ਦਿੱਲੀ ਮੀਟਿੰਗ ਦਾ ਅੱਜ ਕਰਨਗੇ ਕਿਸਾਨ ਲੀਡਰ ਪੋਸਟਮਾਰਟਮ, ਮੀਟਿੰਗ ਦੇ ਨਫ਼ੇ ਨੁਕਸਾਨ ਬਾਰੇ ਹੋਏਗਾ ਚਰਚਾ

ਜਿਥੇ ਰੋਕਿਆ, ਉਥੇ ਹੀ ਝੰਡਾ ਲਗਾਉਂਦੇ ਹੋਏ ਸ਼ੁਰੂ ਕਰ ਦਿੱਤਾ ਜਾਏਗਾ ਧਰਨਾ : ਰਾਜੇਵਾਲ

ਚੰਡੀਗੜ, (ਅਸ਼ਵਨੀ ਚਾਵਲਾ)। ਪਿਛਲੇ ਹਫ਼ਤੇ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦਾ ਪੋਸਟਮਾਰਟਮ 18 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਲੀਡਰ ਚੰਡੀਗੜ ਵਿਖੇ ਮੀਟਿੰਗ ਕ’ਚ ਕਰਨਗੇ। ਦਿੱਲੀ ਮੀਟਿੰਗ ਵਿੱਚ ਨਫ਼ੇ ਨੁਕਸਾਨ ਦਾ ਜਾਇਂਜ਼ਾ ਲਿਆ ਜਾਏਗਾ ਅਤੇ ਖੁਲ ਕੇ ਚਰਚਾ ਹੋਏਗੀ ਕਿ ਕੇਂਦਰੀ ਮੰਤਰੀਆਂ ਵਲੋਂ ਰੱਖੇ ਗਏ

ਏਜੰਡੇ ਅਤੇ ਸਲਾਹ ਨੂੰ ਮੰਨ ਲਿਆ ਜਾਵੇ ਜਾਂ ਫਿਰ ਕਿਸੇ ਤਰੀਕੇ ਨਾਲ ਆਪਣੀ ਅਗਲੀ ਰਣਨੀਤੀ ਤਿਆਰ ਕਰਦੇ ਹੋਏ ਕੇਂਦਰ ਨੂੰ ਝੁਕਾਉਣ ਦੀ ਕੋਸ਼ਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਦਿੱਲੀ ਸਰਕਾਰ ਵੱਲੋਂ ਕੋਰੋਨਾ ਦੇ ਜਿਆਦਾ ਮਾਮਲੇ ਆਉਣ ਕਾਰਨ  ਦਿੱਲੀ ‘ਚ ਆਉਣ ‘ਤੇ ਪਾਬੰਦੀ ਲਗਾਉਣ ਬਾਰੇ ਵੀ ਚਰਚਾ ਅੱਜ ਦੀ ਮੀਟਿੰਗ ਵਿੱਚ ਕਿਸਾਨ ਕਰਨਗੇ।

ਇਸ ਮੀਟਿੰਗ ਵਿੱਚ ਫੈਸਲਾ ਕੀਤਾ ਜਾਏਗਾ ਕਿ 27 ਨਵੰਬਰ ਨੂੰ ਦਿੱਲੀ ਜਾਣ ਲਈ ਸਾਰੀ ਜਥੇਬੰਦੀਆਂ ਇੱਕ ਹੀ ਰਸਤੇ ਨੂੰ ਅਪਣਾਉਣਗੀਆਂ ਜਾਂ ਫਿਰ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਰਸਤੇ ਰਾਹੀ ਦਿੱਲੀ ਵਿਖੇ ਦਾਖ਼ਲ ਹੋਣ ਦੀ ਕੋਸ਼ਸ਼ ਕਰਨਗੀਆਂ। ਪੰਜਾਬ ਦੀਆੇ ਕਿਸਾਨਾਂ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿੱਲੀ ਦੇ ਅੰਦਰ ਦਾਖ਼ਲ ਨਾਂ ਹੋਣ ਦੇਣ  ਦੀ ਸੂਰਤ ਵਿੱਚ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਾਬੰਦੀ ਕਰਦੇ ਹੋਏ ਦਿੱਲੀ ਦੇ ਬਾਹਰ ਧਰਨਾ ਲਗਾ ਦਿੱਤਾ ਜਾਵੇ। ਇਸ ਨਾਲ ਦਿੱਲੀ ਜਾਣ ਅਤੇ ਦਿੱਲੀ ਤੋਂ ਆਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣ। ਇਹ ਪ੍ਰੋਗਰਾਮ ਕਿਸ ਤਰੀਕੇ ਨਾਲ ਤੈਅ ਕਰਨਾ ਹੈ ਅਤੇ ਕਿਹੜੇ ਕਿਹੜੇ ਰਸਤੇ ਰਾਹੀਂ ਕਿਹੜੀ ਜਥੇਬੰਦੀ ਜਾਏਗੀ, ਇਨਾਂ ਸਾਰੇ ਮੁੱਦੇ ‘ਤੇ ਅੱਜ ਚੰਡੀਗੜ ਵਿਖੇ ਚਰਚਾ ਹੋਣੀ ਹੈ।

ਦਿੱਲੀ ਵਿਖੇ 13 ਨਵੰਬਰ ਨੂੰ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਸਾਰੇ ਲੀਡਰ ਇੱਕ ਸਾਂਝੇ ਮੰਚ ‘ਤੇ ਵੀ ਹੁਣ ਤੱਕ ਨਹੀਂ ਬੈਠੇ, ਇਸ ਲਈ ਅੱਜ ਦੀ ਮੀਟਿੰਗ ਵਿੱਚ ਹਰ ਕਿਸਾਨ ਜਥੇਬੰਦੀ ਦਾ ਲੀਡਰ ਆਪਣਾ ਤਜਰਬਾ ਰੱਖੇਗਾ ਕਿ ਦਿੱਲੀ ‘ਚ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਬਾਰੇ ਉਹ ਕੀ ਸੋਚਦੇ ਹਨ ਅਤੇ ਅੱਗੇ ਕੀ ਹੋ ਸਕਦਾ ਹੈ।

ਦਿੱਲੀ ਦੇ ਸਾਰੇ ਰਸਤੇ ਬੰਦ ਕਰਨ ਦੇ ਫੈਸਲੇ ਬਾਰੇ ਕਿਸਾਨ ਆਗੂ ਬਲ ਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਹਰ ਹਾਲਤ ਵਿੱਚ ਕਿਸਾਨਾਂ ਨੂੰ ਲੈ ਕੇ ਦਿੱਲੀ ਵਿੱਚ ਦਾਖ਼ਲ ਹੋਣਗੀਆਂ ਅਤੇ ਕਿਸੇ ਵੀ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਸ਼ ਕੀਤੀ ਤਾਂ ਜਿਥੇ ਰੋਕਿਆ ਜਾਏਗਾ, ਉਥੇ ਹੀ ਕਿਸਾਨ ਆਪਣਾ ਧਰਨਾ ਸ਼ੁਰੂ ਕਰ ਦੇਣਗੇ, ਇਸ ਦੀ ਜਿੰਮੇਵਾਰੀ ਰੋਕਣ ਵਾਲੀ ਸਰਕਾਰ ਦੀ ਹੋਏਗੀ। ਉਨਾਂ ਕਿਹਾ ਕਿ ਉਸੇ ਥਾਂ ‘ਤੇ ਸੜਕ ‘ਤੇ ਧਰਨਾ ਲੱਗਣ ਤੋਂ ਬਾਅਦ ਸੜਕੀਂ ਮਾਰਗ ਰੋਕੇ ਜਾਣ ਦਾ ਦੋਸ਼ ਕਿਸਾਨਾਂ ਦੀ ਥਾਂ ‘ਤੇ ਕਿਸਾਨਾਂ ਨੂੰ ਰੋਕਣ ਵਾਲੀ ਸਰਕਾਰ ਦਾ ਹੀ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.