ਮਾਂ ਤੇ ਪਤਨੀ ਦੀ ਕੁਝ ਦਿਨ ਪਹਿਲਾਂ ਹੋਈ ਮੌਤ ਤੋਂ ਬਾਅਦ ਪ੍ਰੇਸ਼ਾਨੀ ਰਹਿੰਦਾ ਸੀ ਜਗਵਿੰਦਰ ਸਿੰਘ
(ਮੇਵਾ ਸਿੰਘ) ਲੰਬੀ/ਮਲੋਟ। ਪਿੰਡ ਮਹੂਆਣਾ ਵਿਖੇ ਅੱਜ ਸਵੇਰੇ ਇੱਕ ਵਿਅਕਤੀ ਵੱਲੋਂ ਆਪਣੀ 24 ਸਾਲਾ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ ਪਿੰਡ ਵਾਸੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਗਵਿੰਦਰ ਸਿੰਘ ਪੁੱਤਰ ਸਵ: ਅਮਰਜੀਤ ਸਿੰਘ ਸਾਬਕਾ ਸਰਪੰਚ ਨੇ ਕਰੀਬ ਸਵੇਰੇ ਸਾਢੇ ਕੁ 6 ਵਜੇ ਆਪਣੀ ਸੁੱਤੀ ਪਈ ਧੀ ਵਿਸ਼ਵਦੀਪ ਕੌਰ ਨੂੰ ਗੋਲੀ ਮਾਰ ਕੇ ਬਾਅਦ ਵਿਚ ਆਪਣੇ-ਆਪ ਨੂੰ ਵੀ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ।
ਪਿੰਡ ਵਾਸੀਆਂ ਦੱਸਿਆ ਕਿ ਜਦੋਂ ਜਗਵਿੰਦਰ ਸਿੰਘ ਦੇ ਘਰ ਰਹਿੰਦੇ ਉਸ ਦੇ ਭਾਣਜੇ ਅਨਮੋਲ ਸਿੰਘ ਜੋ ਕਿ ਘਰ ਅੰਦਰ ਮੱਝਾਂ ਦੀ ਧਾਰ ਕੱਢ ਰਿਹਾ ਸੀ, ਨੇ ਗੋਲੀ ਚੱਲਣ ਦੀ ਅਵਾਜ਼ ਸੁਣੀ ਤਾਂ ਉਸ ਨੇ ਭੱਜ ਕੇ ਅੰਦਰ ਜਾ ਕੇ ਦੇਖਿਆ ਤਾਂ ਦੋਵੇਂ ਪਿਓ ਧੀ-ਗੰਭੀਰ ਜਖ਼ਮੀ ਹਾਲਤ ਵਿਚ ਪਏ ਸਨ।
ਅਨਮੋਲ ਸਿੰਘ ਵੱਲੋਂ ਜਲਦੀ-ਜਲਦੀ ਇਸ ਦੀ ਸੂਚਨਾ ਆਪਣੇ ਆਂਢ-ਗੁਆਂਢ ਅਤੇ ਨਗਰ ਨਿਵਾਸੀਆਂ ਨੂੰ ਦਿੱਤੀ ਤਾਂ ਪਿੰਡ ਵਾਸੀਆਂ ਵੱਲੋਂ ਦੋਹਾਂ ਜਖ਼ਮੀ ਪਿਓ ਧੀ ਨੂੰ ਪਹਿਲਾਂ ਮਲੋਟ ਹਸਪਤਾਲ ਤੇ ਬਾਅਦ ’ਚ ਬਠਿੰਡਾ ਹਸਪਤਾਲ ਲਿਜਾਇਆ ਗਿਆ। ਜਗਵਿੰਦਰ ਸਿੰਘ ਦੀ ਬਠਿੰਡਾ ਲਿਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ, ਜਦੋਂ ਕਿ ਗੰਭੀਰ ਰੂਪ ’ਚ ਜਖ਼ਮੀ ਲੜਕੀ ਨੂੰ ਬਠਿੰਡਾ ਤੋਂ ਲਧਿਆਣਾ ਲਈ ਰੈਫਰ ਤਾਂ ਕਰ ਦਿੱਤਾ ਗਿਆ ਸੀ, ਪਰੰਤੂ ਲੁਧਿਆਣਾ ਪਹੁੰਚਣ ’ਤੇ ਲੜਕੀ ਨੇ ਵੀ ਦਮ ਤੋੜ ਦਿੱਤਾ।
ਇਸ ਸਾਰੀ ਘਟਨਾ ਪਿੱਛੇ ਪਿੰਡ ਵਾਸੀਆਂ ਦਾ ਕਹਿਣਾ ਕਿ ਕਰੀਬ 5-6 ਮਹੀਨੇ ਪਹਿਲਾਂ ਕਰੋਨਾ ਦੀ ਭਿਆਨਕ ਬੀਮਾਰੀ ਕਾਰਨ ਮਿ੍ਰਤਕ ਜਗਵਿੰਦਰ ਸਿੰਘ ਦੀ ਮਾਤਾ ਕੁਲਦੀਪ ਕੌਰ ਅਤੇ ਉਸ ਦੀ ਪਤਨੀ ਰਵਨੀਤ ਕੌਰ ਦੀ ਕਰੀਬ 10 ਕੁ ਦਿਨਾਂ ਦੇ ਫਾਸਲੇ ਵਿੱਚ ਹੋਈ ਮੌਤ ਹੋ ਗਈ ਸੀ। ਪਿੰਡ ਵਾਸੀਆਂ ਦਾ ਆਖਣਾ ਹੈ ਕਿ ਜਗਵਿੰਦਰ ਸਿੰਘ ਉਸ ਸਮੇਂ ਤੋਂ ਬਾਅਦ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਬਹੁਤ ਘੱਟ ਬੋਲਦਾ ਸੀ ਤੇ ਜ਼ਿਆਦਾਤਰ ਘਰ ਹੀ ਰਹਿੰਦਾ ਸੀ।
ਜਦੋਂ ਇਸ ਘਟਨਾ ਸਬੰਧੀ ਥਾਣਾ ਲੰਬੀ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਘਰੋਂ ਅੰਦਰ ਜਗਵਿੰਦਰ ਸਿੰਘ ਵੱਲੋਂ ਲਿਖਿਆ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਜ਼ਿੰਦਗੀ ’ਚ ਹਾਰ ਜਾਣ ਦੀ ਗੱਲ ਲਿਖੀ ਹੈ, ਹੋਰ ਕੋਈ ਵਿਸ਼ੇਸ਼ ਗੱਲ ਉਸ ਨੇ ਨਹੀਂ ਲਿਖੀ। ਐਸਐਚਓ ਲੰਬੀ ਨੇ ਦੱਸਿਆ ਕਿ ਇੱਕ ਵਾਰ ਤਾਂ ਮਿ੍ਰਤਕ ਜਗਵਿੰਦਰ ਸਿੰਘ ਦੇ ਭਾਣਜੇ ਅਨਮੋਲ ਸਿੰਘ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਦੋਵਾਂ ਪਿਓ ਧੀ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਇਆ ਸੀ, ਜਿਸ ਕਰਕੇ ਅੰਤਿਮ ਸੰਸਕਾਰ ਪਿੰਡ ਮਾਹੂਆਣਾ ਦੇ ਸਮਸ਼ਾਨਘਾਟ ਵਿਖੇ ਦੇਰ ਸ਼ਾਮ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ