ਸੈਂਕੜੇ ਕੁੱਪ ਸੜੇ, ਕਈ ਪਸ਼ੂਆਂ ਦੀ ਮੌਤ, ਇੱਕ ਵਿਅਕਤੀ ਵੀ ਜ਼ਖਮੀ
- ਫਾਇਰ ਬ੍ਰਿਗੇਡ ਨਾ ਹੋਣ ਦਾ ਦਾ ਦਰਦ ਝੱਲਿਆ ਮੂਣਕ ਵਾਸੀਆਂ ਨੇ
- ਮੂਣਕ ਦੇ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ’ਚ ਭੜਕੀ ਅੱਗ ਦੇ ਭਾਂਬੜਾਂ ਕਾਰਨ ਵੱਡੇ ਪੱਧਰ ’ਤੇ ਨੁਕਸਾਨ
- ਅੱਗ ਏਨੀ ਜ਼ਬਰਦਸਤ ਸੀ ਹਰਿਆਣੇ ਵਿੱਚੋਂ ਅੱਗ ਬੁਝਾਊ ਗੱਡੀਆਂ ਵੀ ਮੰਗਵਾਉਣੀਆਂ ਪਈਆਂ
(ਗੁਰਪ੍ਰੀਤ ਸਿੰਘ/ਮੋਹਨ ਸਿੰਘ) ਮੂਣਕ/ਸੰਗਰੂਰ। ਲਹਿਰਾਗਾਗਾ ਹਲਕੇ ਵਿੱਚ ਕੋਈ ਫਾਇਰ ਬ੍ਰਿਗੇਡ ਨਾ ਹੋਣ ਦਾ ਦਾ ਦਰਦ ਬੀਤੀ ਰਾਤ ਸੈਂਕੜੇ ਮੂਣਕ ਵਾਸੀਆਂ ਨੂੰ ਝੱਲਣਾ ਪਿਆ ਜਦੋਂ ਬੀਤੀ ਰਾਤ ਤੇਜ਼ ਹਵਾ ਕਾਰਨ ਭੜਕੀ ਅੱਗ ਦੀ ਚੰਗਿਆੜੀ ਨੇ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਇਹ ਵੀ ਪਤਾ ਲੱਗਿਆ ਹੈ ਕਿ ਅੱਗ ਲੱਗਣ ਨਾਲ ਦੋ ਪਸ਼ੂ ਮਰ ਗਏ ਅਤੇ ਅੱਧੀ ਦਰਜਨ ਤੋਂ ਵੱਧ ਪਸ਼ੂ ਜਖਮੀ ਹੋ ਗਏ ਅਤੇ ਸੈਂਕੜੇ ਤੂੜੀ ਦੇ ਕੁੱਪਾਂ ਤੋਂ ਇਲਾਵਾ ਦਰਜਨਾਂ ਤੂੜੀ ਵਾਲੀਆ ਸਬਾਤਾਂ ’ਚ ਪਈ ਤੂੜੀ ਸੜਕੇ ਸਵਾਹ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਰਾਤ 10 ਵਜੇ ਦੇ ਕਰੀਬ ਤੇਜ਼ ਹਵਾ ਕਾਰਨ ਅੱਗ ਦੀ ਚੰਗਿਆੜੀ ਭਾਂਬੜ ਬਣ ਗਈ ਅਤੇ ਦੇਖਦੇ ਹੀ ਦੇਖਦੇ ਇਸ ਨੇ ਨੇੜਲੇ ਕਈ ਪਿੰਡਾਂ ਜਿਸ ਵਿੱਚ ਹਾਂਡਾ, ਕੁਦਨੀ, ਮਨੀਆਣਾ, ਮਕੋਰੜ ਸਾਹਿਬ, ਮੰਡਵੀ, ਚੋਟੀਆਂ, ਕਾਲੀਆਂ ਨੂੰ ਬੁਰੀ ਤਰ੍ਹਾਂ ਨਾਲ ਘੇਰਾ ਪਾ ਲਿਆ ਖੇਤਾਂ ਵਾਲੀ ਅੱਗ ਇਨ੍ਹਾਂ ਪਿੰਡਾਂ ਦੀਆਂ ਤੂੜੀ ਵਾਲੀਆਂ ਸਬਾਤਾਂ ਤੇ ਤੂੜੀ ਦੇ ਕੁੱਪਾਂ ’ਚ ਵੜ ਗਈ ਅਤੇ ਦੇਖਦੇ ਹੀ ਦੇਖਦੇ ਤੂੜੀ ਦੇ ਕੁੱਪ ਭਾਂਬੜ ਬਣ ਮੱਚਣ ਲੱਗੇ।
ਤੇਜ਼ ਹਨ੍ਹੇਰੀ ਦੇ ਚੱਲਦੇ ਬਿਜਲੀ ਚਲੇ ਜਾਣ ਨਾਲ ਅੱਗ ਨੂੰ ਬੁਝਾਉਣ ਲਈ ਪਾਣੀ ਦਾ ਸੰਕਟ ਪੈਦਾ ਹੋ ਗਿਆ ਸੀ ਅਤੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਲਹਿਰਾ ਹਲਕੇ ਵਿੱਚ ਕੋਈ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਸੰਗਰੂਰ, ਬਰਨਾਲਾ, ਸਮਾਣਾ, ਸੁਨਾਮ ਇੱਥੋਂ ਤੱਕ ਕਿ ਹਰਿਆਣਾ ਵਿਚੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ ਜਿਸ ਕਾਰਨ ਅੱਗ ਬੁਝਾਉਣ ਵਿੱਚ ਦੇਰੀ ਹੋ ਗਈ ਅਤੇ ਅੱਗ ਨੇ ਹੋਰ ਵੱਡ ਅਕਾਰੀ ਰੂਪ ਅਖ਼ਤਿਆਰ ਕਰ ਲਿਆ ਪਿੰਡਾਂ ਦੇ ਲੋਕਾਂ ਨੇ ਵੀ ਆਪਣੇ ਪੱਧਰ ਤੇ ਜਨਰੇਟਰਾਂ ਦਾ ਪ੍ਰਬੰਧ ਕਰਕੇ ਅੱਗ ਬੁਝਾਉਣ ਲਈ ਪਾਣੀ ਦਾ ਪ੍ਰਬੰਧ ਕੀਤਾ।
ਆ ਰਹੀਆਂ ਖ਼ਬਰਾਂ ਮੁਤਾਬਕ ਪਿੰਡ ਕੁਦਨੀ ’ਤੇ ਹਾਂਡਾ ਦੇ ਕਿਸਾਨਾਂ ਦੀ ਕੁੱਪਾ ’ਚ ਰੱਖੀ ਕਰੀਬ 70 ਫ਼ੀਸਦੀ ਤੂੜੀ ਅੱਗ ਨਾਲ ਸੜਕੇ ਸਵਾਹ ਹੋ ਗਈ। ਤੂੜੀ ਦੀਆਂ ਸਬਾਤਾਂ ਵਿੱਚ ਲੱਗੀ ਅੱਗ ਹਾਲੇ ਵੀ ਹੌਲੀ ਹੌਲੀ ਭਖ਼ ਰਹੀ ਸੀ। ਪਿੰਡ ਮਕੋਰੜ ਸਾਹਿਬ ਵਿਖੇ ਸਟੇਡੀਅਮ ਵਿੱਚ ਗਊਸ਼ਾਲਾ ਲਈ ਇਕੱਠੀ ਕੀਤੀ ਕਰੀਬ 30 ਟਰਾਲੀਆਂ ਤੂੜੀ ਸੜਕੇ ਸਵਾਹ ਹੋ ਗਈ। ਅੱਗ ਲੱਗਣ ਕਾਰਨ ਅਜਾਇਬ ਸਿੰਘ ਨਾਮ ਦਾ ਵਿਅਕਤੀ ਵੀ ਅੱਗ ਨਾਲ ਝੁਲਸ ਕੇ ਜ਼ਖਮੀ ਹੋ ਗਿਆ ਕਿ ਜੋ ਟੋਹਾਣਾ ਵਿਖੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਨ੍ਹਾਂ ਪਿੰਡਾਂ ਵਿੱਚ ਅੱਗ ਨੇ ਰਾਤ 2 ਵਜੇ ਤੱਕ ਲੱਗੀ ਰਹੀ।
ਇਸ ਮੌਕੇ ਮੰਡਵੀ ਦੇ ਕਿਸਾਨ ਹਰਦੀਪ ਸਿੰਘ, ਮਨਿਆਣਾ ਦੇ ਕਿਸਾਨ ਅਮਰੀਕ ਸਿੰਘ, ਸੰਤੋਸ ਦੇਵੀ, ਮਕੋਰੜ ਦੇ ਕਿਸਾਨ ਦਲੇਲ ਸਿੰਘ ਪੁੱਤਰ ਸਾਧੂ ਰਾਮ, ਹਾਂਡਾ ਦੇ ਕਿਸਾਨ ਤਰਲੋਕ ਸਿੰਘ, ਕੁਦਨੀ ਦੇ ਕਿਸਾਨਾਂ ਆਦਿ ਨੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆਂ ਕਿਹਾ ਕਿ ਕਿਸਾਨਾਂ ਨੇ ਪਸ਼ੂਆਂ ਲਈ ਸਾਲ ਭਰ ਦੀ ਤੂੜੀ ਇਕੱਠੀ ਕਰਕੇ ਰੱਖੀ ਸੀ ਜੋ ਕਿ ਅੱਗ ਨਾਲ ਸੜਕੇ ਸਵਾਹ ਹੋ ਗਈ ਹੈ।
ਪੀੜ੍ਹਤ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਵਿੱਚ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਅਤੇ ਤੂੜੀ ਵਗੈਰਾ ਦਾ ਪ੍ਰਬੰਧ ਕੀਤਾ
ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਕੁਦਨੀ ਦੇਰ ਰਾਤ ਤੱਕ ਲੋਕਾਂ ਦੇ ਨਾਲ ਬਚਾਅ ਕਾਰਜਾਂ ਵਿੱਚ ਲੱਗੇ ਰਹੇ, ਇੱਥੋਂ ਦੇ ਵਿਧਾਇਕ ਬਰਿੰਦਰ ਗੋਇਲ ਨੇ ਵੀ ਰਾਹਤ ਕਾਰਜਾਂ ਵਿੱਚ ਮੱਦਦ ਕੀਤੀ, ਇਸ ਤੋਂ ਇਲਾਵਾ ਡੀ ਐਸ ਪੀ ਬਲਜਿੰਦਰ ਸਿੰਘ ਪੰਨੂ, ਨਾਇਬ ਤਹਿਸੀਲਦਾਰ ਸਤਿੰਦਰ ਸਿੰਘ, ਐਸ ਐਚ ਓ ਬਿਟਨ ਕੁਮਾਰ ’ਤੇ ਪਟਵਾਰੀਆ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਕਰਮਚਾਰੀਆ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਅੱਜ ਐਸ ਡੀ ਐਮ ਮੈਡਮ ਨਵਰੀਤ ਕੌਰ ਨੇ ਖੇਤਾਂ ’ਚ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ’ਤੇ ਜਲਦੀ ਹੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆ ਨੂੰ ਭੇਜਣ ਲਈ ਕਿਹਾ।
ਐਸ. ਡੀ.ਐਮ. ਮੈਡਮ ਨਵਰੀਤ ਕੌਰ ਖੇਤਾਂ ’ਚ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋ।
ਅੱਗ ਏਨੇ ਵੱਡੇ ਪੱਧਰ ’ਤੇ ਲੱਗੀ ਹੋਈ ਕਿ ਇਸ ਤੇ ਕਾਬੂ ਪਾਉਣ ਲਈ ਹਰਿਆਣਾ ਤੋਂ ਵੀ ਮੱਦਦ ਲੈਣੀ ਪਈ : ਜ਼ਿਲ੍ਹਾ ਫਾਇਰ ਅਫ਼ਸਰ
ਇਸ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਰਿੰਦਰਪਾਲ ਸਿੰਘ ਸੰਧੂ ਜ਼ਿਲ੍ਹਾ ਫਾਇਰ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਬੀਤੀ ਰਾਤ ਮੂਣਕ ਦੇ ਨੇੜਲੇ ਪਿੰਡਾਂ ਵਿੱਚ ਅੱਗ ਏਨੇ ਵੱਡੇ ਪੱਧਰ ਤੇ ਲੱਗ ਗਈ ਸੀ ਕਿ ਉਸ ਨੂੰ ਬੁਝਾਉਣ ਲਈ ਸਾਨੂੰ ਸੰਗਰੂਰ ਤੋਂ 3 ਗੱਡੀਆਂ, ਬਰਨਾਲਾ ਤੋਂ ਦੋ ਅੱਗ ਬੁਝਾਊ ਗੱਡੀਆਂ, ਸਮਾਣਾ ਤੋਂ 2, ਸੁਨਾਮ ਤੋਂ ਇੱਕ ਅਤੇ ਹਰਿਆਣਾ ਤੋਂ 2 ਅੱਗ ਬੁਝਾਊ ਗੱਡੀਆਂ ਮੰਗਵਾਉਣੀਆਂ ਪਈਆਂ ਉਨ੍ਹਾਂ ਕਿਹਾ ਕਿ ਅੱਗ ਏਨੇ ਵੱਡੇ ਪੱਧਰ ਤੇ ਫੈਲਣ ਦਾ ਇੱਕ ਵੱਡਾ ਕਾਰਨ ਉੱਭਰ ਕੇ ਆਇਆ ਹੈ ਕਿ ਲੋਕਾਂ ਵੱਲੋਂ ਤੂੜੀ ਇਕੱਠੀ ਕਰਕੇ ਵੱਡੇ ਪੱਧਰ ’ਤੇ ਕੁੱਪ ਬਣਾਏ ਗਏ ਸਨ ਜਿਹੜੇ ਬਹੁਤ ਨੇੜੇ-ਨੇੜੇ ਹਨ ਅਤੇ ਤੇਜ਼ ਹਵਾ ਕਾਰਨ ਅੱਗ ਇੱਕ ਕੁੱਪ ਤੋਂ ਦੂਜੇ ਕੁੱਪ ਵਿੱਚ ਲਗਦੀ ਰਹੀ।
ਜੇਕਰ ਵਿੱਥ ਤੇ ਹੁੰਦੀ ਤਾਂ ਏਨਾ ਨੁਕਸਾਨ ਨਾ ਹੁੰਦਾ ਉਨ੍ਹਾਂ ਕਿਹਾ ਕਿ ਹੁਣ ਵੀ ਮਹਿਕਮੇ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੇ ਕੰਮਾਂ ਵਿੱਚ ਲੱਗੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਜਿਹੜੇ ਕੁੱਪਾਂ ਵਿੱਚ ਅੱਗ ਧੁਖ਼ ਰਹੀ ਹੈ, ਉਨ੍ਹਾਂ ਨੂੰ ਘਰਾਂ ਤੋਂ ਦੂਰ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਮੂਣਕ ’ਚ ਫਾਇਰ ਬਿ੍ਰਗੇਡ ਸਥਾਪਿਤ ਕਰਨ ਲਈ ਅਸੀਂ ਲਿਖ ਕੇ ਭੇਜਿਆ ਹੋਇਆ ਹੈ, ਸਾਨੂੰ ਆਸ ਹੈ ਮੂਣਕ ਵਿੱਚ ਛੇਤੀ ਹੀ ਫਾਇਰ ਬਿ੍ਰਗੇਡ ਸਥਾਪਿਤ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ