ਚੋਣ ਕਮਿਸ਼ਨ ਨੇ ਲਿਆ ਸਖ਼ਤ ਸਟੈਂਡ, ਬੋਰਡ-ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦੀ ਹੋਈ ਛੁੱਟੀ

Election Commission

ਬੋਰਡ-ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦੀ ਹੋਈ ਛੁੱਟੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੱਦੇਨਜ਼ਰ ਦੋ ਦਿਨਾਂ ਦੇ ਪੰਜਾਬ ਦੌਰੇ ਨੂੰ ਖ਼ਤਮ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ‘ਤੇ ਆਪਣਾ ਸਖ਼ਤ ਡੰਡਾ ਚਲਾ ਦਿੱਤਾ ਹੈ। ਚੋਣ ਕਮਿਸ਼ਨ (Election Commission) ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਤੌਰ ‘ਤੇ ਸਰਕਾਰ ਦੇ ਬੋਰਡ ਅਤੇ ਕਾਰਪੋਰੇਸ਼ਨਾਂ ਵਿੱਚ ਪਿਛਲੇ ਮਹੀਨੇ ਹੀ ਥੋਕ ‘ਚ ਕੀਤੀਆਂ ਗਈਆਂ ਤੈਨਾਤੀਆਂ ਨੂੰ ਚੋਣ ਜ਼ਾਬਤੇ ਤੱਕ ਰੱਦ ਕਰ ਦਿੱਤਾ ਹੈ।

ਹੁਣ ਪੰਜਾਬ ਵਿੱਚ 400 ਤੋਂ ਜ਼ਿਆਦਾ ਬੋਰਡ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰ ਆਪਣੇ ਅਹੁਦੇ ਅਨੁਸਾਰ ਕੋਈ ਵੀ ਕੰਮ ਨਹੀਂ ਕਰ ਸਕਣਗੇ। ਇਸ ਵਿੱਚ ਪੰਜਾਬ ਵਿੱਚ ਨਗਰ ਸੁਧਾਰ ਟਰੱਸਟਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਹੁਣ ਜਦੋਂ ਤੱਕ ਪੰਜਾਬ ਵਿੱਚ ਚੋਣ ਪ੍ਰਕ੍ਰਿਆ ਜਾਰੀ ਰਹੇਗੀ ਅਤੇ ਚੋਣ ਦੇ ਨਤੀਜੇ ਨਹੀਂ ਆ ਜਾਂਦੇ ਹਨ, ਉਸ ਸਮੇਂ ਤੱਕ ਇਸ ਸਾਰੇ ਚੇਅਰਮੈਨ ਅਤੇ ਮੈਂਬਰ ਆਪਣੀ ਅਧਿਕਾਰ ਪੋਸਟ ਤੋਂ ਰੱਦ ਮੰਨੇ ਜਾਣਗੇ ਅਤੇ ਨਵੀਂ ਸਰਕਾਰ ਇਨਾਂ ਸਬੰਧੀ ਅਗਲਾ ਫੈਸਲਾ ਕਰੇਗੀ।

ਚੋਣ ਕਮਿਸ਼ਨ ਨੂੰ ਆਪਣੀ ਸਖ਼ਤ ਕਾਰਵਾਈ ਕਰਨੀ ਪਏਗੀ

ਇਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿੱਚ ਲਗਾਏ ਗਏ ਹਲਕਾ ਇਨਚਾਰਜਾਂ ‘ਤੇ ਵੀ ਡੰਡਾ ਚਲਾਉਂਦੇ ਹੋਏ ਚੋਣ ਕਮਿਸ਼ਨ ਨੇ ਉਨਾਂ ਨੂੰ ਆਪਣੀ ਹੱਦ ਵਿੱਚ ਰਹਿਣ ਦੀ ਹਿਦਾਇਤ ਦਿੰਦੇ ਹੋਏ ਚੋਣ ਪ੍ਰਕ੍ਰਿਆ ਵਿੱਚ ਲਗੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਨਾ ਕਰਨ ਤਾਂ ਹੀ ਠੀਕ ਰਹੇਗਾ। ਜੇਕਰ ਉਹ ਨਾ ਹਟੇ ਤਾਂ ਚੋਣ ਕਮਿਸ਼ਨ ਨੂੰ ਆਪਣੀ ਸਖ਼ਤ ਕਾਰਵਾਈ ਕਰਨੀ ਪਏਗੀ। ਚੰਡੀਗੜ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵਿੱਚ ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੇ ਕਿਹਾ ਕਿ ਪੰਜਾਬ ਦਾ ਜਨਤਾ ਨੂੰ ਡਰਨ ਦੀ ਕੋਈ ਜਰੂਰਤ ਨਹੀਂ ਹੈ, ਉਨਾਂ ਦੀ ਪੂਰੀ ਸੁਰਖਿਆ ਕਰਨ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਖ਼ਾਸ ਤੌਰ ‘ਤੇ ਵੱਡੀ ਗਿਣਤੀ ਵਿੱਚ ਕੇਂਦਰੀ ਅਰਧ ਸੈਨਿਕ ਬਲ ਦੀ ਕੰਪਨੀਆਂ ਭੇਜੀ ਜਾ ਰਹੀਆਂ ਹਨ।

ਉਨਾਂ ਨੇ ਦੱਸਿਆ ਕਿ ਕੁਝ ਸਿਆਸੀ ਪਾਰਟੀਆਂ ਵਲੋਂ ਨੀਲੇ ਕਾਰਡਾਂ ਬਾਰੇ ਇਤਰਾਜ਼ ਜ਼ਾਹਿਰ ਕਰਨ ਤੋਂ ਬਾਅਦ ਉਨਾਂ ਨੇ ਇਨਾਂ ਕਾਰਡਾਂ ਰਾਹੀਂ ਰਾਸ਼ਨ ਵੰਡਣ ‘ਤੇ ਰੋਕ ਲਗਾ ਦਿੱਤੀ ਹੈ ਪਰ ਜੇਕਰ ਰਾਸ਼ਨ ਦੀ ਬਹੁਤ ਹੀ ਜਿਆਦਾ ਲੋੜਵੰਦ ਪਰਿਵਾਰਾਂ ਨੂੰ ਜਰੂਰਤ ਪਈ ਤਾਂ ਚੋਣ ਕਮਿਸ਼ਨ ਦੀ ਦੇਖ ਰੇਖ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਹੀ ਇਸ ਦੀ ਵੰਡ ਕਰਨਗੇ।

ਉਨਾਂ ਇਥੇ ਦੱਸਿਆ ਕਿ ਕਮਿਸ਼ਨ ਨੂੰ ਇਨਕਮ ਟੈਕਸ ਦੇ ਨੋਡਲ ਅਫ਼ਸਰਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀਂ ਹੈ ਕਿ ਇਨਾਂ ਚੋਣਾਂ ਵਿੱਚ ਪੈਸਾ ਵੱਡੇ ਪੱਧਰ ‘ਤੇ ਇੱਧਰ ਤੋਂ ਉੱਧਰ ਹੋਵੇਗਾ ਅਤੇ ਉਨਾਂ ਦੀ ਤਿੱਖੀ ਨਜ਼ਰ ਉਨਾਂ ਲੀਡਰਾਂ ਅਤੇ ਵਿਅਕਤੀਆਂ ਸਣੇ ਬੈਂਕਾਂ ‘ਤੇ ਹੈ, ਜਿਹੜੇ ਕਿ ਇਸ ਨੂੰ ਅੰਜਾਮ ਦੇ ਸਕਦੇ ਹਨ। ਉਨਾਂ ਕਿਹਾ ਕਿ ਪੈਸੇ ਦੇ ਲੈਣ ਦੇਣ ਅਤੇ ਵੋਟਰਾਂ ‘ਚ ਪੈਸੇ ਦੀ ਵੰਡ ਨੂੰ ਰੋਕਣ ਲਈ ਕਮਿਸ਼ਨ ਪੂਰੀ ਤਿਆਰੀ ਨਾਲ ਕੰਮ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ