Punjab Government News: ਕਣਕ ਦੀ ਖਰੀਦ ਸਬੰਧੀ ਕੋਈ ਵੀ ਆੜਤੀਆ ਜਾਂ ਕਿਸਾਨ ਰੋਜ਼ਾਨਾ ਹੋਣ ਵਾਲੀ ਮੀਟਿੰਗ ਵਿੱਚ ਲੈ ਸਕਦਾ ਹੈ ਭਾਗ : ਡਿਪਟੀ ਕਮਿਸ਼ਨਰ
Punjab Government News: ਅੰਮ੍ਰਿਤਸਰ (ਰਾਜਨ ਮਾਨ) ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਣਕ ਦੀ ਸਰਕਾਰੀ ਖਰੀਦ ਭਾਵੇਂ ਕਈ ਦਿਨਾਂ ਤੋਂ ਸ਼ੁਰੂ ਸੀ ਪਰ ਬੀਤੇ ਦਿਨ ਰਈਆ ਮੰਡੀ ਵਿੱਚ ਲਗਭਗ 50 ਟਨ ਕਣਕ ਦੀ ਆਮਦ ਹੋਈ ਹੈ, ਜਿਸ ਨੂੰ ਪਨਗਰੇਨ ਨੇ ਖਰੀਦਿਆ ਹੈ। ਇਹ ਜਾਣਕਾਰੀ ਜਿਲਾ ਮੰਡੀ ਅਫਸਰ ਸ੍ਰੀ ਅਮਨਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ ਵਿੱਚ ਭਾਗ ਲੈਂਦੇ ਹੋਏ ਦਿੱਤੀ। ਉਹਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਖਰੀਦ ਲਈ ਜਿਲੇ ਵਿੱਚ 56 ਮੰਡੀਆਂ ਬਣਾਈਆਂ ਗਈਆਂ ਹਨ ਅਤੇ 7.5 ਲੱਖ ਟਨ ਕਣਕ ਦੀ ਆਮਦ ਦਾ ਟੀਚਾ ਹੈ।
ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਜਾਣਕਾਰੀ ਅਨੁਸਾਰ ਇਕ ਲੱਖ 85 ਹਜਾਰ ਹੈਕਟੇਅਰ ਰਕਬੇ ਉੱਤੇ ਜਿਲੇ ਵਿੱਚ ਕਣਕ ਦੀ ਬਜਾਈ ਕੀਤੀ ਗਈ ਹੈ। ਮੰਡੀ ਅਫਸਰ ਨੇ ਦੱਸਿਆ ਕਿ ਕਣਕ ਦਾ ਸਰਕਾਰੀ ਰੇਟ 2425 ਰੁਪਏ ਪ੍ਰਤੀ ਕੁਇੰਟਲ ਨੀਯਤ ਹੈ ਅਤੇ 12 ਫੀਸਦੀ ਤੱਕ ਦੀ ਨਮੀ ਮੰਡੀ ਵਿੱਚ ਪ੍ਰਵਾਨਗੀ ਯੋਗ ਹੈ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਨੂੰ ਮੰਡੀ ਵਿੱਚ ਬੈਠਣਾ ਨਾ ਪਵੇ ਅਤੇ ਉਸ ਦੀ ਕਣਕ ਦੀ ਖਰੀਦ ਨਾਲੋ-ਨਾਲ ਹੋਵੇ, ਲਈ ਜਰੂਰੀ ਹੈ ਕਿ ਕਿਸਾਨ ਕਣਕ ਨੂੰ ਸੁਕਾ ਕੇ ਵੱਢਣ ਅਤੇ ਰਾਤ ਸਮੇਂ ਕਣਕ ਦੀ ਕਟਾਈ ਨਾ ਕਰਨ। ਉਨਾ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਵੇਚੀ ਗਈ ਕਣਕ ਦੀ ਫਸਲ ਦਾ ਜੇ ਫਾਰਮ ਆਪਣੇ ਆੜਤੀਏ ਕੋਲੋਂ ਲੈ ਕੇ ਜਾਣ।
Punjab Government News
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੀਆਂ ਖਰੀਦ ਏਜੰਸੀਆਂ ਨਾਲ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਇਸ ਸੀਜ਼ਨ ਵਿੱਚ ਇੱਕ ਟੀਮ ਬਣ ਕੇ ਕੰਮ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਮੈਂ ਰੋਜ਼ਾਨਾ ਤੁਹਾਡੇ ਨਾਲ ਸ਼ਾਮ 6.30 ਵਜੇ ਆਨਲਾਈਨ ਮੀਟਿੰਗ ਕਰਾਂਗੀ। ਤੁਹਾਡੇ ਤੋਂ ਇਲਾਵਾ ਇਹ ਲਿੰਕ ਸਾਰੇ ਕਿਸਾਨਾਂ ਅਤੇ ਆੜਤੀਆਂ ਨਾਲ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਕਿਸਾਨ ਜਾਂ ਆੜਤੀਆ ਕਣਕ ਦੀ ਖਰੀਦ ਸਬੰਧੀ ਆਪਣਾ ਸੁਝਾਅ, ਆਪਣੀ ਸ਼ਿਕਾਇਤ ਇਸ ਆਨਲਾਈਨ ਮੀਟਿੰਗ ਵਿੱਚ ਦੇ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਚੱਲੇ ਅਤੇ ਕਿਸੇ ਵੀ ਧਿਰ ਨੂੰ ਕੋਈ ਪਰੇਸ਼ਾਨੀ ਨਾ ਆਵੇ।
Read Also : Loan Scheme: ਕਰਜ਼ਾ ਸਕੀਮ ਦੇ ਲਾਭਪਾਤਰੀਆਂ ਨੇ ਵੱਖੋ-ਵੱਖ ਕਾਰੋਬਾਰ ਤੋਰ ਕੇ ਬੇਰੁਜ਼ਗਾਰੀ ਤੋਂ ਪਾਈ ਰਾਹਤ