ਲੋਕ ਕੰਮ ਸਿਰੇ ਲੱਗਣ ਦੀ ਕਰ ਰਹੇ ਉਡੀਕ
ਮਲੇਰਕੋਟਲਾ (ਗੁਰਤੇਜ ਜੋਸ਼ੀ)। ਇਲਾਕਾ ਨਿਵਾਸੀਆਂ ਖਾਸ ਕਰਕੇ ਰਿਆਸਤੀ ਤੇ ਨਵਾਬੀ ਸ਼ਹਿਰ ਲਈ 7 ਜੂਨ 2021 ਨੂੰ ਮੁਸਲਿਮ ਪਵਿੱਤਰ ਤਿਉਹਾਰ ਈਦ ਵਾਲੇ ਦਿਨ ਉਦਘਾਟਨੀ ਸਮਾਰੋਹ ਇਤਿਹਾਸਕ ਹੋ ਨਿਬੜਿਆ ਸੀ, ਜਦੋਂ ਉਸ ਮੌਕੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਾਲਰੇਕੋਟਲਾ (Malerkotla City) ਨੂੰ ਜ਼ਿਲ੍ਹਾ ਬਣਾਉਣ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਦਿਆਂ ਮੈਡੀਕਲ ਕਾਲਜ ਤੇ ਲੜਕੀਆਂ ਦੇ ਕਾਲਜ ਸਮੇਤ ਬੱਸ ਸਟੈਂਡ ਤੇ ਹੋਰਨਾਂ ਪ੍ਰੋਜੈਕਟਾਂ ਦੇ ਵਰਚੂਅਲ ਤਰੀਕੇ ਨਾਲ ਨੀਂਹ ਪੱਥਰ ਵੀ ਰੱਖ ਦਿੱਤੇ ਸਨ।
ਮੁੱਖ ਮੰਤਰੀ ਨੇ ਉਸ ਵੇਲੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਮਾਲੇਰਕੋਟਲਾ ਨਿਵਾਸੀਆਂ ਦੀ ਪੁਰਾਣੀ ਮੰਗ ਤੇ ਸਾਡੀ ਪੁਰਾਣੀ ਰਿਆਸਤ ਸਬੰਧ ਹੋਣ ਕਾਰਨ ਅਸੀਂ ਇਹ ਫੈਸਲਾ ਲਿਆ ਹੈ ਤੇ ਹੁਣ ਮਾਲੇਰਕੋਟਲਾ (Malerkotla City) ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਗਿਆ ਹੈ ਜ਼ਿਲ੍ਹਾ ਬਣਨ ਨਾਲ ਹੁਣ ਲੋਕਾਂ ਦੇ ਕੰਮ ਇੱਥੇ ਹੀ ਹੋ ਜਾਇਆ ਕਰਨਗੇ, ਜਿਸ ਨਾਲ ਸਮੇਂ ਦੀ ਬੱਚਤ ਵੀ ਹੋਵੇਗੀ। ਪਰ ਜੇਕਰ ਦੇਖਿਆ ਜਾਵੇ ਮਾਲੇਰਕੋਟਲਾ ਜ਼ਿਲ੍ਹਾ ਅਜੇ ਤਾਂ ਕਾਗਜਾਂ ਤੱਕ ਹੀ ਸੀਮਤ ਲੱਗ ਰਿਹਾ ਹੈ ਕਿਉਕਿ ਸ਼ਹਿਰ ਅੰਦਰ ਅਜੇ ਤੱਕ ਮਾਲੇਰਕੋਟਲਾ ਪ੍ਰਸ਼ਾਸਨ ਨੰੂ ਪੂਰੇ ਦਫ਼ਤਰ ਵੀ ਨਸੀਬ ਨਹੀਂ ਹੋਏ। ਡਿਪਟੀ ਕਮਿਸ਼ਨਰ ਦਫ਼ਤਰ ਸਥਾਨਕ ਟਿਊਬਵੈੱਲ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਚਲਾਇਆ ਗਿਆ ਹੈ ਪਰ ਅਜੇ ਤੱਕ ਲੋਕਾਂ ਨੰੂ ਇਹੀ ਪਤਾ ਨਹੀਂ ਲੱਗ ਸਕਿਆ ਕਿ ਕਿਹੜਾ ਪੁਲਿਸ ਅਫ਼ਸਰ ਕਿਸ ਕਮਰੇ ਵਿੱਚ ਬੈਠਦਾ ਹੈ।
ਐੱਸਐੱਸਪੀ ਦਫ਼ਤਰ ਵੀ ਜ਼ਿਲ੍ਹਾ ਉਦਯੋਗ ਦਫ਼ਤਰ ਜੋਕਿ ਪਹਿਲਾਂ ਤਿੰਨ ਜ਼ਿਲ੍ਹਿਆ ਦਾ ਸੀ, ਨੰੂ ਇੱਥੋਂ ਬਦਲਕੇ ਉੱਥੇ ਚਲਾਇਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਉਦੋਂ ਦੀ ਕਾਂਗਰਸੀ ਵਿਧਾਇਕਾ ਦੀ ਜਿੰਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਮਾਲੇਰਕੋਟਲਾ ਦੇ ਜ਼ਿਲ੍ਹਾ ਬਣਨ ਨਾਲ ਹੁਣ ਇਲਾਕੇ ਵਿੱਚ ਤਰੱਕੀ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਜਿਸਦੀ ਸ਼ੁਰੂਆਤ ਕਈਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਇੱਕ ਮਹਿਲਾ ਥਾਣੇ ਦੇ ਉਦਘਾਟਨ ਨਾਲ ਹੋ ਗਈ ਹੈ।
500 ਕਰੋੜ ਦੀ ਲਾਗਤ
ਜੇਕਰ ਗੱਲ ਕਰੀਏ ਰੱਖੇ ਗਏ ਨੀਂਹ ਪੱਥਰਾਂ ਦੀ ਉਹ ਵੀ ਰੋਹੀ ਵਿੱਚ ਖੜ੍ਹੇ ਇਕੱਲੇ ਦਰੱਖਤ ਵਾਂਗ ਸਿਰਫ਼ ਇੱਕ ਪੱਥਰ ਹੀ ਬਣਕੇ ਰਹਿ ਗਏ ਹਨ। ਜ਼ਿਲ੍ਹੇ ਦੇ ਨਾਲ-ਨਾਲ ਮਾਲੇਰਕੋਟਲਾ ਨਿਵਾਸੀਆਂ ਨੂੰ 500 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲਾ ‘ਨਵਾਬ ਸ਼ੇਰ ਮੁਹੰਮਦ ਖਾਂ ਸਰਕਾਰੀ ਮੈਡੀਕਲ ਕਾਲਜ’ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਅੱਡਾ ਆਦਿ ਕਿਸੇ ਵੀ ਜਗ੍ਹਾ ਉੱਪਰ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ।
ਆਪ ਸਰਕਾਰ ਕੋਈ ਕੰਮ ਸ਼ੁਰੂ ਨਹੀਂ ਕਰਵਾ ਸਕੀ : ਰਜੀਆ ਸੁਲਤਾਨਾ
ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰਹੀ ਬੀਬੀ ਰਜੀਆ ਸੁਲਤਾਨਾ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਮੌਕੇ ਇਹ ਸਾਰੇ ਪ੍ਰੋਜੈਕਟ ਪਾਸ ਕਰਵਾਏ ਸਨ। ਇੰਨ੍ਹਾਂ ਵਿੱਚੋਂ ਮੈਡੀਕਲ ਕਾਲਜ ਬਣਾਉਣ ਲਈ ਰਾਸ਼ੀ ਦੀ ਪਹਿਲੀ ਕਿਸ਼ਤ ਵੀ ਜਾਰੀ ਹੋ ਚੁੱਕੀ ਸੀ ਪਰ ਆਪ ਸਰਕਾਰ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਸ ਘੱਟ ਗਿਣਤੀਆਂ ਲਈ ਬਨਣ ਵਾਲੇ ਮੈਡੀਕਲ ਕਾਲਜ ਉੱਪਰ ਰਾਜਨੀਤੀ ਨਾ ਕਰਨ ਕਿਉਕਿ ਇਹ ਕਾਲਜ ਘੱਟ ਗਿਣਤੀਆਂ ਦਾ ਆਪਣਾ ਹੱਕ ਹੈ ਇਸ ਲਈ ਜ਼ਮੀਨ ਵੀ ਪੰਜਾਬ ਵਕਫ ਬੋਰਡ ਵੱਲੋਂ ਦਿੱਤੀ ਗਈ ਸੀ, ਪਰ ਮੌਜ਼ੂਦਾ ਪੰਜਾਬ ਸਰਕਾਰ ਇਹ ਕਾਲਜ ਬਣਾਉਣ ਲਈ ਨਾਕਾਮ ਰਹੀ ਹੈ।
ਸ਼ਹਿਰ ਅੰਦਰ ਵਿਕਾਸ ਨਾਮ ਦੀ ਕੋਈ ਚੀਜ਼ ਹੀ ਨਹੀਂ: ਜਗਤ ਕਥੂਰੀਆ
ਸ਼ਹਿਰ ਦੇ ਵਿਕਾਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਭਾਜਪਾ ਮੰਡਲ ਮਾਲੇਰਕੋਟਲਾ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਕਾਂਗਰਸੀ ਜੋ ਮੈਡੀਕਲ ਕਾਲਜ ਦੀਆਂ ਗੱਲਾਂ ਕਰਦੇ ਹਨ ਉਹ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਮਾਲੇਰਕੋਟਲਾ ਦੀ ਕਾਂਗਰਸੀ ਵਿਧਾਇਕਾ ਵੱਲੋਂ ਨੀਂਹ ਪੱਥਰ ਰਖਵਾਕੇ ਲੋਕਾਂ ਨੰੂ ਗੰੁਮਰਾਹ ਕੀਤਾ ਗਿਆ ਹੈ ਅਜੇ ਤੱਕ ਕਿਤੇ ਵੀ ਕੋਈ ਕੰਮ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਦਾ ਬੁਰਾ ਹਾਲ ਕਰ ਰੱਖਿਆ ਹੈ, ਜਿਹੜੇ ਪਾਸੇ ਦੇਖੋ ਉਹੀ ਸੜਕ ਪੁੱਟੀ ਪਈ ਹੈ, ਲੋਕਾਂ ਨੰੂ ਆਪਣੇ ਵਹੀਕਲਾਂ ਉੱਪਰ ਤਾਂ ਕੀ ਤੁਰਕੇ ਜਾਣਾ ਵੀ ਔਖਾ ਹੋਇਆ ਪਿਆ ਹੈ।
ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ
ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਲੇਰਕੋਟਲਾ ਡਾ: ਜਮੀਲ-ਓਰ-ਰਹਿਮਾਨ ਨੇ ਕਿਹਾ ਕਿ ਇਹ ਸਾਰੀਆਂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਹਨ। ਨੀਹ ਪੱਥਰ ਤਾਂ ਰੱਖ ਦਿੱਤੇ ਪਰ ਕੰਮ ਕਰਨ ਲਈ ਰਾਸ਼ੀ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਮਲੇਰਕੋਟਲਾ ਅੰਦਰ ਨੀਹ ਪੱਥਰ ਰੱਖੇ ਗਏ ਸਨ ਉਸ ਜਗ੍ਹਾ ’ਤੇ ਜੋ ਵੀ ਅੜਚਨਾਂ ਹਨ, ਸਾਡੀ ਸਰਕਾਰ ਉਨ੍ਹਾਂ ਅੜਚਨਾਂ ਨੂੰ ਦੂਰ ਕਰਕੇ ਜਲਦ ਕੰਮ ਸ਼ੁਰੂ ਕਰਵਾਏਗੀ।
ਮਲੇਰਕੋਟਲਾ ਜ਼ਿਲ੍ਹਾ ਕਾਗਜ਼ਾਂ ਤੱਕ ਹੀ ਸੀਮਤ : ਜਾਹਿਦਾ ਸੁਲੇਮਾਨ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਹਲਕਾ ਇੰਚਾਰਜ ਬੀਬੀ ਜਾਹਿਦਾ ਸੁਲੇਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਨੰੂ ਪੰਜਾਬ ਸਰਕਾਰ ਨੇ ਜ਼ਿਲ੍ਹਾ ਤਾਂ ਬਣਾ ਦਿੱਤਾ ਹੈ, ਅਸੀਂ ਇਸ ਦਾ ਸਵਾਗਤ ਕਰਦੇ ਹਾਂ, ਪਰ ਇਹ ਕਾਗਜਾਂ ਤੱਕ ਹੀ ਸੀਮਤ ਰਹਿ ਗਿਆ ਹੈ ਕਿਉਕਿ ਇਥੇ ਜੋ ਮੈਡੀਕਲ ਕਾਲਜ, ਗਰਲਜ਼ ਕਾਲਜ ਅਤੇ ਬੱਸ ਸਟੈਂਡ ਆਦਿ ਦੇ ਜੋ ਨੀਂਹ ਪੱਥਰ ਰੱਖੇ ਸਨ, ਕਰੀਬ ਡੇਢ ਸਾਲ ਬੀਤ ਜਾਣ ’ਤੇ ਵੀ ਅਜੇ ਕਿਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ