ਰੱਖੜੀ ਦੇ ਤਿਉਹਾਰ ਮੌਕੇ ਪੀਆਰਟੀਸੀ ਦੀ ਆਮਦਨ 5.13 ਕਰੋੜ ‘ਤੇ ਪੁੱਜੀ
- ਪੀਆਰਟੀਸੀ ਅੰਦਰ ਖੁਸ਼ੀ ਦੀ ਲਹਿਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਰੱਖੜੀ ਦੇ ਤਿਉਹਾਰ ਨੇ ਪੀਆਰਟੀਸੀ ਦੇ ਖਜ਼ਾਨੇ ਭਰ ਦਿੱਤੇ ਹਨ। ਇਸ ਤਿਉਹਾਰ ਦੇ ਦਿਨਾਂ ‘ਚ ਪੀਆਰਟੀਸੀ ਦੀ ਆਮਦਨ 5.13 ਕਰੋੜ ‘ਤੇ ਪੁੱਜ ਗਈ ਹੈ। ਉਂਜ ਆਮ ਦਿਨਾਂ ਵਿੱਚ ਵੀ ਪੀਆਰਟੀਸੀ ਦੀ ਆਮਦਨ ਵਿੱਚ ਵਾਧਾ ਹੋਣ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਵਾਰ ਪੀਆਰਟੀਸੀ ਲਈ ਰੱਖੜੀ ਦਾ ਤਿਉਹਾਰ ਸਭ ਤੋਂ ਵੱਧ ਫਾਇਦੇ ਵਾਲਾ ਸਾਬਤ ਹੋਇਆ ਹੈ। ਇਸ ਤਿਉਹਾਰ ਦੇ ਤਿੰਨ ਦਿਨਾਂ ਅੰਦਰ ਹੀ ਪੀਆਰਟੀਸੀ ਨੂੰ 5.13 ਕਰੋੜ ਦੀ ਆਮਦਨ ਹੋਈ ਹੈ।
ਜੋ ਕਿ ਇੱਕ ਰਿਕਾਰਡ ਹੈ। ਜੇਕਰ ਪੀਆਰਟੀਸੀ ਦੇ ਪਿਛਲੇ ਤਿੰਨ ਸਾਲਾ ਦਾ ਲੇਖਾ-ਜੋਖਾ ਦੇਖਿਆ ਜਾਵੇ ਤਾਂ ਸਾਲ 2015 ਵਿੱਚ ਰੱਖੜੀ ਦੇ ਤਿਉਹਾਰ ਮੌਕੇ ਤਿੰਨ ਦਿਨਾਂ ਦੀ ਰੂਟ ਆਮਦਨ 3.34 ਕਰੋੜ ਰੁਪਏ ਹੋਈ ਸੀ ਜਦਕਿ ਸਾਲ 2016 ਵਿੱਚ ਇਸ ਤਿਉਹਾਰ ਮੌਕੇ ਰੂਟ ਆਮਦਨ 3.95 ਕਰੋੜ ਰੁਪਏ ਤੱਕ ਪੁੱਜ ਗਈ ਸੀ। ਇਸ ਤੋਂ ਇਲਾਵਾ ਸਾਲ 2017 ਵਿੱਚ ਇਹ ਆਮਦਨ ਵਧ ਕੇ 4.64 ਕਰੋੜ ਰੁਪਏ ਤੱਕ ਜਾ ਪੁੱਜੀ ਸੀ, ਪਰ ਇਸ ਵਾਰ ਰੱਖੜੀ ਦੇ ਤਿਉਹਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। (PRTC)
ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ 24, 25 ਅਤੇ 26 ਅਗਸਤ ਦੇ ਤਿੰਨ ਦਿਨਾਂ ਦੇ ਰੂਟ ‘ਚ ਹੀ 5.13 ਕਰੋੜ ਰੁਪਏ ਦੀ ਆਮਦਨ ਪੀਆਰਟੀਸੀ ਨੂੰ ਹੋਈ ਹੈ। ਇੱਥੇ ਖਾਸ ਜ਼ਿਕਰਯੋਗ ਹੈ ਕਿ ਰੱਖੜੀ ਵਾਲੇ ਦਿਨ ਇੱਕ ਦਿਨ ਦੀ ਕਮਾਈ ਰੂਟ ਰਸੀਟ 1.94 ਕਰੋੜ ਰੁਪਏ ‘ਤੇ ਪੁੱਜ ਗਈ ਸੀ, ਜੋ ਕਿ ਆਪਣੇ ਆਪ ਵਿੱਚ ਮਿਸਾਲ ਹੈ। ਉਂਜ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਪੀਆਰਟੀਸੀ ਦੇ ਮੁੜ ਸਾਹ ਪੈਣ ਲੱਗੇ ਹਨ ਅਤੇ ਪੀਆਰਟੀਸੀ ਵੱਲੋਂ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਵੀ ਵੱਡੀ ਰਾਹਤ ਪਾ ਲਈ ਗਈ ਹੈ। ਪੀਆਰਟੀਸੀ ਨੇ ਆਪਣੇ ਬੇੜੇ ਵਿੱਚ ਸੈਕੜੇ ਬੱਸਾਂ ਦਾ ਵੀ ਵਾਧਾ ਕਰ ਲਿਆ ਹੈ ਅਤੇ ਰੋਜਾਨਾਂ ਚੈਕਿੰਗ ਵੀ ਵੱਡੇ ਪੱਧਰ ਤੇ ਹੋ ਰਹੀ ਹੈ, ਜਿਸ ਕਾਰਨ ਪੀਆਰਟੀਸੀ ਦੀ ਆਮਦਨ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। (PRTC)
ਇਹ ਸਭ ਸਟਾਫ਼ ਦੀ ਮਿਹਨਤ ਦਾ ਨਤੀਜ਼ਾ : ਕੇ. ਕੇ. ਸ਼ਰਮਾ | PRTC
ਇਸ ਦੀ ਪੁਸ਼ਟੀ ਕਰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਸਭ ਸਟਾਫ਼ ਦੀ ਕੀਤੀ ਸਖ਼ਤ ਮਿਹਨਤ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੇ ਇਤਿਹਾਸ ਵਿੱਚ ਪਹਿਲਾਂ ਐਨੀ ਆਮਦਨ ਕਦੇ ਨਹੀਂ ਹੋਈ। ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਨਵੀਆਂ ਪ੍ਰਾਪਤੀਆਂ ਲਈ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਮਿਆਂ ਵਿੱਚ ਵੀ ਇਸ ਗੱਲ ਦੀ ਖੁਸ਼ੀ ਦੀ ਲਹਿਰ ਹੈ ਕਿ ਉਨ੍ਹਾਂ ਦੀਆਂ ਸਾਲਾਂ ਤੋਂ ਬਕਾਇਆ ਦੇਣਦਾਰੀਆਂ ਦੀ ਅਦਾਇਗੀ ਜਿਵੇਂ ਮੈਡੀਕਲ, ਡੀ.ਏ. ਅਤੇ ਏ.ਸੀ.ਪੀ. ਦਾ ਬਕਾਇਆ, ਗਰੈਚੁਟੀ, ਲੀਵ ਇਨਕੈਸਮੈਂਟ, ਜੀ.ਪੀ.ਐਫ ਅਤੇ ਸੀ.ਪੀ.ਐਫ. ਪਹਿਲਾਂ ਹੀ ਹੋ ਚੁੱਕੀਆਂ ਹਨ।














