ਪਿੰਡ ਵਾਸੀਆਂ ਆਈਜੀ ਨੂੰ ਮਿਲ ਕੇ ਡੀਐਸਪੀ ਖਿਲਾਫ਼ ਕੀਤੀ ਕਾਰਵਾਈ ਦੀ ਮੰਗ
ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ‘ਚ ਇੱਕ ਡੀਐਸਪੀ ਮੌੜ ਵੱਲੋਂ ਨੌਜਵਾਨ ਦੇ ਕਥਿਤ ਤੌਰ ‘ਤੇ ਥੱਪੜ ਮਾਰਨ ਦਾ ਮਾਮਲਾ ਬਠਿੰਡਾ ਰੇਂਜ ਦੇ ਆਈਜੀ ਕੋਲ ਪੁੱਜ ਗਿਆ ਹੈ ਪਿੰਡ ਦੇ ਪਤਵੰਤਿਆਂ ਦੇ ਵਫਦ ਨੇ ਆਈਜੀ ਐਮਐਫ ਫਾਰੂਕੀ ਨਾਲ ਮੁਲਾਕਾਤ ਕਰਕੇ ਡੀਐਸਪੀ ਮੌੜ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਲਿਖਤੀ ਰੂਪ ‘ਚ ਸ਼ਕਾਇਤ ਦਿੱਤੀ ਸੀ। ਪਿੰਡ ਵਾਸੀ ਤੇ ਜਮਹੂਰੀ ਅਧਿਕਾਰ ਸਭਾ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਮੰਡੀ ਕਲਾਂ ਨੇ ਦੱਸਿਆ ਕਿ ਪੰਜ ਅਗਸਤ ਨੂੰ ਨਸ਼ਾ ਵਿਰੋਧੀ ਮੁਹਿੰਮ ਤਹਿਤ ਡੀਐਸਪੀ ਮੌੜ ਦੀ ਅਗਵਾਈ ‘ਚ ਪੁਲਿਸ ਨੇ ਮੰਡੀ ਕਲਾਂ ਵਿਚ ਛਾਪਾ ਮਾਰਿਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਨਸ਼ਾ ਤਸਕਰਾਂ ਨੂੰ ਅਗੇਤੀ ਸੂਚਨਾ ਮਿਲ ਗਈ ਤਾਂ ਉਹ ਖਿਸਕ ਗਏ ਜਦੋਂ ਪੁਲਿਸ ਦੀ ਕਾਰਵਾਈ ਅਸਫਲ ਹੋ ਗਈ ਤਾਂ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵੱਲੋਂ ਡੀਐਸਪੀ ਮੌੜ ਨੂੰ ਸਵਾਲ ਕੀਤਾ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਫੜ ਕੇ ਲੈ ਜਾਂਦੀ ਹੈ ਅਤੇ ਫਿਰ ਛੱਡ ਦਿੰਦੀ ਹੈ, ਇਸ ਦਾ ਕੀ ਫਾਇਦਾ ਹੈ? ਉਨ੍ਹਾਂ ਦੱਸਿਆ ਕਿ ਇਸ ਮੌਕੇ ਡੀਐਸਪੀ ਨੇ ਲਖਵਿੰਦਰ ਸਿੰਘ ਦੇ ਕਥਿਤ ਤੌਰ ‘ਤੇ ਥੱਪੜ ਮਾਰਿਆ ਅਤੇ ਕਥਿਤ ਗਾਲੀ ਗਲੋਚ ਕੀਤਾ ਪੁਲਿਸ ਅਧਿਕਾਰੀ ਨੇ ਇਹ ਸਭ ਪਿੰਡ ਵਾਸੀਆਂ ਦੇ ਸਾਹਮਣੇ ਕੀਤਾ ਅਤੇ ਹੋਰ ਵੀ ਕਈ ਤਰ੍ਹਾਂ ਦੀ ਮੰਦੀ ਭਾਸ਼ਾ ਵਰਤੀ ਹੈ।
ਜਮਹੂਰੀ ਅਧਿਕਾਰ ਸਭਾ ਦੇ ਆਗੂ ਨੇ ਦੱਸਿਆ ਕਿ ਪੁਲਿਸ ਲਖਵਿੰਦਰ ਸਿੰਘ ਨੂੰ ਗੱਡੀ ‘ਚ ਸੁੱਟ ਕੇ ਲੈ ਗਈ। ਜਾਨੋ ਮਾਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ ਉਨ੍ਹਾਂ ਦੱਸਿਆ ਕਿ ਭਾਵੇਂ ਪੰਚਾਇਤ ਦੇ ਦਬਾਅ ਕਾਰਨ ਨੌਜਵਾਨ ਨੂੰ ਛੱਡ ਦਿੱਤਾ ਸੀ ਪਰ ਐਨੇ ਦਿਨ ਬਾਅਦ ਵੀ ਪੁਲਸ ਪ੍ਰਸਾਸ਼ਨ ਵੱਲੋਂ ਡੀਐਸਪੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂਕਿ ਪੀੜਤ ਨੇ ਉਸੇ ਦਿਨ ਉੱਚ ਅਧਿਕਾਰੀਆਂ ਨੂੰ ਈਮੇਲ ਕਰਕੇ ਜਾਣੂੰ ਕਰਵਾ ਦਿੱਤਾ ਸੀ ਵਫਦ ਨੇ ਸਬੰਧਤ ਪੁਲਸ ਅਧਿਕਾਰੀ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਵਫਦ ‘ਚ ਮਾਸਟਰ ਲਾਭ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਰਣਜੀਤ ਸਿੰਘ।
ਕੌਂਸਲਰ ਸੁਖਦੇਵ ਸਿੰਘ, ਗੁਰਦੀਪ ਸਿੰਘ ਖਾਲਸਾ ,ਮਿੱਠੂ ਸਿੰਘ ਅਤੇ ਕੌਂਸਲਰ ਜਗਜੀਤ ਸਿੰਘ ਸਮੇਤ ਪਤਵੰਤੇ ਵੀ ਸ਼ਾਮਲ ਸਨ ਡੀਐਸਪੀ ਮੌੜ ਜਸਬੀਰ ਸਿੰਘ ਨੇ ਉਨ੍ਹਾਂ ‘ਤੇ ਲਾਏ ਦੋਸ਼ਾਂ ਨੂੰ ਨਿਰਅਧਾਰ ਦੱਸਿਆ ਹੈ ਉਨ੍ਹਾਂ ਕਿਹਾ ਕਿ ਉਹ ਗਜ਼ਟਿਡ ਅਫਸਰ ਹਨ ਭਲਾਂ ਉਹ ਕਿਸੇ ਨੂੰ ਥੱਪੜ ਕਿਓਂ ਮਾਰਨਗੇ ਉਨ੍ਹਾਂ ਕਿਹਾ ਕਿ ਪਿੰਡ ‘ਚ ਪਾਰਟੀਬਾਜੀ ਹੋਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਕੀਤੀ ਜਾਏਗੀ ਅਤੇ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਮੁਤਾਬਕ ਉਹ ਕਾਰਵਾਈ ਕਰਨਗੇ।