ਮੋਹਾਲੀ (ਐੱਮ ਕੇ ਸ਼ਾਇਨਾ) ਮੋਹਾਲੀ ਪੁਲਿਸ ਵੱਲੋਂ ਹਰਿਆਣਾ ਦਾ ਜਾਅਲੀ ਮੁੱਖ ਸਕੱਤਰ, ਵਿਧਾਇਕ, ਇੰਸਪੈਕਟਰ ਅਤੇ ਰਾਜਨੀਤਿਕ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਮੋਹਾਲੀ ਦੇ ਸੈਕਟਰ-82 ਵਿੱਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਦਾ ਪਰਦਾਫਾਸ਼ ਕੀਤਾ ਹੈ। ਮੁੱਖ ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ (28 ਸਾਲ) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜੋ ਕਿ ਰੌਹਬਦਾਰ ਅਹੁਦਿਆਂ ‘ਤੇ ਲਗਜ਼ਰੀ ਗੱਡੀਆਂ ਤੇ ਗੰਨਮੈਨਾਂ ਦੇ ਪ੍ਰਭਾਵ ਰਾਹੀ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ 19 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ। ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਦੀ ਪਛਾਣ ਰਾਹੁਲ (35 ਸਾਲ) ਵਾਸੀ ਬਿਲਾਸਪੁਰ, ਹਿਮਾਚਲ ਅਤੇ ਰਵੀ ਮਿਸ਼ਰਾ (27 ਸਾਲ) ਵਾਸੀ ਛਪਰਾ, ਬਿਹਾਰ ਵਜੋਂ ਹੋਈ ਹੈ। (Travel Agent)
ਗ੍ਰਿਫ਼ਤਾਰੀ ਦੌਰਾਨ ਐਸਐਸਪੀ ਮੋਹਾਲੀ ਵੱਲੋਂ ਇਹ ਖ਼ੁਲਾਸੇ ਕੀਤੇ ਗਏ ਕਿ ਉਕਤ ਮੁਲਜ਼ਮ ਵੱਲੋਂ ਹੁਣ ਤੱਕ ਤਕਰੀਬਨ 35 ਕਰੋੜ ਦੀ ਠੱਗੀ ਮਾਰੀ ਜਾ ਚੁੱਕੀ ਹੈ ਤੇ ਇਸ ਤੇ ਪਹਿਲਾਂ ਹੀ ਪੰਜ ਮੁਕੱਦਮੇ ਵੱਖ-ਵੱਖ ਥਾਵਾਂ ਉਤੇ ਦਰਜ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਪੈਸੇ ਲੈਂਦੇ ਸਨ। ਉਨ੍ਹਾਂ ਨੂੰ ਜਾਅਲੀ ਪੀਆਰ ਸਰਟੀਫਿਕੇਟ ਦਿੰਦੇ ਸਨ। ਇਸ ਵਿੱਚ ਮੁਲਜ਼ਮ ਰਾਹੁਲ ਇਹ ਫਰਜ਼ੀ ਦਸਤਾਵੇਜ਼ ਤਿਆਰ ਕਰਵਾ ਲੈਂਦਾ ਸੀ। ਮੁਲਜ਼ਮ ਦਾ ਸੈਕਟਰ 82 ਅਤੇ ਮੁਹਾਲੀ ਦੇ ਡੇਰਾਬੱਸੀ ਵਿੱਚ ਦਫ਼ਤਰ ਸੀ। ਉਸ ਨੇ ਆਪਣੇ ਦਫ਼ਤਰ ਵਿੱਚ 70 ਲੱਖ ਰੁਪਏ ਦਾ ਫਰਨੀਚਰ ਲਗਾਇਆ ਹੋਇਆ ਹੈ। ਮੁਲਜ਼ਮ ਤੋਂ ਗ੍ਰਿਫਤਾਰੀ ਦੌਰਾਨ ਭਾਰੀ ਮਾਤਰਾ ਵਿੱਚ ਪਾਸਪੋਰਟ, ਵੱਖ-ਵੱਖ ਵਿਭਾਗਾਂ ਦੇ ਫਰਜ਼ੀ ਸਨਾਖਤੀ ਕਾਰਡ, ਗੱਡੀਆਂ ਉਤੇ ਲੱਗੇ ਪੁਲਿਸ ਪਾਇਲਟ ਦੇ ਫਰਜ਼ੀ ਸਟਿੱਕਰ ਲਾਲ ਬੱਤੀਆਂ ਅਤੇ ਹਥਿਆਰ ਬਰਾਮਦ ਹੋਏ ਹਨ। ਉਕਤ ਮੁਲਜ਼ਮ ਵੱਲੋਂ ਮੋਹਾਲੀ ਜ਼ਿਲ੍ਹੇ ਵਿੱਚ ਤਿੰਨ ਫਰਜ਼ੀ ਦਫਤਰ ਚਲਾਏ ਜਾ ਰਹੇ ਸਨ।
ਪੰਜਾਬ ‘ਚ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ (Travel Agent)
ਸੀਆਈਏ ਸਟਾਫ਼ ਦੀ ਪੁਲਿਸ ਨੇ ਚੈਕਿੰਗ ਲਈ ਸ਼ਿਵਜੋਤ ਇਨਕਲੇਵ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸ਼ਰਾਰਤੀ ਠੱਗ ਸਰਬਜੀਤ ਸਿੰਘ ਸੰਧੂ ਕੁਰਾਲੀ ਤੋਂ ਖਰੜ ਆ ਰਿਹਾ ਹੈ। ਉਸ ਖ਼ਿਲਾਫ਼ ਪੰਜਾਬ ਵਿੱਚ ਪਹਿਲਾਂ ਵੀ ਧੋਖਾਧੜੀ ਦੇ ਕਈ ਕੇਸ ਦਰਜ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਫਾਰਚੂਨਰ ਅਤੇ ਦੋ ਐਂਡੇਵਰ ਕਾਰਾਂ ਨੂੰ ਰੋਕ ਕੇ ਉਕਤ ਦੋਸ਼ੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਹੁਤ ਚਲਾਕ ਹੈ। ਜਦੋਂ ਵੀ ਉਹ ਕਿਤੇ ਜਾਂਦੇ ਹਨ ਤਾਂ ਕਾਰ ‘ਤੇ ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ ਅਤੇ ਨੀਲੀ ਬੱਤੀ ਲਗਾ ਦਿੰਦੇ ਹਨ। ਇਸ ਦੇ ਨਾਲ ਹੀ ਅਗਲੀ ਕਾਰ ‘ਤੇ ਪਾਇਲਟ ਦਾ ਝੰਡਾ ਅਤੇ ਲਾਲ ਬੱਤੀ ਲਗਾਈ ਜਾਂਦੀ ਹੈ ਜਦਕਿ ਪਿਛਲੀ ਕਾਰ ‘ਤੇ ਐਸਕਾਰਟ ਦਾ ਝੰਡਾ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ ਲਾਇਸੈਂਸੀ ਹਥਿਆਰਾਂ ਵਾਲੇ ਸਾਬਕਾ ਸੈਨਿਕਾਂ ਨੂੰ ਆਪਣੇ ਸੁਰੱਖਿਆ ਗਾਰਡਾਂ ਵਿੱਚ ਗੰਨਮੈਨ ਵਜੋਂ ਰੱਖਿਆ ਗਿਆ ਹੈ, ਹਾਲਾਂਕਿ ਉਹ ਅਪਰਾਧੀਆਂ ਦੇ ਕਾਰਨਾਮੇ ਤੋਂ ਜਾਣੂ ਨਹੀਂ ਹਨ।
ਪੁਲਿਸ ਨੇ ਗ੍ਰਿਫ਼ਤਾਰੀ ਸਮੇਂ ਮੁਲਜ਼ਮਾਂ ਕੋਲੋਂ 50 ਲੱਖ 40 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 99 ਗ੍ਰਾਮ ਸੋਨਾ, 45 ਬੋਰ ਦਾ ਪਿਸਤੌਲ, 315 ਬੋਰ ਦੀ ਰਾਈਫਲ, ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਦੋ ਜਾਅਲੀ ਆਈਡੀ ਕਾਰਡ, ਹਰਿਆਣਾ ਦੇ ਗ੍ਰਹਿ ਸਕੱਤਰ ਦੇ ਜਾਅਲੀ ਆਈਡੀ ਕਾਰਡ, 5 ਜਾਅਲੀ ਡਰਾਈਵਿੰਗ ਲਾਇਸੰਸ , ਪੁਲਿਸ ਕਮਾਂਡੋ ਵਰਦੀ, ਦੋ ਫਾਰਚੂਨਰ ਗੱਡੀਆਂ, ਦੋ ਐਂਡੇਵਰ, ਇਕ ਕ੍ਰਿਸਟਾ ਅਤੇ ਇਕ ਸਵਿਫਟ ਗੱਡੀ ,40 ਜਾਅਲੀ ਵੀਜ਼ਾ ਸਟਿੱਕਰ ਅਤੇ 5 ਅਸੈਂਬਲੀ ਸਟਿੱਕਰ ਜ਼ਬਤ ਕੀਤੇ ਗਏ ਹਨ।