ਸਭ ’ਤੇ ਭਾਰੀ, ਈਰਖਾ ਦੀ ਬਿਮਾਰੀ!
ਈਰਖਾ ਕੋਈ ਸਰੀਰਕ ਬਿਮਾਰੀ ਤਾਂ ਨਹੀਂ ਹੈ, ਪਰ ਇਸ ਦੀ ਜ਼ਿਆਦਾ ਮਾਤਰਾ ਤੋਂ ਪੀੜਤ ਲੋਕ ਨਾ ਸਿਰਫ ਮਾਨਸਿਕ ਸਗੋਂ ਸਰੀਰਕ ਹੀਣਤਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਉਂਜ ਤਾਂ ਹਮੇਸ਼ਾ ਤੋਂ ਹੀ ਈਰਖਾ, ਮਨੁੱਖੀ ਸੁਭਾਅ ਦਾ ਅਹਿਮ ਹਿੱਸਾ ਸੀ, ਹੁਣ ਵੀ ਹੈ ਅਤੇ ਹਮੇਸ਼ਾ ਰਹੇਗੀ, ਦਰਅਸਲ ਈਰਖਾ ਦੀ ਭਾਵਨਾ ਸਾਡੇ ਸਾਰਿਆਂ ਵਿੱਚ ਹੈ, ਪਰ ਤੁਹਾਡੇ ਵਿੱਚ ਇਸ ਬਿਮਾਰੀ ਦੀ ਮਾਤਰਾ ਕਿੰਨੀ ਕੁ ਹੈ, ਇਹ ਨਿਰਧਾਰਤ ਕਰੇਗਾ ਕਿ ਤੁਸੀਂ ਨੈਤਿਕਤਾ ਦੇ ਪੈਮਾਨੇ ’ਤੇ ਕਿੱਥੇ ਖੜ੍ਹਦੇ ਹੋ। ਅਸਲ ਵਿੱਚ ਤੁਹਾਡਾ ਹੁਨਰ, ਯੋਗਤਾ, ਪ੍ਰਾਪਤੀਆਂ, ਪ੍ਰਸਿੱਧੀ, ਸਮਰੱਥਾ, ਕਾਬਲੀਅਤ, ਭਰੋਸੇਯੋਗਤਾ ਅਤੇ ਵਿਲੱਖਣਤਾ ਹੀ, ਤੁਹਾਡੇ ਨਾਲ ਹੁੰਦੀ ਈਰਖਾ ਦਾ ਪ੍ਰਮੁੱਖ ਕਾਰਨ ਹੈ।
ਤੁਹਾਡੇ ਇਨ੍ਹਾਂ ਸਾਰੇ ਗੁਣਾਂ ਦਾ ਪਤਾ, ਪਹਿਲਾਂ ਤੁਹਾਡੇ ਨੇੜਲੇ ਸੱਜਣ-ਮਿੱਤਰਾਂ ਨੂੰ ਹੀ ਲੱਗਦਾ ਏ, ਇਸੇ ਕਰਕੇ ਉਹ ਲੋਕ ਜੋ ਸਾਡੇ ਨਾਲ ਈਰਖਾ ਕਰਦੇ ਹਨ, ਅਕਸਰ ਸਾਡੇ ਨਜ਼ਦੀਕੀ ਹੀ ਹੁੰਦੇ ਹਨ। ਬਹੁਤੇ ਲੋਕ ਤਾਂ ਇਹ ਸੋਚਦੇ ਹਨ ਕਿ ਮੇਰਾ ਮਿੱਤਰ, ਸੱਜਣ, ਦੋਸਤ ਕਿਸੇ ਵੀ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਭਾਵੇਂ ਕਰ ਲਵੇ, ਪਰ ਉਹ ਮੇਰੇ ਤੋਂ ਅੱਗੇ ਨਾ ਨਿੱਕਲ ਜਾਵੇ। ਉਹ ਲੋਕ ਜਿਨ੍ਹਾਂ ਵਿੱਚ ਤੁਹਾਡੇ ਪ੍ਰਤੀ ਬਹੁਤ ਜ਼ਿਆਦਾ ਈਰਖਾ ਹੁੰਦੀ ਹੈ,
ਸ਼ੁਰੂ ਵਿੱਚ ਤੁਹਾਡੀ ਤਰੱਕੀ ਵੇਖ ਕੇ ਜਿਆਦਾ ਸਾੜਾ ਕਰਦੇ ਹਨ, ਪਰ ਜਦੋਂ ਤੁਹਾਡੀ ਤਰੱਕੀ ਦਿਨ-ਪ੍ਰਤੀਦਿਨ ਵਧਦੀ ਰਹਿੰਦੀ ਹੈ, ਤਾਂ ਉਹ ਤੁਹਾਡੇ ਖਿਲਾਫ ਭੰਡੀਪ੍ਰਚਾਰ, ਚੁਗਲੀਆਂ ਤੇ ਫੇਰ ਸਾਜ਼ਿਸ਼ਾਂ ਕਰਨ ਤੱਕ ਜਾਂਦੇ ਹਨ ਪਰ ਫਿਰ ਇੱਕ ਦਿਨ ਅਜਿਹਾ ਆਉਂਦਾ ਹੈ, ਕਿ ਤੁਸੀਂ ਆਪਣੀ ਸਖਤ ਮਿਹਨਤ ਤੇ ਕਾਬਲੀਅਤ ਨਾਲ, ਹਰੇਕ ਖੇਤਰ ਵਿੱਚ ਇਹਨਾਂ ਈਰਖਾ ਦੇ ਪੁਤਲਿਆਂ ਤੋਂ ਬਹੁਤ ਅੱਗੇ ਲੰਘ ਜਾਂਦੇ ਹੋ, ਫਿਰ ਉਹ ਤੁਹਾਡੇ ਤੋਂ ਈਰਖਾ ਨਹੀਂ ਕਰਦੇ, ਸਗੋਂ ਲੋਕਾਂ ’ਚ ਪ੍ਰਚਾਰ ਕਰਦੇ ਹਨ ਕਿ ਤੁਹਾਡੀ ਸਫਲਤਾ ਵਿੱਚ ਉਨ੍ਹਾਂ ਦਾ ਵੀ ਬਹੁਤ ਮਹੱਤਵਪੂਰਨ ਯੋਗਦਾਨ ਹੈ।
ਆਓ! ਇੱਕ ਸੱਚੀ ਕਹਾਣੀ ਸਾਂਝੀ ਕਰਦੇ ਹਾਂ, ਮੇਰਾ ਇੱਕ ਜਾਣਕਾਰ, ਰਮੇਸ਼, ਜੋ ਕਿਸੇ ਪਿੰਡ ਦੇ ਇੱਕ ਆਮ ਘਰ ਦਾ ਹੋਣਹਾਰ ਮੁੰਡਾ ਹੈ, ਜੋ ਹਾਲ ਹੀ ਵਿੱਚ ਬਿਜਲੀ ਬੋਰਡ ’ਚ ਸਿੱਧਾ ਐਸ ਡੀ ਓ ਵਜੋਂ ਨਿਯੁਕਤ ਹੋਇਆ ਏ। ਉਸ ਦੇ ਪਿੰਡ ਦਾ ਅਖੌਤੀ ਚੌਧਰੀ, ਜਿਸ ਨੇ ਕਿਸੇ ਸਮੇਂ ਰਾਜਨੀਤਿਕ ਵੈਰ ਦੀ ਭਾਵਨਾ ਨਾਲ, ਰਮੇਸ਼ ਦੇ ਗਰੀਬ ਪਰਿਵਾਰ ਦਾ ਲਾਭਪਾਤਰੀ ਕਾਰਡ ਕਟਵਾ ਦਿੱਤਾ ਸੀ, ਕਿਸੇ ਕੰਮ ਲਈ ਉਸਦੇ ਦਫਤਰ ਆਇਆ ਪਰ ਅੱਗੇ ਰਮੇਸ਼ ਐਸਡੀਓ ਦੀ ਕੁਰਸੀ ’ਤੇ ਸੀ,
ਈਰਖਾ ਦਾ ਮਾਰਿਆ ਪਹਿਲਾਂ ਤਾਂ ਉਹ ਰੁਕ ਗਿਆ, ਪਰ ਈਰਖਾਲੂ ਪ੍ਰਵਿਰਤੀ ਦੇ ਲੋਕਾਂ ’ਚ ਬੇਸ਼ਰਮੀ ਦਾ ਗੁਣ ਵੀ ਕਦੇ ਘੱਟ ਨਹੀਂ ਹੁੰਦਾ, ਅੱਗੇ ਜਾ ਬਣਾਉਟੀ ਖੁਸ਼ੀ ਦਿਖਾਉਂਦਾ, ਰਮੇਸ਼ ਨੂੰ ਧੱਕੇ ਨਾਲ ਅਸ਼ੀਰਵਾਦ ਦੇਣ ਦੀ ਓਵਰ ਐਕਟਿੰਗ ਦੇ ਨਾਲ ਹੀ ਰਮੇਸ਼ ਦੇ ਪਰਿਵਾਰ ਨਾਲ ਬੇਲੋੜੀ ਨੇੜਤਾ ਦੀਆਂ ਝੂਠੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ, ਰਮੇਸ਼ ਨੂੰ ਚੌਧਰੀ ਜਾਂਦਾ ਨਾ ਲੱਗਿਆ ਤਾਂ ਉਹਨੂੰ ਤੋਰਨ ਲਈ ਚਾਹ ਮੰਗਵਾਉਣੀ ਪਈ, ਚਾਹ ਪੀ ਕੇ ਚੌਧਰੀ, ਰਮੇਸ਼ ਨੂੰ ਸਣਾਉਂਦਾ, ਕੋਲ ਬੈਠੇ ਜੇਈ ਸੋਢੀ ਨੂੰ ਕਹਿੰਦਾ, ਸੋਢੀ, ਹੁਣ ਸਾਡੇ ਪਿੰਡ ਦਾ ਮਾਣ, ਸਾਡਾ ਆਪਣਾ ਬੱਚਾ ਰਮੇਸ਼ ਅਫਸਰ ਬਣ ਗਿਆ ਹੈ, ਹੁਣ ਮੇਰੀ ਬਿਜਲੀ ਮੁਆਫੀ ਦੀ ਅਰਜੀ ਰੋਕ ਕੇ ਦਿਖਾਇਆ ਜੇ।
ਆਪਣੀ ਈਰਖਾ ਨੂੰ ਚਮਚਾਗਿਰੀ ਦੇ ਮੁਸ਼ਕੜੇ ਹਾਸੇ ਨਾਲ ਲੁਕਾਉਣ ਦੀ ਅਸਫਲ ਕੋਸ਼ਿਸ਼ ਕਰਦਾ ਚੌਧਰੀ ਜਾਂਦਾ ਹੋਇਆ ਕਹਿੰਦਾ, ਰਮੇਸ਼ ਪੁੱਤਰ, ਮੈਂ ਘੰਟੀ ਮਾਰ ਦਿੱਤੀ ਏ, ਮੇਰਾ ਨੰਬਰ ਸੇਵ ਕਰ ਲਈਂ, ਨਹੀਂ ਤਾਂ ਵਿਅਸਤ ਸਮੇਂ ਵਿੱਚ ਆਦਮੀ ਕਈ ਵਾਰ, ਅਣਜਾਣ ਨੰਬਰ ਤੋਂ ਫੋਨ ਨਹੀਂ ਚੁੱਕ ਪਾਉਂਦਾ। ਰਮੇਸ਼ ਚੌਧਰੀ ਦੇ ਦੋਹਰੇ ਚਰਿੱਤਰ ਦੇ ਪ੍ਰਦਰਸ਼ਨ ’ਤੇ ਮੁਸਕਰਾਉਣ ਤੋਂ ਇਲਾਵਾ ਹੋਰ ਕਰ ਵੀ ਕੀ ਸਕਦਾ ਸੀ।
ਅੱਜ ਦੇ ਆਧੁਨਿਕ ਯੁੱਗ ਵਿੱਚ, ਈਰਖਾ ਦਾ ਪੈਮਾਨਾ ਵੀ ਬਦਲ ਗਿਆ ਹੈ, ਸਿਰਫ ਤੁਹਾਡੀਆਂ ਵੱਡੀਆਂ ਸਫਲਤਾਵਾਂ ਦੇ ਕਾਰਨ ਨਹੀਂ ਸਗੋਂ ਹੁਣ ਤਾਂ ਈਰਖਾ ਦਾ ਭੂਤ ਬਹੁਤ ਛੋਟੀਆਂ ਚੀਜਾਂ ਵਿੱਚ ਪ੍ਰਗਟ ਹੋ ਜਾਂਦਾ ਏ। ਜੇ ਤੁਸੀਂ ਆਪਣੇ ਖੇਤਰ ਵਿੱਚ ਇੱਕ ਮਸ਼ਹੂਰ ਹਸਤੀ ਬਣ ਗਏ ਹੋ ਅਤੇ ਸੋਸ਼ਲ ਮੀਡੀਆ ’ਤੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਜਾਂ ਤੁਹਾਡੀ ਕਿਸੇ ਨਿੱਜੀ ਪੋਸਟ ’ਤੇ, ਕਿਸੇ ਵੀ ਵਿਚਾਰ ਜਾਂ ਤਸਵੀਰ ਆਦਿ ਨਾਲ ਸਬੰਧਤ ਸਮੱਗਰੀ ’ਤੇ ਵਧੇਰੇ ਪ੍ਰਤੀਕਿਰਿਆਵਾਂ ਆ ਜਾਣ ਤਾਂ ਈਰਖਾ ਦੀ ਇਹ ਬਿਮਾਰੀ, ਤੁਹਾਡੇ ਬਹੁਤ ਸਾਰੇ ਨਜ਼ਦੀਕੀ ਸਾਥੀਆਂ ਵਿੱਚ ਆਪਣੇ-ਆਪ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੇ ਕਬਜ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਏ,
ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੂੰ ਤੁਹਾਡੇ ਵਿਚਾਰ ਜਾਂ ਉਹ ਸਮੱਗਰੀ ਪਸੰਦ ਨਹੀਂ ਆਈ, ਅਸਲ ਵਿੱਚ ਉਹ ਤੁਹਾਡੇ ਵਧਦੇ ਕੱਦ ਨੂੰ ਵੇਖ ਕੇ ਆਪਣੇ-ਆਪ ਨੂੰ ਬੌਣਾ ਮਹਿਸੂਸ ਕਰਦੇ ਹਨ, ਇਸੇ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ, ਉਹ ਕਦੇ ਵੀ ਤੁਹਾਨੂੰ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ, ਅਸਲ ਵਿਚ ਉਹ ਤੁਹਾਡੀ ਪ੍ਰਸਿੱਧੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਜੇਕਰ ਤੁਹਾਡੇ ਨਾਲ ਕੋਈ ਵੀ ਈਰਖਾ ਨਹੀਂ ਕਰਦਾ ਤਾਂ ਇਹ ਬਹੁਤ ਈ ਡੂੰਘੀ ਚਿੰਤਾ ਦਾ ਵਿਸ਼ਾ ਹੈ, ਤੁਹਾਨੂੰ ਜਿੰਦਗੀ ਵਿੱਚ ਬਹੁਤ ਕੁਝ ਕਰਨ ਦੀ ਜਰੂਰਤ ਹੈ। ਉਹ ਵਿਅਕਤੀ ਜਿਸ ਨਾਲ ਤੁਸੀਂ ਈਰਖਾ ਕਰਦੇ ਓ, ਉਹ ਬਿਨਾਂ ਸ਼ੱਕ ਤੁਹਾਡੇ ਤੋਂ ਉੱਤਮ ਹੈ, ਪਰ ਕੀ ਤੁਸੀਂ ਸਿਰਫ ਈਰਖਾ ਕਰਕੇ ਜਾਂ ਉਸਦੇ ਵਿਰੁੱਧ ਝੂਠਾ ਪ੍ਰਚਾਰ ਕਰਕੇ ਉਸ ਦੀ ਪ੍ਰਤਿਭਾ ਨੂੰ ਮਾਰ ਸਕਦੇ ਹੋ? ਇੱਕ ਯੋਗ ਵਿਅਕਤੀ ਈਰਖਾ ਤੇ ਭੰਡੀਪ੍ਰਚਾਰ ਨਾਲ ਬਿਖਰ ਨਹੀਂ ਸਕਦਾ, ਉਲਟਾ ਨਿਖਰ ਜਾਂਦਾ ਏ।
ਤੁਸੀਂ ਕਿਸੇ ਦੀ ਪ੍ਰਤਿਭਾ ਨੂੰ ਦਬਾ ਨਹੀਂ ਸਕਦੇ, ਯਾਦ ਰੱਖੋ, ਕੂੜੇ ਵਿੱਚ ਸੁੱਟਣ ’ਤੇ ਵੀ ਸੋਨਾ, ਸੋਨਾ ਹੀ ਰਹਿੰਦਾ ਹੈ, ਅਤੇ ਲੋਹੇ ਨੂੰ ਜਿੰਨੀਆਂ ਮਰਜੀ ਪਾਲਸ਼ਾਂ ਮਾਰੋ ਭਾਵੇਂ ਸੁਨਿਆਰਿਆਂ ਦੀਆਂ ਤਿਜ਼ੋਰੀਆਂ ’ਚ ਮਖਮਲ ’ਚ ਰੱਖ ਲਵੋ, ਲੋਹਾ, ਲੋਹਾ ਈ ਰਹਿੰਦਾ ਏ ਬਾਕੀ ਜੇਕਰ ਮੈਂ ਕਹਾਂ ਕਿ ਮੈਂ ਈਰਖਾ ਮੁਕਤ ਹੋ ਚੁੱਕਾ ਹਾਂ ਤਾਂ ਇਹ ਸੱਚ ਨਹੀਂ ਏ ਪਰ ਇਹ ਸੱਚ ਏ ਕਿ ਮੈਂ ਆਪਣੇ-ਆਪ ਵਿੱਚ ਇਸ ਬਿਮਾਰੀ ਦੀ ਮਾਤਰਾ ਘੱਟ ਕੀਤੀ ਏ ਤੇ ਹੋਰ ਘਟਾਉਣ ਲਈ ਯਤਨਸ਼ੀਲ ਆਂ, ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਇਸ ਬਿਮਾਰੀ ਦੇ ਇਲਾਜ ਲਈ ਜੰਗੀ ਪੱਧਰ ’ਤੇ ਉਪਾਅ ਕਰੋਗੇ।
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ