ਪਾਸ ਪ੍ਰਤੀਸ਼ਤਤਾ ‘ਚ ਮੁਕਤਸਰ ਦੀ ਝੰਡੀ | Bathinda News
- ਮਾਨਸਾ ਦੂਜੇ ਸਥਾਨ ਤੇ ਬਠਿੰਡਾ ਨੂੰ ਚੌਥਾ ਸਥਾਨ | Bathinda News
ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ (Bathinda News) ਖਿੱਤੇ ‘ਚ ਪੈਂਦੇ ਜਿਲ੍ਹਿਆਂ ਦੇ ਵਿਆਿਰਥੀਆਂ ਨੇ ਪਛੜੇ ਹੋਣ ਦਾ ਦਾਗ ਧੋਅ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸਾਇੰਸ, ਕਾਮਰਸ ਅਤੇ ਆਰਟਸ ਸਟਰੀਮ ਨਾਲ ਸਬੰਧਤ ਵਿਦਿਆਰਥੀਆਂ ਦੇ 12ਵੀਂ ਕਲਾਸ ਦੇ ਅੱਜ ਐਲਾਨੇ ਨਤੀਜਿਆਂ ਦੌਰਾਨ ਪਾਸ ਪ੍ਰਤੀਸ਼ਤਤਾ ਲੈਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਹਿਬ ਦੀ ਝੰਡੀ ਰਹੀ ਹੈ ਜਦੋਂ ਕਿ ਮਾਨਸਾ ਦੇ ਵਿਦਿਆਰਥੀ ਵੀ ਦੂਸਰੇ ਸਥਾਨ ਤੇ ਕਬਜਾ ਜਮਾਉਣ ‘ਚ ਸਫਲ ਰਹੇ ਹਨ। ਹੈਰਾਨ ਕਰ ਦੇਣ ਵਾਲੇ ਤੱਥ ਹਨ ਕਿ ਇਨ੍ਹਾਂ ਦੋਵਾਂ ਜਿਲ੍ਹਿਆਂ ਨੇ ਇਸ ਮਾਮਲੇ ‘ਚ ਪੜ੍ਹੇ ਲਿਖੇ ਮੰਨੇ ਜਾਂਦੇ ਜਿਲ੍ਹਾ ਲੁਧਿਆਣਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਰਵਿਆਂ ਮੁਤਾਬਕ ਬੇਹੱਦ ਮੰਦਾ ਹਾਲ ਤਰਨਤਾਰਨ ਜਿਲ੍ਹਾ ਦੇ ਰਿਹਾ, ਜਿਸ ਦੀ ਪਾਸ ਪ੍ਰਤੀਸ਼ਤਤਾ ਸਿਰਫ 31.60 ਫੀਸਦੀ ਰਹੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਰਹੀ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਇਲਾਕੇ ਨਾਲ ਸਬੰਧਤ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹੇ ਵੀ ਮਾੜੇ ਨਤੀਜਿਆਂ ਵਾਲੇ ਰਹੇ ਹਨ। ਪੰਜਾਬ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ 65.97 ਫੀਸਦੀ ਰਹੀ, ਜਿਸ ਨੂੰ ਕਰਾਸ ਕਰਨ ‘ਚ 17 ਜਿਲ੍ਹਿਆਂ ਨੇ ਸਫਲਤਾ ਹਾਸਲ ਕੀਤੀ ਹੈ। ਨਤੀਜਿਆਂ ‘ਚ ਬਠਿੰਡਾ ਜਿਲ੍ਹਾ ਚੌਥੇ ਸਥਾਨ ਤੇ ਆਇਆ ਹੈ ਅਤੇ ਇਸ ਜਿਲ੍ਹੇ ਦੀ ਪਾਸ ਪ੍ਰਤੀਸ਼ਤਤਾ ਦਾ ਲੁਧਿਆਣਾ ਨਾਲੋਂ ਥੋੜ੍ਹਾ ਜਿਹਾ ਅੰਤਰ ਹੀ ਰਹਿ ਗਿਆ ਹੈ।
ਮਾਲਵੇ ਦੇ ਇੰਨ੍ਹਾਂ ਜਿਲ੍ਹਿਆਂ ‘ਚ ਸਿੱਖਿਆ ਸਬੰਧੀ ਆਏ ਬਦਲਾਅ ਨੂੰ ਕਾਫੀ ਸਿਹਤਮੰਦ ਤਬਦੀਲੀ ਅਤੇ ਚੰਗਾ ਸ਼ਗਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਉਲਟ ਫੇਰ ‘ਚ ਵੱਡਾ ਯੋਗਦਾਨ ਪ੍ਰਾਈਵੇਟ ਸਕੂਲਾਂ ਦਾ ਹੀ ਰਿਹਾ ਹੈ, ਜਿਸ ਕਰਕੇ ਸਿੱਖਿਆ ਮਾਹਿਰ ਸਰਕਾਰੀ ਸਿੱਖਿਆ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੇ ਹਨ।