Old Age Pension Punjab: ਬਜ਼ੁਰਗਾਂ ਦੀ ਅਕਤੂਬਰ ਤੇ ਨਵੰਬਰ ਮਹੀਨੇ ਦੀ ਪੈਨਸ਼ਨ ਸਰਕਾਰ ਵੱਲ ਖੜ੍ਹੀ
- ਬਜ਼ੁਰਗ ਅਤੇ ਅੰਗਹੀਣਾਂ ਦਾ ਗੁਜ਼ਾਰਾ ਹੋਇਆ ਮੁਸ਼ਕਲ
Old Age Pension Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਬਜ਼ੁਰਗਾਂ ਸਮੇਤ ਅੰਗਹੀਣਾਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਹੀ ਨਸੀਬ ਨਹੀਂ ਹੋਈ, ਜਦਕਿ ਦਸੰਬਰ ਮਹੀਨਾ ਵੀ ਦਸਤਕ ਦੇ ਗਿਆ ਹੈ। ਪੈਨਸ਼ਨ ਨਾ ਮਿਲਣ ਕਾਰਨ ਬਜ਼ੁਰਗਾਂ ਵਿੱਚ ਇਸ ਗੱਲ ਦਾ ਧੁੜਕੂ ਪੈਦਾ ਹੋ ਗਿਆ ਹੈ ਕਿ ਸਰਕਾਰ ਕਿਤੇ ਇਸ ਮਹੀਨੇ ਦੀ ਪੈਨਸ਼ਨ ਹੀ ਰਫ਼ਾ-ਦਫ਼ਾ ਨਾ ਕਰ ਦੇਵੇ। ਬਜ਼ੁਰਗ ਪੈਨਸ਼ਨਰਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੀ ਨਿਗੂਣੀ ਪੈਨਸ਼ਨ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਵੱਡੀ ਗਿਣਤੀ ਬਜ਼ੁਰਗਾਂ ਸਮੇਤ ਅੰਗਹੀਣ ਇਸੇ ਪੈਨਸ਼ਨ ’ਤੇ ਹੀ ਨਿਰਭਰ ਹਨ ਅਤੇ ਉਨ੍ਹਾਂ ਦਾ ਖਰਚਾ ਪਾਣੀ ਇਸੇ ’ਤੇ ਹੀ ਚਲਦਾ ਹੈ। ਉਨ੍ਹਾਂ ਵੱਲੋਂ ਲਗਾਤਾਰ ਆਪਣੇ ਬੈਂਕ ਖਾਤਿਆਂ ’ਤੇ ਟੇਕ ਲਾਈ ਹੋਈ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਅਕਤੂਬਰ ਵਾਲੀ ਪੈਨਸ਼ਨ ਨਵੰਬਰ ਮਹੀਨੇ ਦੇ ਅੰਤ ਵਿੱਚ ਆ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਹੁਣ ਦਸੰਬਰ ਮਹੀਨਾ ਵੀ ਚੜ੍ਹ ਗਿਆ ਹੈ ਅਤੇ ਸਰਕਾਰ ਵੱਲ ਬਜ਼ੁਰਗਾਂ ਸਮੇਤ ਅੰਗਹੀਣਾਂ ਦੀ ਦੋ ਮਹੀਨਿਆਂ ਦੀ ਪੈਨਸ਼ਨ ਇਕੱਠੀ ਹੋ ਗਈ ਹੈ। Old Age Pension Punjab
Read Also : ਕੀ ਨਗਰ ਨਿਗਮ ਦਫਤਰ ਤੇੇ ਸੀਸ ਮਹਿਲ ਦੇ ਨੇੜੇ ਬਣ ਰਿਹੈ ਇੱਕ ਵੱਖਰਾ ਕੂੜਾ ਡੰਪ?, ਕਿਉਂ ਨਹੀਂ ਹੋ ਰਹੀ ਗੌਰ
ਉਂਜ ਜ਼ਿਆਦਾਤਰ ਬਜ਼ੁਰਗਾਂ ਵਿੱਚ ਇਸ ਗੱਲ ਦਾ ਵੀ ਧੁੜਕੂ ਪੈਦਾ ਹੋ ਗਿਆ ਹੈ ਕਿ ਕਿਤੇ ਸਰਕਾਰ ਉਨ੍ਹਾਂ ਦੀ ਅਕਤੂਬਰ ਮਹੀਨੇ ਦੀ ਪੈਨਸ਼ਨ ਹੀ ਵੱਟੇ ਖਾਤੇ ਨਾ ਪਾ ਦੇਵੇ। ਵੱਡੀ ਗਿਣਤੀ ਬਜ਼ੁਰਗਾਂ ਵਿੱਚ ਬੈਕਾਂ ਵਿੱਚ ਪੁੱਜ ਕੇ ਪੈਨਸ਼ਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਪਰ ਅੱਗੋਂ ਬੈਂਕਾਂ ਵਾਲੇ ਹੀ ਇਨ੍ਹਾਂ ਪੈਨਸ਼ਨਰਾਂ ਨਾਲ ਸਿੱਧੇ ਤਰੀਕੇ ਪੇਸ਼ ਨਹੀਂ ਆਉਂਦੇ। ਬਹੁਤੇ ਬਜ਼ੁਰਗਾਂ ਕੋਲ ਮੋਬਾਇਲ ਫੋਨ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਖਾਤੇ ਸਬੰਧੀ ਕਿਸੇ ਅਪਡੇਟ ਦਾ ਪਤਾ ਨਹੀਂ ਲੱਗਦਾ। ਇਸ ਲਈ ਉਨ੍ਹਾਂ ਨੂੰ ਬੈਂਕ ਪੁੱਜ ਕੇ ਹੀ ਆਪਣੀ ਪੈਨਸ਼ਨ ਆਉਣ ਜਾਂ ਨਾ ਆਉਣ ਬਾਰੇ ਜਾਣਕਾਰੀ ਮਿਲਦੀ ਹੈ।
Old Age Pension Punjab
ਬਜ਼ੁਰਗ ਤੇ ਅੰਗਹੀਣ ਪਿਛਲੇ ਇੱਕ ਮਹੀਨੇ ਤੋਂ ਬੈਂਕਾਂ ਦੇ ਚੱਕਰ ਲਾ ਰਹੇ ਹਨ ਪਰ ਇਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਪੈਨਸ਼ਨ ਆਉਣ ਬਾਰੇ ਕੋਈ ਤਾਰੀਖ ਮਿਲੀ ਹੈ। ਪ੍ਰਕਾਸ਼ ਨਾਂਅ ਦੇ ਇੱਕ ਬਜ਼ੁਰਗ ਅੰਗਹੀਣ ਨੇ ਕਿਹਾ ਕਿ ਉਸ ਦੀ ਦਵਾਈ ਚਲਦੀ ਹੈ ਪਰ ਪੈਨਸ਼ਨ ਨਾ ਆਉਣ ਕਾਰਨ ਉਹ ਆਪਣਾ ਚੈੱਕਅਪ ਨਹੀਂ ਕਰਵਾ ਸਕਿਆ।
ਇੱਕ ਹੋਰ ਅੰਗਹੀਣ ਨੇ ਦੱਸਿਆ ਕਿ ਉਹ ਬੱਸ ਅੱਡੇ ’ਤੇ ਮੂੰਗਫਲੀਆਂ ਅਤੇ ਅਮਰੂਦ ਟੋਕਰੀ ਵਿੱਚ ਰੱਖ ਕੇ ਵੇਚਦਾ ਹੈ ਪਰ ਪੈਨਸ਼ਨ ਦੀ ਉਡੀਕ ਕਰ ਰਿਹਾ ਹੈ, ਜੋ ਕਿ ਅਜੇ ਤੱਕ ਨਹੀਂ ਆਈ। ਇਸ ਤੋਂ ਇਲਾਵਾ ਪਿੰਡ ਸਸਾ ਗੁੱਜਰਾਂ ਦੇ ਅਮਰ ਕੌਰ, ਬਰਸਟ ਦੇ ਰਾਮਨਾਥ ਸਿੰਘ, ਕਰਨੈਲ ਸਿੰਘ ਤੇ ਅੰਗਹੀਣ ਗੁਰਵਿੰਦਰ ਸਿੰਘ, ਬਲਬੀਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮਹੀਨੇ ਦੀ 10 ਜਾਂ 11 ਤਾਰੀਕ ਤੱਕ ਬੁਢਾਪਾ ਪੈਨਸ਼ਨ ਉਨ੍ਹਾਂ ਨੂੰ ਮਿਲ ਜਾਂਦੀ ਸੀ, ਪਰ ਹੁਣ ਤਾਂ ਹੱਦ ਹੀ ਹੋ ਗਈ ਹੈ, ਦੋ ਮਹੀਨਿਆਂ ਦੀ ਪੈਨਸ਼ਨ ਸਰਕਾਰ ਵੱਲ ਖੜ੍ਹ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਡਰ ਹੈ ਕਿ ਕਿਤੇ ਸਰਕਾਰ ਇੱਕ ਮਹੀਨੇ ਦੀ ਪੈਨਸ਼ਨ ਹੀ ਨਾ ਮਾਰ ਦੇਵੇ ਅਤੇ ਇੱਕ ਮਹੀਨੇ ਦੀ ਪੈਨਸ਼ਨ ਦੇ ਦੇਵੇ। ਉਨ੍ਹਾਂ ਕਿਹਾ ਕਿ ਸਾਡੇ ਨਾਲੋਂ ਤਾਂ ਹਰਿਆਣਾ ਵਾਲੇ ਵਧੀਆ ਹਨ ਅਤੇ ਉਨ੍ਹਾਂ ਨੂੰ 2500 ਰੁਪਏ ਤੋਂ ਵੀ ਉੱਪਰ ਪੈਨਸ਼ਨ ਮਿਲਦੀ ਹੈ ਤੇ ਸਮੇਂ ਸਿਰ ਮਿਲਦੀ ਰਹਿੰਦੀ ਹੈ ਅਤੇ ਹੋਰ ਸਹੂਲਤਾਂ ਹਰਿਆਣਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਹੱਥ ਤੰਗ ਹੋਣ ਕਾਰਨ ਪੈਨਸ਼ਨ ਦੇਣ ਵਿੱਚ ਦੇਰੀ ਹੋਈ ਹੈ।
ਇਕ ਦੋ ਦਿਨਾਂ ਵਿੱਚ ਪੈਨਸ਼ਨ ਦਾ ਮਸਲਾ ਹੋ ਜਾਵੇਗਾ ਹੱਲ : ਚਰਨਜੀਤ ਸਿੰਘ ਮਾਨ
ਇਸ ਸਬੰਧੀ ਜਦੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਡਾਇਰੈਕਟਰ ਚਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਪੈਨਸ਼ਨ ਖਾਤਿਆਂ ਵਿੱਚ ਆ ਜਾਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਦੋ ਮਹੀਨਿਆਂ ਦੀ ਇਕੱਠੀ ਮਿਲੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ । ਉਨ੍ਹਾਂ ਕਿਹਾ ਕਿ ਇੱਕ-ਦੋ ਜ਼ਿਲ੍ਹਿਆਂ ਦੇ ਬਿੱਲ ਪੈਡਿੰਗ ਸਨ, ਜੋ ਕਿ ਅੱਜ-ਕੱਲ੍ਹ ’ਚ ਕਲੀਅਰ ਹੋ ਜਾਣਗੇ, ਜਿਸ ਤੋਂ ਬਾਅਦ ਪੈਨਸ਼ਨ ਰਿਲੀਜ਼ ਹੋ ਜਾਵੇਗੀ।














