ਵੋਟਿੰਗ ਦੌਰਾਨ ‘ਇੰਡੀਆ’ ਗੱਠਜੋੜ ਦੇ ਮੈਂਬਰਾਂ ਨੇ ਕੀਤਾ ਵਾਕਆਊਟ | Lok Sabha
ਨਵੀਂ ਦਿੱਲੀ (ਏਜੰਸੀ)। ਦਿੱਲੀ ਸੇਵਾਵਾਂ ਬਿੱਲ ਨੂੰ ਲੋਕ ਸਭਾ (Lok Sabha) ਵਿੱਚ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੋਈ ਵੋਟਿੰਗ ਦੌਰਾਨ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਲੋਕ ਸਭਾ ਵਿੱਚ ਦਿੱਲੀ ਸੇਵਾਵਾਂ ਬਿੱਲ ਪਾਸ ਕਰਨ ਦੀ ਕਾਰਵਾਈ ਕੱਲ੍ਹ ਭਾਵ 4 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਸੋਮਵਾਰ ਨੂੰ ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਪੇਸ਼ ਕੀਤਾ ਜਾਵੇਗਾ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਸਰਕਾਰ ਅਤੇ ਇੰਡੀਆ ਗਠਜੋੜ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਟ੍ਰਾਂਸਫਰ ਪੋਸਟਿੰਗ ਦਾ ਕੋਈ ਮਾਮਲਾ ਨਹੀਂ ਹੈ। ਦਿੱਲੀ ’ਚ ਜੋ ਮਾਮਲਾ ਹੈ ਉਹ ਇਹ ਹੈ ਕਿ ਇਸ ਦੇ ਬਹਾਨੇ ਵਿਜੀਲੈਂਸ ਵਿਭਾਗ ਨੂੰ ਆਪਣੇ ਅਧੀਨ ਲੈਣਾ ਹੈ। ਤਾਂਕਿ ਉਨ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਬੇਨਕਾਬ ਨਾ ਕੀਤਾ ਜਾ ਸਕੇ। ਮੈਂ ਤਾਂ ਸਾਫ਼ ਕਹਿ ਰਿਹਾ ਹਾਂ ਕਿ ਜੋ ਵੀ ਪਾਰਟੀ ਇਸ ਸਮੇਂ ਦਿੱਲੀ ਸਰਕਾਰ ਨਾਲ ਖੜ੍ਹੀ ਹੈ, ਉਹ ਭਿ੍ਰਸ਼ਟਾਚਾਰਾਂ ਨਾਲ ਖੜ੍ਹੀ ਹੈ। ਪਰ ਲੋਕ ਸਭ ਦੇਖ ਰਹੇ ਹਨ। ਮੈਂ ਇਨ੍ਹਾਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਦਿੱਲੀ ਬਾਰੇ ਸੋਚੋ ਆਪਣੇ ਗਠਜੋੜ ਬਾਰੇ ਨਹੀਂ।
ਰਿੰਕੂ ਲੋਕ ਸਭਾ ਦੇ ਬਾਕੀ ਸੈਸ਼ਨ ਤੋਂ ਮੁਅੱਤਲ
ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ’ਤੇ ਸਪੀਕਰ ਓਮ ਬਿਰਲਾ ਦੀ ਕੁਰਸੀ ’ਤੇ ਕਾਗਜ਼ ਸੁੱਟਣ ਦਾ ਦੋਸ਼ ਹੈ। ਸੰਸਦ ਮੈਂਬਰ ਰਿੰਕੂ ਨੂੰ ਸੰਸਦ ਦੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਜਿਹੇ ’ਚ ਉਹ ਸਦਨ ਦੀ ਕਾਰਵਾਈ ’ਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।