ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਸੂਬੇ ’ਚ ਸਫ਼ਾਈ ਕਰਮਚਾਰੀਆਂ ਦਾ ਉਤਸ਼ਾਹ ਵਧਾਉਣ ਲਈ ਪ੍ਰੋਤਸ਼ਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਪੱਤਰਕਾਰਾਂ ਨਾਲ ਹੋਈ ਗੱਲਬਾਤ ’ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਸਫ਼ਾਈ ਸਰਵੇਖਣ ਰੈਂਕਿੰਗ ’ਚ ਉੱਚਤਮ 25 ਪ੍ਰਤੀਸ਼ਤ (ਸਭ ਤੋਂ ਵਧੀਆ ਪ੍ਰਦਰਸ਼ਨ) ਦੀ ਸ੍ਰੇਣੀ ’ਚ ਆਉਣ ਵਾਲੀਆਂ ਸਭਾਵਾਂ ਦੇ ਸਫ਼ਾਈ ਕਰਮਚਾਰੀਆਂ ਨੂੰ 12000 ਰੁਪਏ ਸਾਲਾਨਾ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਗਲੀ 25 ਪ੍ਰਤੀਸ਼ਤ ਦੀ ਸ੍ਰੇਣੀ ’ਚ ਆਉਣ ਵਾਲੀਆਂ ਪਾਲਿਕਾਵਾਂ ਦੇ ਸਫ਼ਾਈ ਕਰਮਚਾਰੀਆਂ ਨੂੰ 9000 ਰੁਪਏ ਸਾਲਾਨਾ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਇੱਕ ਸਾਲ ’ਚ ਹੋਏ ਸਫ਼ਾਈ ਸਰਵੇਖਣ ਦੌਰਾਨ ਸਭਾਵਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਅਗਲੇ ਵਿੱਤੀ ਵਰ੍ਹੇ ’ਚ ਦਿੱਤੀ ਜਾਣ ਵਾਲੀ ਪ੍ਰੋਤਸ਼ਾਹਨ ਦੀ ਸ੍ਰੇਣੀ ਤੈਅ ਕੀਤੀ ਜਾਵੇਗੀ। (Government)
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਤਸ਼ਾਹਨ ਰਾਸ਼ੀ ਚਾਰ ਕਿਸ਼ਤਾਂ ’ਚ ਦਿੱਤੀ ਜਾਵੇਗੀ। ਵਿੰਤੀ ਵਰ੍ਹੇ ’ਚ ਹਰੇਕ ਤਿਮਾਹੀ ਦੇ ਅੰਤ ’ਚ ਇੱਕ ਕਿਸ਼ਤ ਦਿੱਤੀ ਜਾਵੇਗੀ। ਇਸ ਨਾਲ ਸਫਾਈ ਕਰਮਚਾਰੀਆਂ ਨੂੰ ਸਾਲਾਨਾ ਲਗਭਗ 20 ਕਰੋੜ ਰੁਪਏ ਦੀ ਵਾਧੂ ਰਾਸ਼ੀ ਮਿਲੇਗੀ। ਇਨ੍ਹਾਂ ’ਚ ਨਿਯਮਿਤ ਕਰਮਚਾਰੀ, ਪਾਲਿਕਾ ਰੋਲ ਦੇ ਕਰਮਚਾਰੀ, ਆਊਟਸੋਰਸਿੰਗ ਏਜੰਸੀ ਦੇ ਕਰਮਚਾਰੀ ਆਦਿ ਸ਼ਾਮਲ ਹਨ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲ੍ਹਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸੂਚਨਾ, ਲੋਕ ਸੰਪਰਕ ਭਾਸ਼ਾ ਤੇ ਸੰਸਕ੍ਰਿਤੀ ਵਿਭਾਗ ਦੇ ਜਨਰਲ ਡਾਇਰੈਕਟਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ, ਚੀਫ਼ ਮੀਡੀਆ ਕੋਆਰਡੀਨੇਟਰ ਤੇ ਹੋਰ ਅਧਿਕਾਰੀ ਮੌਜ਼ੂਦ ਸਨ।