ਵਿਧਾਨ ਸਭਾ ਸੈਸ਼ਨ ਸੱਦੇ ਸਰਕਾਰ, ਫਿਰ ਹੋਏਗੀ ਕੋਈ ਗੱਲਬਾਤ : ਰਾਜੇਵਾਲ
ਚੰਡੀਗੜ, (ਅਸ਼ਵਨੀ ਚਾਵਲਾ)। ਕਿਸਾਨਾਂ ਦੇ ਦਰਬਾਰ ਵਿੱਚ ਪੰਜਾਬ ਸਰਕਾਰ ਪੁੱਜ ਗਈ ਹੈ। ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਕੋਲ ਰੇਲ ਪਟੜੀਆਂ ਨੂੰ ਖ਼ਾਲੀ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਕਿ ਜਿਥੇ ਪੰਜਾਬ ਨੂੰ ਬਲੈਕਆਉਟ ਵਰਗੀ ਸਥਿਤੀ ਤੋਂ ਬਚਾਇਆ ਜਾ ਸਕੇ, ਉਥੇ ਹੀ ਕਿਸਾਨਾਂ ਲਈ ਡੀਏਪੀ ਖਾਦ ਪੰਜਾਬ ਪਹੁੰਚ ਸਕੇ। ਕਿਸਾਨਾਂ ਕੋਲ ਬੇਨਤੀ ਲੈ ਕੇ ਪੁੱਜੀ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੇ ਵੀ ਖਰੀਆ ਖਰੀਆ ਸੁਣਾਉਂਦੇ ਹੋਏ ਕਈ ਸੁਆਲ ਦਾਗ ਦਿੱਤੇ ਤਾਂ ਪੰਜਾਬ ਸਰਕਾਰ ਨੂੰ ਪਹਿਲਾਂ ਵਿਧਾਨ ਸਭਾ ਸੈਸ਼ਨ ਸੱਦਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਆਖਦੇ ਹੋਏ ਵਾਪਸ ਤੌਰ ਦਿੱਤਾ ਗਿਆ ਹੈ।
ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਵੀ ਕੈਬਨਿਟ ਮੀਟਿੰਗ ਤੋਂ ਬਾਅਦ ਕਿਸਾਨਾਂ ਨਾਲ ਮੁੜ ਤੋਂ ਮੀਟਿੰਗ ਕਰਨ ਦੀ ਗੱਲ ਆਖੀ ਹੈ, ਕਿਉਂਕਿ ਇਸੇ ਕੈਬਨਿਟ ਮੀਟਿੰਗ ਵਿੱਚ ਵਿਧਾਨ ਸਭਾ ਦਾ ਸੈਸ਼ਨ ਸੱਦਣ ਬਾਰੇ ਫੈਸਲਾ ਹੋ ਸਕਦਾ ਹੈ।
ਸੈਸ਼ਨ ਨਹੀਂ ਸੱਦਿਆ ਤਾਂ ਭਾਜਪਾ ਵਾਂਗ ਘੇਰੀ ਜਾਏਗੀ ਕਾਂਗਰਸ
ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਮੀਟਿੰਗ ਕਰਨ ਲਈ ਕਿਸਾਨ ਭਵਨ ਵਿਖੇ ਪੁੱਜੇ ਸਨ, ਜਿਥੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਕਿਸਾਨਾਂ ਕੋਲ ਉਹ ਰੇਲ ਪਟੜੀਆਂ ਨੂੰ ਖ਼ਾਲੀ ਕਰਨ ਸਬੰਧੀ ਆਏ ਸਨ, ਕਿਉਂਕਿ ਕਿਸਾਨਾਂ ਦਾ ਅੰਦੋਲਨ ਦੇਸ਼ ਦੀ ਭਾਜਪਾ ਸਰਕਾਰ ਨਾਲ ਹੈ, ਇਸ ਨਾਲ ਰੇਲ ਪਟੜੀਆਂ ਰੋਕਣ ਨਾਲ ਪੰਜਾਬ ਦੀ ਜਨਤਾ ਨੂੰ ਤਕਲੀਫ਼ ਹੋ ਰਹੀ ਹੈ।
ਉਨਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਪਰ ਕਲ ਨੂੰ ਦਿੱਲੀ ਵਿਖੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੈ, ਇਸ ਲਈ ਕਿਸਾਨ ਆਪਣਾ ਕੋਈ ਵੀ ਫੈਸਲਾ 14 ਦੀ ਮੀਟਿੰਗ ਤੋਂ ਬਾਅਦ ਹੀ ਕਰਨਗੇ। ਉਨਾਂ ਕਿਹਾ ਕਿ ਕਿਸਾਨਾਂ ਨਾਲ ਉਹ ਮੁੜ 15 ਅਕਤੂਬਰ ਨੂੰ ਮੀਟਿੰਗ ਕਰਨਗੇ, ਜਿਸ ‘ਚ ਗੱਲਬਾਤ ਕੀਤੀ ਜਾਏਗੀ।
ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਸਰਕਾਰ ਵਲੋਂ ਆਏ ਸਨ ਪਰ ਉਨਾਂ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ 29 ਸਤੰਬਰ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਵਾਅਦਾ ਕੀਤਾ ਗਿਆ ਸੀ ਪਰ ਅੱਜ ਇਸ ਗਲ ਨੂੰ 15 ਦਿਨ ਬੀਤ ਗਏ ਹਨ। ਸਰਕਾਰ ਵਲੋਂ ਹੁਣ ਤੱਕ ਵਿਧਾਨ ਸਭਾ ਦਾ ਸੈਸ਼ਨ ਸੱਦਣ ਬਾਰੇ ਕੋਈ ਫੈਸਲਾ ਹੀ ਨਹੀਂ ਕੀਤਾ ਗਿਆ ਹੈ, ਕਾਰਨ ਚਲਦੇ ਗੱਲਬਾਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣਾ ਵਾਅਦਾ ਪੂਰਾ ਕਰਨ, ਜਿਸ ਤੋਂ ਬਾਅਦ ਹੀ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ।
ਸੈਸ਼ਨ ਨਹੀਂ ਸੱਦਿਆ ਤਾਂ ਭਾਜਪਾ ਵਾਂਗ ਘੇਰੀ ਜਾਏਗੀ ਕਾਂਗਰਸ
ਬਲਬੀਰ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਬਾਰੇ ਕਈ ਤਰਾਂ ਦੇ ਤਰਕ ਹੁਣ ਦਿੱਤੇ ਜਾ ਰਹੇ ਹਨ ਪਰ ਕੋਈ ਵੀ ਤਰਕ ਕੀਤੇ ਬਿਨਾਂ ਵਿਧਾਨ ਸਭਾ ਦੇ ਅੰਦਰ ਕਿਸਾਨਾਂ ਨੂੰ ਬਚਾਉਣ ਲਈ ਕਾਰਵਾਈ ਕੀਤੀ ਜਾਵੇ। ਇਸ ਲਈ ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਜੇਕਰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਫੈਸਲਾ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਭਾਜਪਾ ਵਾਂਗ ਕਾਂਗਰਸ ਦੇ ਲੀਡਰਾਂ ਅਤੇ ਮੰਤਰੀਆਂ ਨੂੰ ਘੇਰਨ ਦਾ ਫੈਸਲਾ ਕਰਨਾ ਪਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.