ਟਰੱਕ ਯੂਨੀਅਨ ਮੌੜ ’ਤੇ ਕਬਜ਼ੇ ਨੂੰ ਲੈ ਕੇ ਚੱਲੇ ਇੱਟਾਂ ਰੋੜੇ ਅਤੇ ਡਾਂਗਾਂ

Truck Union Maur

ਟਰੱਕ ਆਪਰੇਟਰਾਂ ਨੇ ਹਲਕਾ ਵਿਧਾਇਕ ’ਤੇ ਲਾਏ ਧੱਕੇਸ਼ਾਹੀ ਦੇ ਦੋਸ਼

(ਰਾਕੇਸ਼ ਗਰਗ) ਮੌੜ ਮੰਡੀ। ਟਰੱਕ ਯੂਨੀਅਨ ਮੌੜ ਵਿਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕੁਝ ਵਿਅਕਤੀਆਂ ਨੇ ਯੂਨੀਅਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਟਰੱਕ ਆਪਰੇਟਰਾਂ (Truck Union Maur) ਵੱਲੋਂ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਮੌਕੇ ਤੋਂ ਖਦੇੜ ਦਿੱਤਾ ਗਿਆ। ਇਸ ਮੌਕੇ ਦੋਵਾਂ ਧਿਰਾਂ ਵਿਚ ਕਾਫੀ ਜਿਆਦਾ ਪੱਥਰਬਾਜ਼ੀ ਅਤੇ ਡਾਂਗਾਂ ਸੋਟੀਆਂ ਵੀ ਚੱਲੀਆਂ। ਇਸ ਮੌਕੇ ਇਕ ਪੱਤਰਕਾਰ ਦਾ ਮੋਬਾਇਲ ਵੀ ਪੂਰੀ ਤਰ੍ਹਾਂ ਭੰਨ ਦਿੱਤਾ ਗਿਆ। ਪੁਲਿਸ ਨੇ ਮੌਕੇ ’ਤੇ ਆ ਕੇ ਇਸ ਸਥਿਤੀ ਨੂੰ ਆਪਣੇ ਕੰਟਰੋਲ ਵਿਚ ਲਿਆ।

ਯੂਨੀਅਨ ਉੱਪਰ ਧੱਕੇ ਨਾਲ ਕਬਜ਼ਾ ਕਰਵਾਉਣ ਦੀ ਕੋਸ਼ਿਸ਼

ਇਸ ਮਾਮਲੇ ਦੇ ਸਬੰਧ ਵਿਚ ਟਰੱਕ ਆਪਰੇਟਰਾਂ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਮੌੜ ਪੁਲਿਸ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਸ਼ਹਿ ’ਤੇ ਧੱਕੇ ਨਾਲ ਕੁਝ ਬਾਹਰਲੇ ਬੰਦਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਟਰੱਕ ਆਪਰੇਟਰਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਉਹ ਯੂਨੀਅਨ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੋਣ ਦੇਣਗੇ।

ਟਰੱਕ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਕੁੱਤੀਵਾਲ ਨੇ ਹਲਕਾ ਵਿਧਾਇਕ ’ਤੇ ਸਿੱਧੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਸ ਵਾਰ ਢੋਆ ਢੁਆਈ ਦੇ ਟੈਂਡਰ ਯੂਨੀਅਨ ਵੱਲੋਂ ਖੁਦ ਪਾਏ ਗਏ ਹਨ ਪ੍ਰੰਤੂ ਵਿਧਾਇਕ ਇਹ ਟੈਂਡਰ ਆਪਣੇ ਕਿਸੇ ਖਾਸ ਬੰਦੇ ਨੂੰ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਨੂੰ ਲੈ ਕੇ ਹੀ ਉਹ ਕੁਝ ਬਾਹਰਲੇ ਬੰਦਿਆਂ ਨੂੰ ਲਿਆ ਕੇ ਯੂਨੀਅਨ ਉੱਪਰ ਧੱਕੇ ਨਾਲ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਟਰੱਕ ਆਪਰੇਟਰ ਇਕਜੁੱਟ ਹਨ ਅਤੇ ਉਹ ਕਿਸੇ ਦਾ ਵੀ ਯੂਨੀਅਨ ਉੱਪਰ ਕਬਜ਼ਾ ਨਹੀ ਹੋਣ ਦੇਣਗੇ।

ਯੂਨੀਅਨ ’ਤੇ ਕਿਸੇ ਨੂੰ ਵੀ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ: ਸਾਬਕਾ ਵਿਧਾਇਕ ਕਮਾਲੂ

ਇਸ ਮੌਕੇ ਆਪਰੇਟਰਾਂ ਦੇ ਹੱਕ ਵਿਚ ਪਹੁੰਚੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਜਿਹਾ ਕਿ ਮਹਿੰਗਾਈ ਦੀ ਮਾਰ ਥੱਲੇ ਦੱਬੇ ਹੋਏ ਆਪਰੇਟਰ ਤਾਂ ਪਹਿਲਾਂ ਹੀ ਬਹੁਤ ਔਖੇ ਹੋ ਕੇ ਜੂਨ ਗੁਜ਼ਾਰਾ ਕਰ ਰਹੇ ਹਨ ਅਤੇ ਹੁਣ ਜਦ ਕੋਈ ਸੱਤਾ ਦੇ ਨਸ਼ੇ ਵਿਚ ਉਨ੍ਹਾਂ ਦਾ ਢਿੱਡ ਉੱਪਰ ਲੱਤ ਮਾਰਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਟਰੱਕ ਆਪਰੇਟਰਾਂ ਨਾਲ ਡੱਟ ਕੇ ਖੜ੍ਹਨਗੇ। ਐਸ.ਪੀ ਬਠਿੰਡਾ ਗੁਰਵਿੰਦਰ ਸਿੰਘ ਸੰਘਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਯੂਨੀਅਨ ਉੱਪਰ 144 ਲੱਗੀ ਹੋਈ ਹੈ ਇੱਥੇ ਕਿਸੇ ਨੂੰ ਵੀ ਇਕੱਠ ਨਹੀ ਕਰਨ ਦਿੱਤਾ ਜਾਵੇਗਾ ਅਤੇ ਨਾਂ ਹੀ ਕਿਸੇ ਨੂੰ ਗੁੰਡਾਗਰਦੀ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ। ਖਬਰ ਲਿਖੇ ਜਾਣ ਤੱਕ ਟਰੱਕ ਆਪਰੇਟਰ ਯੂਨੀਅਨ ਦੇ ਅੰਦਰ ਬੈਠੇ ਹੋਏ ਸਨ ਅਤੇ ਪੁਲਿਸ ਯੂਨੀਅਨ ਦੇ ਬਾਹਰ ਪੂਰੀ ਤਰ੍ਹਾਂ ਮੁਸਤੈਦ ਸੀ। ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ