ਚਾਰ ਮਹੀਨੇ ਪਹਿਲਾਂ ਰੱਖੇ ਡਰਾਇਵਰ ਨੇ ਮਾਲਕ ਨਾਲ ਕੀਤਾ ਵਿਸ਼ਵਾਸ਼ਘਾਤ

Froud alerts

ਉਗਰਾਹੀ ਦੇ ਸਵਾ ਦੋ ਲੱਖ ਦੀ ਨਕਦੀ ਲੈ ਕੇ ਪਰਿਵਾਰ ਸਮੇਤ ਹੋਇਆ ਰਫ਼ੂ ਚੱਕਰ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਕੱਪੜਾ ਕਾਰੋਬਾਰੀ ਨਾਲ ਉਸ ਦਾ ਡਰਾਇਵਰ ਹੀ ਵਿਸ਼ਵਾਸ਼ਘਾਤ (Ludhiana News) ਕਰ ਗਿਆ। ਜਿਸ ਦੇ ਸਬੰਧ ’ਚ ਪੁਲਿਸ ਨੇ ਕੱਪੜਾ ਕਾਰੋਬਾਰੀ ਦੇ ਬਿਆਨਾਂ ’ਤੇ ਸਵਾ ਦੋ ਲੱਖ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋਣ ਵਾਲੇ ਡਰਾਇਵਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨਹਿਰੂ ਨਗਰ ਮਾਡਲ ਟਾਊਨ ਨੇ ਦੱਸਿਆ ਕਿ ਉਸ ਦਾ ਕੱਪੜੇ ਦੀ ਟ੍ਰੇਡਿੰਗ ਦੇ ਨਾਲ-ਨਾਲ ਮੈਨਫੈਕਚਰਿੰਗ ਯੂਨਿਟ ਦਾ ਵੀ ਕੰਮ ਹੈ। ਨੌਕਰ ਰਖਵਾਉਣ ਵਾਲੀ ਐਪ ਦੇ ਜਰੀਏ ਉਨਾਂ ਨੇ ਪੇਮੈਂਟ ਇਕੱਠੀ ਕਰਨ ਅਤੇ ਕਾਰੋਬਾਰ ਦੇ ਹੋਰ ਕੰਮਾਂ ਲਈ ਦਾਨਿਸ ਚੱਡਾ ਨੂੰ ਨੌਕਰੀ ’ਤੇ ਰੱਖਿਆ ਸੀ। ਜਿਸ ਨੂੰ ਰਹਿਣ ਲਈ ਉਨਾਂ ਸ਼ਾਸਤਰੀ ਨਗਰ ਇਲਾਕੇ ’ਚ ਘਰ ਵੀ ਲੈ ਕੇ ਦਿੱਤਾ ਗਿਆ ਸੀ।

ਉਨਾਂ ਦੱਸਿਆ ਕਿ ਦਾਨਿਸ ਨੇ ਚਾਰ ਮਹੀਨਿਆਂ ਵਿਚ ਕਈ ਵਾਰ ਬਜਾਰ ਪੇਮੈਂਟ ਲਿਆਂਦੀ ਅਤੇ ਵਿਸ਼ਵਾਸ਼ ਕਾਇਮ ਕਰ ਲਿਆ ਪਰ 4 ਮਈ ਨੂੰ ਜਦ ਉਨਾਂ ਮੁੜ ਦਾਨਿਸ ਨੂੰ ਬਜਾਰ ਚੋਂ ਪੇਮੈਂਟ ਲੈਣ ਲਈ ਆਪਣੀ ਐਕਟਿਵਾ ਸਕੂਟਰ ’ਤੇ ਭੇਜਿਆ ਤਾਂ ਉਹ ਪੇਮੈਂਟ ਹਾਸਲ ਕਰਨ ਉਪਰੰਤ ਕਈ ਘੰਟਿਆਂ ਤੱਕ ਉਨਾਂ ਕੋਲ ਵਾਪਸ ਨਾ ਪਰਤਿਆ। ਜਿਸ ਤੋਂ ਬਾਅਦ ਉਨਾਂ ਆਪਣੇ ਇੱਕ ਹੋਰ ਮੁਲਾਜ਼ਮ ਨੂੰ ਉਸ ਦੇ ਸ਼ਾਸਤਰੀ ਨਗਰ ’ਚ ਸਥਿੱਤ ਘਰ ਭੇਜਿਆ, ਜਿੱਥੋਂ ਦਾਨਿਸ ਆਪਣੇ ਪਰਿਵਾਰ ਸਮੇਤ ਗਾਇਬ ਸੀ ਪਰ ਕੁੱਝ ਸਮੇਂ ਬਾਅਦ ਉਨਾਂ ਨੂੰ ਉਨਾਂ ਦਾ ਐਕਟਿਵਾ ਸਕੂਟਰ ਸਮਰਾਲਾ ਚੌਕ ਤੋ ਮਿਲ ਗਿਆ। ਪੁੱਛਗਿੱਛ ਪਿੱਛੋਂ ਉਨਾਂ ਨੂੰ ਪਤਾ ਲੱਗਾ ਕਿ ਦਾਨਿਸ ਮਹਾਂਵੀਰ ਜੈਨ ਕਲੋਨੀ ’ਚੋਂ 2.24 ਲੱਖ ਰੁਪਏ ਦੀ ਨਕਦੀ ਲੈ ਗਿਆ ਹੈ। ਜਿਸ ਦੇ ਸਬੰਧ ’ਚ ਉਨਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਇਸਲਾਮਾਬਾਦ ਹਾਈਕੋਰਟ ਤੋਂ ਇਮਰਾਨ ਖਾਨ ਗ੍ਰਿਫਤਾਰ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੱਪੜਾ ਕਾਰੋਬਾਰੀ ਜਸਪਾਲ ਸਿੰਘ ਦੀ ਸ਼ਿਕਾਇਤ ਮਿਲਣ ’ਤੇ ਦਾਨਿਸ ਚੱਡਾ ਵਾਸੀ 136 ਬੀ ਸ਼ਾਸਤਰੀ ਨਗਰ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਭਾਲ ਆਰੰਭ ਦਿੱਤੀ ਹੈ।