ਸਾਬਕਾ ਕੈਬਿਨਟ ਮੰਤਰੀ ਨੇ ਹਲਕਾ ਸਮਾਣਾ ਦੇ ਵਿਧਾਇਕ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਕਿਹਾ, 75 ਕਰੋੜ ਦੇ ਕਰਵਾਏ ਵਿਕਾਸ ਕਾਰਜ਼ ਗਿਣਾ ਦੇਵੇ ਤਾਂ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਨਹੀਂ ਲੜਾਂਗਾ

ਸਮਾਣਾ, (ਸੁਨੀਲ ਚਾਵਲਾ)। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਸਮਾਣਾ ’ਚ 75 ਕਰੋੜ ਰੁਪਏ ਦੇ ਵਿਕਾਸ ਕਾਰਜ਼ ਕਰਵਾਉਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਅੱਜ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੇਕਰ ਵਿਧਾਇਕ ਰਜਿੰਦਰ ਸਿੰਘ ਆਪਣੇ ਕਾਰਜਕਾਲ ਦੌਰਾਨ 75 ਕਰੋੜ ਰੁਪਏ ਦੇ ਸਮਾਣਾ ’ਚ ਕਰਵਾਏ ਕੰਮ ਗਿਣਾ ਦੇਵੇ ਤਾਂ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਨਹੀਂ ਲੜੇਗਾ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰਜਿੰਦਰ ਸਿੰਘ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਸਮਾਣਾ ’ਚ ਕਰਵਾਏ ਵਿਕਾਸ ਕਾਰਜਾਂ ਦੇ ਮੁਕਾਬਲੇ ਅੱਧੇ ਕੰਮ ਹੀ ਗਿਣਾ ਦੇਵੇ ਤਾਂ ਵੀ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਵਿਚੋਂ ਆਪਣੇ ਉਮੀਦਵਾਰ ਵਾਪਸ ਲੈ ਲਵੇਗਾ।

ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਦੱਸੇ ਕਿ ਉਸਨੇ ਸ਼ਹਿਰ ਵਿਚ ਕਿੰਨ੍ਹੇ ਟਿਊਬਵੈੱਲ ਲਵਾਏ ਹਨ, ਕਿਨ੍ਹੀਆਂ ਧਰਮਸ਼ਾਲਾਵਾਂ ਨੂੰ,ਮੰਦਰਾਂ ਨੂੰ ਜਾ ਗੁਰੂਦੁਆਰਾ ਸਾਹਿਬ ਨੂੰ ਗ੍ਰਾਂਟ ਦਿੱਤੀ ਹੈ। ਉਹ ਅੱਜ ਸਮਾਣਾ ਵਿਖੇ ਵਾਰਡ ਨੰਬਰ 19 ਤੋਂ ਸ਼੍ਰੋਮਣੀ ਅਕਾਲੀ ਦੱਲ ਦੇ ਉਮੀਦਵਾਰ ਰੇਣੂ ਰਾਣੀ ਦੇ ਚੋਣ ਪ੍ਰਚਾਰ ਲਈ ਵਾਰਡ ਵਿਚ ਆਏ ਹੋਏ ਸਨ।

ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਪਹਿਲਾਂ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਤੇ ਸੌਂਹਾਂ ਚੁੱਕ ਕੇ ਸੱਤਾ ਵਿਚ ਆ ਗਈ ਤੇ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਤੇ 75 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਝੂਠੇ ਦਾਅਵੇ ਕਰਕੇ ਨਗਰ ਕੌਂਸਲ ਚੋਣਾਂ ਜਿੱਤਣਾ ਚਾਹੁਦੇ ਹਨ, ਜੋ ਕਿ ਕਦੇ ਵੀ ਸਫ਼ਲ ਨਹੀਂ ਹੋਵੇਗਾ ਕਿਉਂਕਿ ਹੁਣ ਲੋਕ ਕਾਂਗਰਸੀਆਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਤੇ ਉਹ ਅਜਿਹੇ ਝੂਠੇ ਤੇ ਲਾਰੇਬਾਜ ਲੀਡਰਾਂ ਨੂੰ ਮੁੰਹ ਨਹੀਂ ਲਗਾਉਣਗੇ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ,ਵਾਡਰ ਨੰਬਰ 19 ਦੀ ਉਮੀਦਵਾਰ ਰੇਣੂੰ ਰਾਣੀ,ਰਾਣਾ ਸੇਖੋ,ਸੁਭਾਸ਼ ਗਰਗ,ਸੰਨੀ ਕੁਮਾਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.