ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News ਜੀ-20 ਸੰਮੇਲਨ ...

    ਜੀ-20 ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਢੋਲ ਦੀ ਥਾਪ `ਤੇ ਭੰਗੜਾ ਪਾਉਣ ਲਈ ਹੋਏ ਮਜ਼ਬੂਰ

    ਅੰਮ੍ਰਿਤਸਰ (ਰਾਜਨ ਮਾਨ)। ਗੁਰੂ ਨਗਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਜੀ-20 ਸੰਮੇਲਨ (G-20 summit) ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਡੈਲੀਗੇਟਸ ਜਿਥੇ ਆਪਸ ਸਿੱਖਿਆ ਖੇਤਰ ਦੀ ਹੋਰ ਬਿਹਤਰੀ ਲਈ ਵਿਚਾਰਾਂ ਕਰ ਰਹੇ ਹਨ ਓਥੇ ਉਹ ਪੰਜਾਬ ਦੀ ਮਹਿਮਾਨ ਨਿਵਾਜ਼ੀ, ਇਥੋਂ ਦੇ ਸੱਭਿਆਚਾਰ ਅਤੇ ਸਵਾਦਿਸ਼ਟ ਪਕਵਾਨਾਂ ਦਾ ਵੀ ਭਰਪੂਰ ਲੁਤਫ ਉਠਾ ਰਹੇ ਹਨ। ਬੀਤੀ ਸ਼ਾਮ ਸਥਾਨਕ ਹੋਟਲ ਰੈਡੀਸਨ ਬਲੂ ਵਿਖੇ ਦੂਜੇ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਸੈਮੀਨਾਰ ਤੋਂ ਬਾਅਦ ਹੋਟਲ ਦੇ ਵਿਹੜੇ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਓ-ਭਗਤ ਲਈ ਪੰਡਾਲ ਸਜ਼ਾਇਆ ਗਿਆ ਜਿਸ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਣ ਲਈ ਕਲਾਕਾਰਾਂ ਵੱਲੋਂ ਲੋਕ ਸਾਜ਼ਾਂ ਅਤੇ ਲੋਕ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ ਗਈ।

    ਰਿਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜ਼ੇ ਕਲਾਕਾਰਾਂ ਵੱਲੋਂ ਪੰਜਾਬੀ ਲੋਕ ਸਾਜ਼ ਤੂੰਬੀ, ਅਲਗੋਜ਼ੇ, ਸਾਰੰਗੀ, ਢੋਲ, ਨਗਾਰਾ, ਬੀਨ, ਬਾਊਂਸਰੀ, ਚਿਮਟਾ, ਬੁਗਚੂ, ਛੈਣੇ ਆਦਿ ਰਿਵਾਇਤੀ ਸਾਜ਼ਾਂ ਨਾਲ ਪੰਜਾਬੀ ਲੋਕ ਗਾਇਕੀ ਦੇ ਖੂਬਸੂਰਤ ਰੰਗ ਪੇਸ਼ ਕੀਤੇ ਗਏ। ਢੋਲ ਦੀ ਥਾਪ ਅਤੇ ਵੱਖ-ਵੱਖ ਸਾਜ਼ਾਂ ਦੀ ਮਨਮੋਹਕ ਧੁੰਨ ਨੇ ਵਿਦੇਸ਼ੀ ਮਹਿਮਾਨਾਂ ਨੂੰ ਭੰਗੜਾ ਪਾਉਣ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਕਲਾਕਾਰਾਂ ਦੇ ਨਾਲ ਭੰਗੜਾ ਅਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸੇ ਮੌਕੇ ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਪਕਵਾਨਾਂ ਦੇ ਜਾਇਕੇ ਦਾ ਅਨੰਦ ਲਿਆ। (G-20 summit)

    ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਸਵਾਦਿਸ਼ਟ ਪਕਵਾਨਾਂ ਨੇ ਵਿਦੇਸ਼ੀ ਮਹਿਮਾਨਾਂ ਦਾ ਦਿਲ ਜਿੱਤਿਆ

    ਇਸ ਮੌਕੇ ਦੱਖਣੀ ਅਫ਼ਰੀਕਾ ਦੀ ਪ੍ਰਤੀਨਿਧਤਾ ਕਰ ਰਹੇ ਐਲਫਰਡ ਮੈਕਾਗਤੋ, ਡਾਇਰੈਕਟਰ ਇੰਸਟੀਚਿਊਸ਼ਨਲ ਫੰਡਿੰਗ ਨੇ ਪੰਜਾਬ ਦੀ ਮਹਿਮਾਨ ਨਿਵਾਜ਼ੀ ਦੀ ਤਰੀਫ਼ ਕਰਦਿਆਂ ਕਿਹਾ ਕਿ ਉਸਨੇ ਪੰਜਾਬ ਅਤੇ ਪੰਜਾਬੀਆਂ ਦੀ ਖੁੱਲਦਿਲੀ ਬਾਰੇ ਬਹੁਤ ਸੁਣਿਆ ਹੋਇਆ ਸੀ ਅਤੇ ਅੱਜ ਉਸ ਨੇ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਨੂੰ ਮਾਣਿਆ ਹੈ ਅਤੇ ਇਥੋਂ ਦੇ ਅਮੀਰ ਸੱਭਿਆਚਾਰ ਨੂੰ ਅੱਖੀਂ ਦੇਖਿਆ ਹੈ। ਉਸਨੇ ਕਿਹਾ ਕਿ ਢੋਲ ਦੀ ਥਾਪ ਉਸਨੂੰ ਭੰਗੜਾ ਪਾਉਣ ਤੋਂ ਰੋਕ ਨਾ ਸਕੀ ਅਤੇ ਭੰਗੜਾ ਪਾ ਕੇ ਉਸਨੂੰ ਬਹੁਤ ਵਧੀਆ ਲੱਗਾ ਹੈ।

    ਚੀਨ ਦੀ ਰਾਜਧਾਨੀ ਬੀਜਿੰਗ ਤੋਂ ਪਹੁੰਚੇ ਡੈਲੀਗੇਟ ਡਿਊਂਗ ਯੁਆਨ, ਡਿਪਟੀ ਡੀਨ, ਗਰੈਜੈਏਟ ਸਕੂਲ ਆਫ ਐਜੂਕੇਸ਼ਨ ਨੇ ਵੀ ਪੰਜਾਬੀ ਲੋਕ ਨਾਚ ਭੰਗੜੇ ਅਤੇ ਪੰਜਾਬੀ ਖਾਣੇ ਦੀ ਸਰਹਾਨਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦੀ ਕੋਈ ਰੀਸ ਨਹੀਂ ਹੈ। ਉਸਨੇ ਕਿਹਾ ਕਿ ਉਹ ਭਾਰਤ ਅਤੇ ਪੰਜਾਬ ਪਹਿਲੀ ਵਾਰ ਆਏ ਹਨ ਅਤੇ ਇਥੋਂ ਦੇ ਵਸਨੀਕਾਂ ਦੇ ਮਿਲਾਪੜਾ ਸੁਭਾਅ ਅਤੇ ਮਹਿਮਾਨ ਨਿਵਾਜੀ ਨੇ ਉਸ ਦਿਲ ਜਿੱਤ ਲਿਆ ਹੈ।

    ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਆਈਆਂ ਦੋ ਕੁੜੀਆਂ ਗ੍ਰਿਫਤਾਰ

    ਆਬੂਧਾਬੀ ਤੋਂ ਪਹੁੰਚੀ ਡੈਲੀਗੇਟ ਹੇਂਡ-ਅਲ-ਤਇਰ, ਸਾਇੰਸ ਤੇ ਤਕਨਾਲੌਜੀ ਵਿਭਾਗ ਦੀ ਡਾਇਰੈਕਟਰ ਅਤੇ ਨਿਕਲਸ ਰਿਊਜ਼, ਸੀਨੀਅਰ ਐਜੂਕੇਸ਼ਨ ਐਡਵਾਈਜ਼ਰ, ਯੂਨੀਸੈਫ, ਨਿਊਯਾਰਕ ਨੇ ਵੀ ਢੋਲ ਦੀ ਥਾਪ `ਤੇ ਭੰਗੜਾ ਪਾਇਆ ਅਤੇ ਪੰਜਾਬ ਦੇ ਸਵਾਦਿਸ਼ਟ ਪਕਵਾਨਾਂ ਦਾ ਅਨੰਦ ਲਿਆ।

    ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ, ਮੁੰਬਈ ਦੀ ਡਾਇਰੈਕਟਰ ਤੇ ਵਾਈਸ ਚਾਂਸਲਰ ਸ੍ਰੀਮਤੀ ਸ਼ਾਲਿਨੀ ਭਾਰਤ ਨੇ ਕਿਹਾ ਕਿ ਪੰਜਾਬ ਭਾਰਤ ਦਾ ਤਾਜ ਹੈ ਅਤੇ ਇਥੋਂ ਦੇ ਲੋਕ ਅਤੇ ਸੱਭਿਆਚਾਰ ਆਪਣੀ ਵੱਖਰੀ ਪਛਾਣ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੌਰਾਨ ਅੰਮ੍ਰਿਤਸਰ ਪਹੁੰਚੇ ਦੇਸ਼-ਵਿਦੇਸ਼ ਦੇ ਡੈਲੀਗੇਟਸ ਦੀ ਮਹਿਮਾਨ ਨਿਵਾਜੀ ਲਈ ਜੋ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਨ ਉਹ ਕਾਬਲ-ਏ-ਤਰੀਫ ਹਨ। ਉਨ੍ਹਾਂ ਕਿਹਾ ਕਿ ਸਾਰੇ ਡੈਲੀਗੇਟਸ ਨੇ ਪੰਜਾਬੀਆਂ ਦੀ ਮਹਿਮਾਨ ਨਿਜਾਵੀ ਦਾ ਲੁਤਫ ਉਠਾਇਆ ਹੈ ਅਤੇ ਉਹ ਹਮੇਸ਼ਾਂ ਲਈ ਪੰਜਾਬ ਦੀਆਂ ਮਿੱਠੀਆਂ ਯਾਦਾਂ ਨਾਲ ਲੈ ਕੇ ਜਾਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here