ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਲਾਂਭੇ ਰੱਖਣ ਲਈ ਭਗਵੰਤ ਮਾਨ ਸਰਕਾਰ ਵੱਲੋ ਸ਼ਲਾਘਾਯੋਗ ਉਪਰਾਲਾ : ਦੇਵ ਮਾਨ
- ਤਿੰਨ ਦਿਨਾਂ ਦੌਰਾਨ ਅੱਧੀ ਦਰਜਨ ਖੇਡਾਂ ’ਚ ਭਾਗ ਲੈਣਗੇ ਸਕੂਲੀ ਬੱਚੇ : ਐਸਡੀਐਮ ਕਨੂੰ ਗਰਗ
(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰੀ ਖੇਡਾਂ ਕਰਾਉਣ ਦੇ ਉਪਰਾਲੇ ਅਧੀਨ ਰਿਆਸਤੀ ਸ਼ਹਿਰ ਨਾਭਾ ਦੇ ਰਿਪੁਦਮਨ ਕਾਲਜ ਸਟੇਡਿਅਮ ਵਿਖੇ ਖੇਡਾਂ ਵਤਨ ਦੀਆਂ-2022 ਖੇਡ ਮੇਲਾ ਧੂਮਧਾਮ ਨਾਲ ਸ਼ੁਰੂ ਹੋ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਹਲਕਾ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਸਡੀਐਮ ਨਾਭਾ ਕਨੂੰ ਗਰਗ ਅਤੇ ਡੀਐਸਪੀ ਦਵਿੰਦਰ ਅੱਤਰੀ ਨੇ ਸ਼ਿਰਕਤ ਕਰਦਿਆਂ ਖੇਡ ਮੇਲੇ ਦਾ ਉਦਘਾਟਨ ਕੀਤਾ ਅਤੇ ਰੰਗ ਬਿਰੰਗੇ ਗੁਬਾਰੇ ਛੱਡ ਕੇ ਰਸਮੀ ਸ਼ੁਰੂਆਤ ਕਰਵਾਈ। ਹਲਕਾ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਖੇਡ ਮੇਲੇ ਦੌਰਾਨ ਭਾਗ ਲੈਣ ਵਾਲੀਆਂ ਸਕੂਲੀ ਬੱਚਿਆਂ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਸ਼ੁੱਭ ਇਛਾਵਾਂ ਦਿੱਤੀਆਂ।
ਇਸ ਦੌਰਾਨ ਸਕੂਲੀ ਬੱਚਿਆਂ ਦੀਆਂ ਲੜਕੀਆਂ ਅਤੇ ਲੜਕਿਆਂ ਦੇ ਵੱਖ-ਵੱਖ ਵਰਗਾਂ ’ਚ ਵੰਡ ਕੇ ਮੈਚ ਕਰਵਾਏ ਗਏ। ਸੰਬੋਧਨ ਕਰਦਿਆਂ ਹਲਕਾ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਖੇਡ ਮੇਲੇ ਦੀ ਸ਼ੁਰੂਆਤ ਕਰਾਉਣ ਨਾਲ ਸਕੂਲੀ ਬੱਚਿਆਂ ਨੂੰ ਅਜਿਹਾ ਪਲੇਟਫਾਰਮ ਉਪਲੱਬਧ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਸ਼ਰੀਰਕ ਮਜ਼ਬੂਤੀ ਨਾਲ ਖੇਡਾਂ ਪ੍ਰਤੀ ਉਨ੍ਹਾਂ ਦਾ ਆਕਰਸ਼ਣ ਵਧੇਗਾ। ਉਨ੍ਹਾਂ ਕਿਹਾ ਕਿ ਨਸ਼ੇ ’ਚ ਡੁੱਬੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਅਜਿਹੇ ਸਮਾਜ ਉਪਯੋਗੀ ਉਪਰਾਲਿਆ ਦੀ ਸਖਤ ਜਰੂਰਤ ਹੈ ਜਿਸ ਨਾਲ ਨਾ ਸਿਰਫ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਪ੍ਰੇਰਨਾ ਮਿਲੇਗੀ ਸਗੋਂ ਆਉਣ ਵਾਲੀ ਪੀੜ੍ਹੀ ਤੰਦਰੁਸਤ ਅਤੇ ਸਿਹਤਮੰਦ ਹੋ ਕੇ ਮੁੱਖ ਮੰਤਰੀ ਪੰਜਾਬ ਦੇ ਦੇਖੇ ਨਵੇ ਰੰਗਲੇ ਪੰਜਾਬ ਦੇ ਸੁਪਨੇ ਦੀ ਸਿਰਜਣਾ ’ਚ ਆਪਣਾ ਅਹਿਮ ਯੋਗਦਾਨ ਪਾ ਸਕੇਗੀ।
ਇਸ ਮੌਕੇ ਐਸਡੀਐਮ ਨਾਭਾ ਕਨੂੰ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਸਕੂਲੀ ਬੱਚਿਆਂ ਨੂੰ ਮਾਨਸਿਕ ਅਤੇ ਸ਼ਰੀਰਕ ਪੱਖੋਂ ਮਜਬੂਤ ਕਰਨ ਲਈ ਕਰਵਾਏ ਜਾ ਰਹੇ ਬਲਾਕ ਪੱਧਰੀ ਇਸ ਖੇਡ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੋਂ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਦਿਨਾਂ ਖੇਡ ਮੇਲੇ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਦੀਆਂ ਟੀਮਾਂ ਵਿਚਕਾਰ ਅੱਧੀ ਦਰਜਨ ਖੇਡਾਂ ਕਰਵਾਈਆਂ ਜਾਣਗੀਆ। ਖੇਡ ਮੇਲੇ ’ਚ ਭਾਗ ਲੈਣ ਵਾਲੇ ਸਕੂਲੀ ਬੱਚਿਆਂ ਨੇ ਕਿਹਾ ਕਿ ਪਿੰਡਾਂ ਅਤੇ ਮੁਹੱਲੇ ਪੱਧਰੀ ਖੇਡਾਂ ਲਈ ਬੱਚਿਆਂ ਕੋਲ ਸਾਧਨਾਂ ਦੀ ਕਾਫੀ ਘਾਟ ਹੈ ਜਿਸ ਲਈ ਰਵਾਇਤੀ ਸਿਆਸੀ ਪਾਰਟੀਆਂ ਤੋਂ ਹੱਟ ਕੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਸਾਨੂੰ ਕਾਫੀ ਉਮੀਦਾਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ