ਜ਼ਿਲ੍ਹਾ ਪਟਿਆਲਾ ’ਚ ਪਾਣੀ ਮਚਾ ਰਿਹੈ ਕਹਿਰ, ਘੱਗਰ ਤੇ ਵੱਡੀ ਨਦੀ ਬਣੇ ਸ਼ਰਾਪ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਅੰਦਰ ਅੱਜ ਸਵੇਰ ਤੋਂ ਦੁਪਹਿਰ ਤੱਕ ਲਗਾਤਾਰ ਮੀਂਹ ਜਾਰੀ ਰਿਹਾ, ਜਿਸ ਕਾਰਨ ਸਥਿਤੀ ਹੋਰ ਵਿਗੜ ਗਈ। ਪਟਿਆਲਾ ਜ਼ਿਲ੍ਹੇ ਅੰਦਰ 140 ਐਮਐਮ ਮੀਂਹ ਦਰਜ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਪੈਦੇਂ ਘੱਗਰ ਸਮੇਤ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਖਤਰੇ ਤੋਂ ਨਿਸ਼ਾਨ ਤੋਂ ਉੱਪਰ ਚੱਲਦਾ ਹੋਇਆ ਬਾਹਰ ਉੱਛਲਦਿਆ ਤਬਾਹੀ ਮਚਾ ਰਿਹਾ ਹੈ। ਜ਼ਿਲ੍ਹੇ ਅੰਦਰ ਝੋਨੇ ਦੀ ਹਜਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ, ਜਿਸ ਕਾਰਨ ਕਿਸਾਨਾਂ ਅੰਦਰ ਆਪਣੀ ਫਸਲ ਬਰਬਾਦ ਹੋਣ ਦਾ ਧੂੜਕੂ ਬਣਿਆ ਹੋਇਆ ਹੈ। (Punjab Flood )
ਪਟਿਆਲਾ ’ਚ ਪਿਆ 140 ਐਮਐਮ ਮੀਂਹ (Punjab Flood )
ਜ਼ਿਲ੍ਹੇ ਦੇ ਹਲਕਾ ਘਨੌਰ, ਸਨੌਰ ਆਦਿ ਇਲਾਕਿਆਂ ਵਿੱਚ ਦੂਰ ਦੂਰ ਤੱਕ ਪਾਣੀ ਹੀ ਪਾਣੀ ਫਿਰ ਰਿਹਾ ਹੈ। ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਅੰਦਰ ਸਵੇਰੇ ਜੋਰਦਾਰ ਮੀਂਹ ਪਿਆ, ਜਿਸ ਕਾਰਨ ਸ਼ਹਿਰ ਦੇ ਵੱਡੀ ਗਿਣਤੀ ਹਿੱਸੇ ਜਲਥਲ ਹੋ ਗਏ। ਮੀਂਹ ਪੈਣ ਕਾਰਨ ਅਤੇ ਪਿੱਛੋਂ ਪਾਣੀ ਆਉਣ ਕਰਕੇ ਪਿੰਡ ਸਰਾਲਾ ਕਲਾਂ ਕੋਲੋਂ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 4 ਫੁੱਟ ਉੱਪਰ ਚੱਲ ਰਿਹਾ ਹੈ। ਕੱਲ ਇੱਥੇ ਪਾਣੀ ਦਾ ਪੱਧਰ 14 ਫੁੱਟ ਦੇ ਨੇੜੇ ਸੀ।
ਇੱਥੇ ਖਤਰੇ ਦਾ ਨਿਸ਼ਾਨ 16 ਫੁੱਟ ਤੇ ਹੈ ਜਦਕਿ ਅੱਜ ਘੱਗਰ ਅੰਦਰ ਪਾਣੀ ਦਾ ਪੱਧਰ 20 ਫੁੱਟ ਤੇ ਪੁੱਜ ਗਿਆ ਹੈ। ਪਿਛੋਂ ਲਗਾਤਾਰ ਪਾਣੀ ਆਉਣ ਕਰਕੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ ਇਹ ਹਲਕਾ ਘਨੌਰ ਅਤੇ ਸਨੌਰ ਦੇ ਦੇਵੀਗੜ੍ਹ, ਭੁਨਰਹੇੜੀ ਆਦਿ ਇਲਾਕਿਆਂ ਵਿੱਚ ਕਹਿਰ ਮਚਾ ਰਿਹਾ ਹੈ। ਦੇਵੀਗੜ੍ਹ ਦੇ ਲਗਭਗ 48 ਪਿੰਡਾਂ ਦਾ ਦੇਵੀਗੜ੍ਹ ਨਾਲੋਂ ਸੰਪਰਕ ਟੁੱਟ ਗਿਆ ਹੈ ਕਿਉਂਕਿ ਇੱਕੇ ਬਣੀਆਂ ਸਾਈਫਨਾਂ ਤੇ ਕਈ ਫੁੱਟ ਫੁੱਟ ਪਾਣੀ ਭਰ ਗਿਆ ਹੈ ਅਤੇ ਸੜਕਾਂ ਅਲੋਪ ਹੋ ਗਈਆਂ ਹਨ। ਪਟਿਆਲਾ ਸ਼ਹਿਰ ਨੇੜੇ ਗੁਜ਼ਰਨ ਵਾਲੀ ਵੱਡੀ ਨਦੀ 4 ਫੁੱਟ ਤੋਂ ਜਿਆਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀ ਹੈ। (Punjab Flood )
ਇੱਥੇ ਖਤਰੇ ਦਾ ਨਿਸ਼ਾਨ 12 ਫੁੱਟ ਤੇ ਹੈ ਜਦ ਕਿ ਇਥੇ ਪਾਣੀ ਦਾ ਪੱਧਰ 16.2 ਫੁੱਟ ਤੇ ਪੁੱਜ ਗਿਆ ਹੈ। ਪਾਣੀ ਵੱਧਣ ਕਾਰਨ ਹੀ ਇਹ ਨਦੀ ਓਵਰ ਫਲੋਂ ਹੋਕੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਨੂੰ ਪਾਣੀ ਨਾਲ ਭਰ ਰਹੀ ਹੈ। ਇਸੇ ਤਰ੍ਹਾਂ ਹੀ ਢਕਾਨਸੂ ਨਾਲਾ, ਟਾਂਗਰੀ ਨਦੀ, ਪੱਚੀ ਦਰਾਂ ਆਦਿ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਆਲੇ ਦੁਆਲੇ ਦੇ ਖੇਤਾਂ ਵਿੱਚ ਤਬਾਹੀ ਮਚਾ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰੇਰਨਾਦਾਇਕ : ਮਿਹਨਤ ਤੋਂ ਟਾਲਾ ਵੱਟਣ ਵਾਲਿਆਂ ਲਈ ਰਾਹ ਦਸੇਰਾ ਬਣਿਆ ਨੇਤਰਹੀਣ ਬਜ਼ੁਰਗ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਪਾਣੀ ਵਾਲੀਆਂ ਥਾਵਾਂ ਤੇ ਨਾ ਜਾਣ ਅਤੇ ਆਪਣਾ ਖਿਆਲ ਰੱਖਣ। ਹਲਕਾ ਘਨੌਰ, ਸਨੌਰ ਅਤੇ ਪਟਿਆਲਾ ਦਿਹਾਤੀ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਹਿੰਗੇ ਭਾਅ ਦੀ ਲੇਵਰ, ਪਨੀਰੀਆਂ ਆਦਿ ਬੀਜ਼ ਕੇ ਆਪਣਾ ਝੋਨਾ ਲਗਾਇਆ ਸੀ ਅਤੇ ਇਸ ਵਿੱਚ ਖਾਦ ਆਦਿ ਦੇ ਖਰਚਾ ਕੀਤਾ ਗਿਆ ਸੀ, ਪਰ ਇਹ ਸਾਰਾ ਲਗਭਗ ਖਤਮ ਹੋਣ ਕਿਨਾਰੇ ਹੈ।
ਇਸ ਲਈ ਸਰਕਾਰ ਉਨਾਂ ਨੂੰ ਮੁਅਵਾਜ਼ਾ ਅਦਾ ਕਰੇ। ਇੱਧਰ ਪਟਿਆਲਾ ਜ਼ਿਲ੍ਹੇ ਦੇ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਸਮਾਣਾ ਅਤੇ ਨਾਭਾ ਦਾ ਏਰੀਆਂ ਛੱਡ ਕੇ ਬਾਕੀ ਜ਼ਿਲ੍ਹੇ ਦੇ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਦੋਂ ਤਿੰਨ ਦਿਨਾਂ ਬਾਅਦ ਪਾਣੀ ਦੇ ਉੱਤਰਨ ਤੋਂ ਬਾਅਦ ਖਰਾਬ ਦੀ ਰਿੋਪਰਟ ਆਦਿ ਤਿਆਰ ਕੀਤੀ ਜਾਵੇਗੀ।
ਨਰਵਾਨਾ ਬ੍ਰਾਂਚ ਨਹਿਰ ’ਚ ਪਿਆ ਪਾੜ
ਘਨੌਰ ਹਲਕੇ ਅੰਦਰ ਲੱਘਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਅੱਜ ਸਵੇਰੇ ਪਾੜ ਗਿਆ, ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਪਾੜ ਨੂੰ ਕੁਝ ਸਮੇਂ ਬਾਅਦ ਪੂਰ ਦਿੱਤਾ ਗਿਆ, ਜਿਸ ਨਾਲ ਕਿ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ। ਪਾਣੀ ਜਿਆਦਾ ਹੋਣ ਕਾਰਨ ਇਸ ਨਹਿਰ ਦੇ ਕਿਨਾਰੇ ਉੱਛਲ ਰਹੇ ਹਨ।
ਰਾਜਪੁਰਾ ਥਰਮਲ ਪਲਾਂਟ ’ਚ ਪਾਣੀ ਵੜਿਆ
ਇੱਧਰ ਕੱਲ੍ਹ ਸ਼ਾਮ ਨੂੰ ਰਾਜਪੁਰਾ ਥਰਮਲ ਪਲਾਂਟ ਅੰਦਰ ਵੀ ਪਿੰਡ ਧੁੰਮਾ ਕੋਲੋ ਲੰਘਦੇ ਚੋਅ ਦਾ ਪਾਣੀ ਵੜ੍ਹ ਗਿਆ, ਜਿਸ ਕਾਰਨ ਇਸ ਥਰਮਲ ਪਲਾਂਟ ਦੇ ਬੰਦ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਸੀ। ਇਸ ਦੌਰਾਨ ਇਸ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰਨਾ ਪਿਆ। ਅੱਜ ਇੱਥੇ ਪਾਣੀ ਵਿੱਚ ਗਿਰਾਵਟ ਆਈ ਹੈ। ਰਾਜੁਪਰਾ ਥਰਮਲ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ ਰਾਤ ਨੂੰ ਕਾਫ਼ੀ ਯਤਨਾਂ ਤੋਂ ਇੱਥੋਂ ਪਾਣੀ ਕੱਢਣ ਦੀ ਕੋਸ਼ਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਹਾਲਾਤ ਕੁਝ ਬਿਹਤਰ ਹਨ ਅਤੇ ਪਲਾਂਟ ਨੂੰ ਜਾਂਦੀ ਸੜਕ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ।
ਪਾਣੀ ’ਚ ਫਸੇ ਮਰੀਜ਼ਾਂ ਤੇ ਵਿਦਿਆਰਥੀਆਂ ਨੂੰ ਐਨਡੀਆਰਐਫ ਤੇ ਫੌਜ ਦੇ ਜਵਾਨਾਂ ਨੇ ਬਾਹਰ ਕੱਢਿਆ (Punjab Flood )
ਰਾਜਪੁਰਾ ਚੰਡੀਗੜ੍ਹ ਰੋਡ ’ਤੇ ਪੈਂਦੇ ਨੀਲਮ ਹਸਪਤਾਲ ’ਚ ਮਰੀਜ਼ਾਂ ਤੇ ਚਿਤਕਾਰਾ ਯੂਨੀਵਰਸਿਟੀ ਵਿੱਚ ਪਾਣੀ ਭਰਨ ਕਾਰਨ ਫਸੇ ਵਿਦਿਆਰਥੀਆਂ ਦੀ ਐਨਡੀਆਰਐਫ ਅਤੇ ਮਿਲਟਰੀ ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਜਾਨ ਬਚਾਈ। ਨਹਿਰ ਦੇ ਟੁੱਟਣ ਕਾਰਨ ਅਤੇ 25 ਦਰਾ ਓਵਰ ਫਲੋ ਹੋਣ ਦੇ ਕਾਰਨ ਰਾਜਪੁਰਾ ਅੰਬਾਲਾ ਰੋਡ ’ਤੇ ਪੈਂਦੇ ਪਿੰਡਾਂ ਵਿੱਚ ਪਾਣੀ ਭਰ ਗਿਆ ਅਤੇ ਰਾਜਪੁਰਾ ਅੰਬਾਲਾ ਰੋਡ ’ਤੇ ਪੈਂਦੀ ਕੁਆਰਕ ਸਿਟੀ ਵਿਚ ਫਸੇ 70 ਲੋਕਾਂ ਨੂੰ ਐਨਡੀਆਰਐਫ ਦੇ ਜਵਾਨਾਂ ਨੇ ਕਿਸ਼ਤੀ ਰਾਹਾਂ ਲਿਜਾ ਕੇ ਬਾਹਰ ਕੱਢਿਆ।
ਵਿਧਾਇਕ ਲਖਵੀਰ ਰਾਏ ਨੇ ਟਰੈਕਟਰ ਰਾਹੀਂ ਪਾਣੀ ਕਾਰਨ ਘਰਾਂ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ (Punjab Flood )
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤਾਂ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਹਲਕਾ ਵਿਧਾਇਕ ਲਖਵੀਰ ਰਾਏ ਅੱਗੇ ਆਏ ਹਨ ਉਨ੍ਹਾਂ ਟਰੈਕਟਰ ਟਰਾਲੀ ਰਾਹੀਂ ਪਾਣੀ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੰੁਚੇ ਰਹੇ ਹਨ ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਬਚਾਅ ਕਾਰਜਾਂ ਤਹਿਤ ਪਿੰਡ ਅੱਤੇਵਾਲੀ ਵਿਚੋਂ 40, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚੋਂ 70 ਵਿਦਿਆਰਥੀਆਂ ਤੇ 13 ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।