ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home ਵਿਚਾਰ ਅਜੋਕੇ ਯੁੱਗ ’ਚ...

    ਅਜੋਕੇ ਯੁੱਗ ’ਚ ਬਦਲੀ ਰਿਸ਼ਤਿਆਂ ਦੀ ਨੁਹਾਰ

    Relationships Sachkahoon

    ਅਜੋਕੇ ਯੁੱਗ ’ਚ ਬਦਲੀ ਰਿਸ਼ਤਿਆਂ ਦੀ ਨੁਹਾਰ

    ਜ਼ਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਸਾਡਾ ਤਰ੍ਹਾਂ-ਤਰ੍ਹਾਂ ਦੇ ਬੰਦਿਆਂ ਨਾਲ ਮੇਲ-ਮਿਲਾਪ ਹੁੰਦਾ ਰਹਿੰਦਾ ਹੈ। ਕੋਈ ਬੰਦਾ ਸਾਡੀ ਜ਼ਿੰਦਗੀ ਵਿਚ ਪਤਾ ਨਹੀਂ ਕਦੋਂ ਆ ਜਾਂਦਾ ਹੈ ਕਿ ਉਹ ਸਾਡੇ ਦਿਲੋਂ ਕਰੀਬੀ ਬਣ ਜਾਂਦਾ ਹੈ। ਅਸੀਂ ਸਾਰੇ ਹੀ ਆਪਣੇ ਪਰਿਵਾਰਾਂ ਵਿੱਚ ਵਿਚਰਦੇ ਹਾਂ। ਸਰੀਕਾ ਵੀ ਇਸੇ ਨੂੰ ਕਿਹਾ ਜਾਂਦਾ ਹੈ। ਸਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਰਹਿੰਦੇ ਹਨ। ਫਿਰ ਅੱਗੇ ਉਨ੍ਹਾਂ ਦੇ ਪੁੱਤ-ਧੀਆਂ ਹੁੰਦੇ ਹਨ। ਅੱਜ-ਕੱਲ੍ਹ ਤਾਂ ਕੋਈ ਵਿਰਲਾ ਹੀ ਹੋਣਾ ਜਿਸ ਦੀ ਸਰੀਕੇ ਵਿਚ ਬਣਦੀ ਹੋਵੇ। ਆਪਸ ਵਿੱਚ ਕਈ ਵਾਰ ਪਰਿਵਾਰਾਂ ਵਿੱਚ ਮਨ-ਮੁਟਾਅ ਪੈਦਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਜ਼ਮੀਨ ਦੇ ਝਗੜੇ ਤਹਿਸੀਲਾਂ ਤੱਕ ਚਲੇ ਜਾਂਦੇ ਹਨ। ਕਈ ਵਾਰ ਮਾਰ-ਕੁਟਾਈ ਤੱਕ ਨੌਬਤ ਆ ਜਾਂਦੀ ਹੈ। ਅੱਜ-ਕੱਲ੍ਹ ਤਾਂ ਭਰਾ-ਭਰਾ ਦੀ ਆਪਸ ਵਿੱਚ ਨਹੀਂ ਰਹਿੰਦੀ, ਸਰੀਕੇ ਵਿਚ ਤਾਂ ਕੀ ਰਹੇਗੀ। ਭਾਈਆਂ-ਭਾਈਆਂ ਦਾ ਪਿਆਰ ਆਪਸ ਵਿੱਚ ਖ਼ਤਮ ਹੁੰਦਾ ਜਾ ਰਿਹਾ ਹੈ। ਇੱਕ-ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਇੱਕ ਭਰਾ ਆਪਣੇ ਸਕੇ ਭਰਾ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੈ ।

    ਜੇ ਅਸੀਂ 15 ਕੁ ਸਾਲ ਪਿੱਛੇ ਦੇਖੀਏ ਤਾਂ ਸਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਜੋ ਸਾਡੀ ਦਾਦੀ ਹੁੰਦੀ ਸੀ, ਉਹ ਆਪਣੀ ਜਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ। ਜੇ ਦਰਾਣੀਆਂ-ਜਠਾਣੀਆਂ ਆਪਸ ਵਿੱਚ ਲੜ ਵੀ ਪੈਂਦੀਆਂ ਸਨ, ਮਜ਼ਾਲ ਹੈ ਕਿ ਗੱਲ ਆਦਮੀਆਂ ਤੱਕ ਵੀ ਚਲੀ ਜਾਵੇ। ਜਨਾਨੀਆਂ ਦਾ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ ਕਿ ਉਹ ਆਪਸ ਵਿੱਚ ਹੀ ਸੁਲਝਾ ਲੈਂਦੀਆਂ ਸਨ। ਬੱਚਿਆਂ ਦਾ ਵੀ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਇੱਕ ਹੀ ਸਰੀਕੇ ਦੇ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸਨ, ਸਕੂਲ ਜਾਂਦੇ ਸਨ। ਇਕੱਠੇ ਮਾਂ-ਬਾਪ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ।

    ਪੁਰਾਣੇ ਬਜ਼ੁਰਗਾਂ ਵਿਚ ਬਹੁਤ ਸਹਿਣਸ਼ੀਲਤਾ ਹੁੰਦੀ ਸੀ। ਜੇ ਪਰਿਵਾਰ ਵਿਚ ਕੋਈ ਉੱਨੀ-ਇੱਕੀ ਹੋ ਵੀ ਜਾਂਦੀ ਸੀ ਤਾਂ ਉਸ ਨੂੰ ਵੱਡੇ ਬਜੁਰਗ ਸੁਲਝਾ ਦਿੰਦੇ ਸਨ। ਜੇ ਵੱਡੇ ਬਜੁਰਗਾਂ ਦਾ ਆਪਸ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ ਤਾਂ ਕੋਈ ਥਾਣੇ ਜਾਂ ਤਹਿਸੀਲ ਵਿੱਚ ਨਹੀਂ ਜਾਂਦਾ ਸੀ, ਪਿੰਡ ਦੇ ਹੀ ਸਮਝਦਾਰ ਬੰਦੇ ਜਾਂ ਸਰਪੰਚ ਨੂੰ ਲੈ ਕੇ ਆਪਸ ਵਿੱਚ ਸੁਲਝਾ ਲਿਆ ਜਾਂਦਾ ਸੀ। ਜੇ ਭਰਾਵਾਂ ਦਾ ਆਪਸ ਵਿੱਚ ਕੋਈ ਮਨ-ਮੁਟਾਵ ਹੋ ਜਾਂਦਾ ਸੀ, ਤਾਂ ਧੀਆਂ-ਭੈਣਾਂ ਆ ਕੇ ਮਨ-ਮੁਟਾਵ ਨੂੰ ਪਿਆਰ ਵਿੱਚ ਬਦਲ ਦਿੰਦੀਆਂ ਸਨ। ਕਹਿਣ ਦਾ ਭਾਵ ਹੈ ਕਿ ਆਪਸ ਵਿੱਚ ਭਰਾਵਾਂ-ਭੈਣਾਂ ਦਾ ਬਹੁਤ ਪਿਆਰ ਹੁੰਦਾ ਸੀ। ਜੇ ਕਿਸੇ ਪਰਿਵਾਰ ਵਿਚ ਕਿਸੇ ਦਾ ਬੱਚਾ ਹੁੰਦਾ ਸੀ, ਤਾਂ ਉਸ ਨੂੰ ਬਹੁਤ ਜ਼ਿਆਦਾ ਚਾਅ-ਲਾਡ ਲਡਾਏ ਜਾਂਦੇ ਸਨ। ਫਰਕ ਬਿਲਕੁਲ ਵੀ ਨਹੀਂ ਰੱਖਿਆ ਜਾਂਦਾ ਸੀ। ਸਰੀਕੇ ਤੋਂ ਇਲਾਵਾ ਪਿੰਡ ਦੇ ਹੋਰ ਬਜ਼ੁਰਗ ਵੀ ਘਰ ਆ ਕੇ ਬੱਚੇ ਨਾਲ ਪਿਆਰ ਕਰਦੇ ਸਨ। ਜੇ ਸਰੀਕੇ ਵਿਚ ਕਿਸੇ ਧੀ-ਭੈਣ ਦੇ ਘਰ ਵਿਆਹ ਦੀ ਰਸਮ ਹੁੰਦੀ ਸੀ, ਤਾਂ ਸਾਰਾ ਹੀ ਸਰੀਕਾ ਬੜੇ ਚਾਅ ਲਾਡ ਨਾਲ ਨਾਨਕਸ਼ੱਕ ਦੇਣ ਜਾਂਦਾ ਸੀ। ਹੋਰ ਤਾਂ ਹੋਰ ਕਈ ਵਾਰ ਧੀ-ਭੈਣ ਦੇ ਵਿਆਹ ਕਾਰਜ ਵਿੱਚ ਪਿੰਡ ਦੇ ਹੋਰ ਲੋਕ ਵੀ ਚਲੇ ਜਾਂਦੇ ਸਨ। ਕਹਿਣ ਦਾ ਭਾਵ ਹੈ ਕਿ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ।

    ਸਮਾਂ ਬੀਤਦਾ ਗਿਆ।ਸਰੀਕਿਆਂ ਦੀ ਆਪਸ ਵਿੱਚ ਬੋਲਚਾਲ ਹੀ ਖ਼ਤਮ ਹੋ ਗਈ। ਸਮਾਂ ਅਜਿਹਾ ਆਇਆ ਕਿ ਭਰਾਵਾਂ ਦਾ ਆਪਸ ਵਿੱਚ ਆਪਣੇ ਸਕੇ ਭਰਾ ਨਾਲ ਹੀ ਪਿਆਰ ਨਹੀਂ ਰਿਹਾ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਵੀ ਆਪਸ ਵਿੱਚ ਨਹੀਂ ਬੁਲਾਇਆ ਜਾਂਦਾ। ਮਰਗਤ ’ਤੇ ਤਾਂ ਕੀ ਜਾਵੇਗਾ? ਬੱਚਿਆਂ ਕਾਰਨ ਵੱਡੇ ਬਜੁਰਗਾਂ ਦਾ ਆਪਸ ਵਿਚ ਟਕਰਾਅ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਹਮੇਸ਼ਾ ਕਿਹਾ ਵੀ ਜਾਂਦਾ ਹੈ ਕਿ ਆਪਣਿਆਂ ਨਾਲ ਹੀ ਇਨਸਾਨ ਵੱਡਾ ਹੁੰਦਾ ਹੈ। ਭਰਾ ਆਪਣੇ ਸਕੇ ਭਰਾ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਹੋਇਆ ਹੈ। ਉਸਨੂੰ ਇਹ ਹੁੰਦਾ ਹੈ ਕਿ ਮੇਰਾ ਭਰਾ ਮੇਰੀ ਤਰੱਕੀ ਨੂੰ ਲੈ ਕੇ ਖੁਸ਼ ਨਹੀਂ ਹੈ। ਅੱਜ ਤਾਂ ਅਜਿਹਾ ਸਮਾਂ ਆ ਗਿਆ ਹੈ ਕਿ ਬੇਗਾਨੇ ਨੂੰ ਭਰਾ ਬਣਾਇਆ ਜਾ ਰਿਹਾ ਹੈ ਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਕਈ ਵਾਰ ਜਦੋਂ ਅਸੀਂ ਕਿਸੇ ਤੀਜੇ ਬੰਦੇ ਦੀ ਗੱਲ ਸੁਣਦੇ ਹਾਂ ਤਾਂ ਆਪਸ ਵਿੱਚ ਤਕਰਾਰ ਵੀ ਹੋ ਜਾਂਦਾ ਹੈ। ਕੋਈ ਬੇਗਾਨਾ ਆਪਣਾ ਕਦੇ ਵੀ ਨਹੀਂ ਬਣ ਸਕਦਾ। ਅੱਜ-ਕੱਲ੍ਹ ਦੇ ਰਿਸਤੇ ਮਤਲਬ ਦੇ ਰਹਿ ਚੁੱਕੇ ਹਨ।

    ਚੇਤੇ ਰੱਖੀਏ ਕਿ ਜੇ ਅਸੀਂ ਕਦੇ ਮੁਸੀਬਤ ਵਿਚ ਹੁੰਦੇ ਹਾਂ ਤਾਂ ਦੁੱਖ ਹਮੇਸ਼ਾ ਆਪਣਿਆਂ ਨੂੰ ਹੀ ਆਉਂਦਾ ਹੈ । ਸੇਕ ਹਮੇਸ਼ਾ ਆਪਣਿਆਂ ਨੂੰ ਹੀ ਲੱਗਦਾ ਹੈ। ਕਹਿਣ ਨੂੰ ਤਾਂ ਬੇਗਾਨਾ ਕਹਿ ਦਿੰਦਾ ਹੈ ਕਿ ਮੈਂ ਤੇਰਾ ਭਰਾ ਹਾਂ। ਰਹਿੰਦੀ ਕਾਇਨਾਤ ਤੱਕ ਤੇਰਾ ਭਰਾ ਰਹਾਂਗਾ। ਉਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ। ਆਪਣਾ ਮਤਲਬ ਕੱਢ ਕੇ ਧਰਮ ਭਾਈ-ਭੈਣ ਬਣੇ ਹੋਏ ਚੱਲ ਪੈਂਦੇ ਹਨ। ਚਾਹੇ ਆਪਣਾ ਕਿਹੋ ਜਿਹਾ ਵੀ ਹੋਵੇ, ਹਮੇਸ਼ਾ ਦੁੱਖ ਹਮੇਸ਼ਾ ਆਪਣੇ ਨੂੰ ਹੀ ਆਉਂਦਾ ਹੈ। ਕਦੇ ਨਾ ਕਦੇ ਤਾਂ ਆਪਣਾ ਭਰਾ ਆਪਣਾ ਫਰਜ ਨਿਭਾਉਂਦਾ ਹੀ ਹੈ। ਕਦੇ ਤਾਂ ਉਸ ਨੂੰ ਹੋਏਗਾ ਕਿ ਮੇਰਾ ਭਰਾ ਇਸ ਵੇਲੇ ਮੁਸੀਬਤ ਵਿੱਚ ਹੈ ਜਾਂ ਮੈਂ ਮੁਸੀਬਤ ਵਿੱਚ ਹਾਂ ਅਸੀਂ ਇੱਕ-ਦੂਜੇ ਦੀ ਮੱਦਦ ਕਰਾਂਗੇ। ਹਰ ਘਰ ਵਿਚ ਥੋੜ੍ਹਾ-ਬਹੁਤ ਤਕਰਾਰ ਤਾਂ ਹੁੰਦਾ ਹੀ ਰਹਿੰਦਾ ਹੈ, ਪਰ ਇਹ ਨਹੀਂ ਕਿ ਅਸੀਂ ਆਪਣੇ ਖੂਨ ਦੇ ਰਿਸ਼ਤੇ ਹੀ ਖ਼ਤਮ ਕਰ ਦੇਈਏ। ਆਓ! ਆਪਣਿਆਂ ਨਾਲ ਪਿਆਰ ਪਾਈਏ। ਭਰਾ-ਭੈਣ ਹਮੇਸ਼ਾ ਇੱਕ-ਦੂਜੇ ਦਾ ਸਤਿਕਾਰ ਕਰੀਏ।

    ਸੰਜੀਵ ਸੈਣੀ, ਮੋਹਾਲੀ
    ਮੋ. 78889-66168

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here