਰਮੀ ਜਿਆਦਾ ਹੋਏਗੀ। ਸਵੇਰੇ ਲੋਕੀ ਜਲਦੀ ਕੰਮ ਕਰਵਾ ਕੇ ਆਪਣੇ ਕੰਮਕਾਜ ਵੀ ਜਾ ਸਕਣਗੇ। ਠੰਢੇ ਠੰਢੇ ਲੋਕੀ ਕੰਮ ਕਰਵਾ ਕੇ ਘਰ ਚਲੇ ਜਾਣਗੇ। ਵਿਦੇਸ਼ਾਂ ਚ ਵੀ ਇਹ ਹੁੰਦਾ ਹੈ। ਉਥੇ ਆਪਣੀਆਂ ਘੜੀਆਂ ਅੱਗੇ ਪਿੱਛੇ ਕਰ ਲੈਂਦੇ ਹਨ। ਸਵੇਰੇ 7:30 ਵਜੇ ਸੂਰਜ ਚੜ੍ਹ ਜਾਂਦਾ ਹੈ। ਇਹ ਜਲਦੀ ਨਹੀਂ ਹੈ। ਸਕੂਲੀ ਬੱਚਿਆਂ ਨਾਲ ਸਮਾਂ ਮਿਲਾ ਦਿੱਤਾ ਗਿਆ ਹੈ। ਬੱਚੇ ਅਤੇ ਮਾਪੇ ਇੱਕੋ ਸਮੇਂ ਸਕੂਲ ਅਤੇ ਦਫਤਰ ਜਾਣਗੇ। ਬਿਜਲੀ ਬਚਾਉਣ ਲਈ ਇਹ ਨਹੀਂ ਕੀਤਾ ਗਿਆ। ਸਾਡਾ ਮਕਸਦ ਸੂਰਜ ਲਾਈਟ ਨੂੰ ਜਿਆਦਾ ਵਰਤੋਂ ਕਰਨ ਹੈ।
ਬਿਜਲੀ ਦੀ ਬੱਚਤ ਕਰਨ ਲਈ ਲਿਆ ਫ਼ੈਸਲਾ
350 ਮੈਗਵਾਟ ਦੀ ਬੱਚਤ ਹੋਏਗੀ। ਸਰਕਾਰੀ ਦਫਤਰਾਂ ’ਚ ਫਰਕ ਪਏਗਾ। 16 ਤੋਂ 17 ਕਰੋੜ ਰੁਪਏ ਬਿਜਲੀ ਦੇ ਬਿਲ ਸਰਕਾਰੀ ਦਫਤਰਾਂ ਦੇ ਬੱਚ ਜਾਣਗੇ। ਕੁਲ 40-42 ਕਰੋੜ ਦੀ ਬੱਚਤ ਹੋਵੇਗੀ। ਪੀ ਆਵਰ ਦਾ ਫਰਕ ਪਏਗਾ। ਇੰਡਸਟਰੀਜ਼ ਤੇ ਕੋਈ ਕੱਟ ਨਹੀਂ ਲਗੇਗਾ। ਘਰੇਲੂ ਕੱਟ ਨਹੀਂ ਲੱਗੇਗਾ। ਝੋਨੇ ਲਈ ਬਿਜਲੀ ਪੂਰੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ। ਸਾਰੇ ਪਿੰਡ ਨੂੰ ਮੁਕੰਮਲ ਬਿਜਲੀ ਮਿਲੇਗੀ। 25 ਦਿਨ ਪਹਿਲਾਂ ਇਸ ਕਰਕੇ ਦੱਸਿਆ ਤਾਂ ਕਿ ਮੈਂਟਲੀ ਤਰੀਕੇ ਨਾਲ ਸਾਰੇ ਤਿਆਰ ਰਹਿਣ। ਮੈਂ ਵੀ 7:28 ਵਜੇ ਆਪਣੇ ਦਫਤਰ ’ਚ ਪੁੱਜ ਗਿਆ ਸੀ। ਉਨ੍ਹਾਂ ਕਿਹਾ ਕਿ 3-4 ਸੂਬੇ ਉਨ੍ਹਾਂ ਤੋਂ ਇਸ ਦੇ ਨਤੀਜੇ ਪੁੱਛ ਰਹੇ ਹਨ ਤਾਂ ਕਿ ਉਹ ਆਪਣੇ ਸੂਬਿਆਂ ਵਿੱਚ ਵੀ ਇਸ ਨੂੰ ਲਾਗੂ ਕਰ ਸਕਣ।
ਪੰਜ ਤੋਂ ਅੱਠ ਵਜੇ ਤੱਕ ਲੱਗਣ ਵਾਲੇ ਸੜਕਾਂ ’ਤੇ ਜਾਮ ਵੀ ਘਟਣਗੇ
ਇਸ ਨਾਲ ਟਰੈਫਿਕ ਦਾ ਵੀ ਕਾਫੀ ਫਰਕ ਪਏਗਾ। ਪ੍ਰਾਈਵੇਟ ਅਤੇ ਸਰਕਾਰੀ ਦਫਤਰਾਂ ਦਾ ਸਮਾਂ ਬਦਲਣ ਨਾਲ ਟਰੈਫਿਕ ਨੂੰ ਫਰਕ ਪਏਗਾ। ਜੇਕਰ ਲੋੜ ਪਈ ਤਾਂ 15 ਜੁਲਾਈ ਤੋਂ ਵੀ ਅਗੇ ਵਧਾਇਆ ਜਾ ਸਕਦਾ ਹੈ ਸਮਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ ਕੋਲ 35 ਦਿਨ ਦਾ ਕੋਲਾ ਪਿਆ ਹੈ। ਪਟਿਆਲ ਤੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਫਾਜ਼ਿਲਕਾ ਤੋਂ ਸ਼ਾਨੂ ਦੁੱਗਲ ਆਪਣੇ ਦਫ਼ਤਰ ਵਿੱਚ ਸਵੇਰੇ ਹੀ ਪਹੁੰਚ ਗਏ। ਉਨ੍ਹਾਂ ਨੇ ਦਫ਼ਤਰ ਪਹੰੁਚ ਕੇ ਕੰਮ ਦੀ ਸ਼ੁਰੂਆਤ ਕਰਨ ਦੀ ਵੀਡੀਓ ਵੀ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਸਵੇਰੇ 7:30 ਵਜੇ ਦਫ਼ਤਰਾਂ ਵਿੱਚ ਪਹੰੁਚ ਗਏ।
ਅੱਜ ਤੋਂ ਸਰਕਾਰੀ ਦਫਤਰ ਦਾ ਸਮਾਂ ਹੋਇਆ ਤਬਦੀਲ
ਸਾਰੇ ਸਰਕਾਰੀ ਵਿਭਾਗਾਂ ਦੇ ਦਫਤਰਾਂ ਦਾ ਪੰਜਾਬ ਸਰਕਾਰ ਵੱਲੋਂ ਖੁੱਲ੍ਹਣ ਦਾ ਸਮਾਂ ਸਵੇਰੇ 7. 30 ਤੋਂ ਦੁਪਿਹਰ 2 ਵਜੇ ਤੱਕ ਦਾ ਕਰ ਦਿੱਤਾ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ 2 ਮਈ ਤੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੇ ਬਦਲਾਅ ਦੀ ਜ਼ਿਲ੍ਹੇ ਦੇ ਸਾਰੇ ਵਿਭਾਗਾਂ/ਅਦਾਰਿਆਂ ਨੂੰ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। (Government Office) ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਖੁੱਲ੍ਹਣਗੇ।
ਸੇਵਾ ਕੇਂਦਰਾਂ ਦੇ ਸਮੇਂ ’ਚ ਕੋਈ ਬਦਲਾਅ ਨਹੀਂ, ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਖੁੱਲ੍ਹਣਗੇ : ਸਾਕਸ਼ੀ ਸਾਹਨੀ
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਣ ਜ਼ਿਲ੍ਹੇ ਦੇ ਸਮੁੱਚੇ ਪੰਜਾਬ ਸਰਕਾਰ ਦੇ ਅਦਾਰੇ 2 ਮਈ 2023 ਦਿਨ ਮੰਗਲਵਾਰ ਤੋਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਹੀ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ।
ਉਨ੍ਹਾਂ ਕਿਹਾ ਕਿ ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਦਲਿਆ ਨਵਾਂ ਸਮਾਂ ਪੰਜਾਬ ਦੇ ਸਮੂਹ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਨਵੇਂ ਸਮੇਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਦੋਹਰੇ ਕਤਲ ਕਾਂਡ ਦਾ ਮਾਮਲਾ ਸੁਲਝਾਇਆ, ਪੰਜ ਮੁਲਜ਼ਮ ਗ੍ਰਿਫਤਾਰ
ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਸਮੇਂ ਅਨੁਸਾਰ ਹੀ ਸੇਵਾਵਾਂ ਪ੍ਰਾਪਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ 5 ਤੱਕ ਖੁੱਲ੍ਹਣਗੇ, ਇਸ ਲਈ ਜ਼ਿਲ੍ਹਾ ਵਾਸੀ ਇਸ ਸਮੇਂ ਅਨੁਸਾਰ ਸੇਵਾਵਾਂ ਹਾਸਲ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ