Fazilka Principal News: ਸਿੰਗਾਪੁਰ ਵਿਖੇ ਮਹਿਲਾ ਟਰੇਨਰ ਨਾਲ ਕਥਿਤ ਦੁਰਵਿਹਾਰ ਦਾ ਮਾਮਲਾ
- ਡਾਇਰੈਕਟਰ ਵੱਲੋਂ ਸ਼ਿਕਾਇਤ ਦਫ਼ਤਰ ਦਾਖਲ ਹੋਣ ਤੋਂ ਬਾਅਦ 19 ਤਰੀਕ ਨੂੰ ਸਕੱਤਰ ਨੇ ਕੀਤਾ ਮੁਅੱਤਲ | Fazilka Principal News
- ਅਧਿਆਪਕ ਜਥੇਬੰਦੀਆਂ ਅਤੇ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਫੈਸਲੇ ਦਾ ਸਖਤ ਵਿਰੋਧ
Fazilka Principal News: ਫ਼ਾਜ਼ਿਲਕਾ (ਰਜਨੀਸ਼ ਰਵੀ)। ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਪ੍ਰਿੰਸੀਪਲ ਗੌਤਮ ਖਰਾਣਾ ਨੂੰ ਸਕੱਤਰ ਸਿੱਖਿਆ ਵਿਭਾਗ ਵੱਲੋਂ ਮੁਅੱਤਲ ਕਰਨ ਦਾ ਹੁਕਮ ਸੁਆਲਾਂ ਦੇ ਘੇਰੇ ’ਚ ਆ ਗਿਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਉਪਰੋਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ। ਪ੍ਰਿੰਸੀਪਲ ਗੌਤਮ ਖੁਰਾਣਾ ਦੇ ਜਵਾਬ ਤੋਂ ਬਾਅਦ ਡਾਇਰੈਕਟਰ ਸਿੱਖਿਆ ਬੋਰਡ ਵੱਲੋਂ ਪ੍ਰਿੰਸੀਪਲ ਨੂੰ ਤਾੜਨਾ ਕਰਦੇ ਹੋਏ ਇਹ ਸ਼ਿਕਾਇਤ ਦਫਤਰ ਦਾਖਲ ਕਰ ਦਿੱਤੀ ਗਈ ਸੀ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਗੌਤਮ ਖੁਰਾਣਾ ਤੇ ਐੱਸਸੀਈਆਰਟੀ ਦੀ ਮੌਜੂਦਗੀ ਵਿੱਚ ਸਿੰਗਾਪੁਰ ਵਿਖੇ ਟਰੇਨਿੰਗ ਦੌਰਾਨ ਮਹਿਲਾ ਟੂਰ ਗਾਈਡ ਨਾਲ ਦੁਰਵਿਹਾਰ ਕਰਨ ਅਤੇ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰੀ ਵਰਤਣ ਕਾਰਨ ਦੇ ਦੋਸ਼ ਲੱਗੇ ਸਨ। Fazilka Principal News
ਜਿਸ ਦਾ ਜਵਾਬ ਉਨ੍ਹਾਂ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਨੂੰ ਦਿੱਤਾ ਗਿਆ, ਜਿਸ ’ਤੇ 9 ਮਈ ਨੂੰ ਗੁਰਿੰਦਰ ਸਿੰਘ ਸੋਢੀ (ਪੀਸੀਐੱਸ) ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਸ਼ਿਕਾਇਤ ਨੂੰ ਦਫਤਰ ਦਾਖਲ ਕਰਦੇ ਹੋਏ ਕਿਹਾ ਗਿਆ ਕਿ ਗੌਤਮ ਖੁਰਾਣਾ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲਾਲਾਬਾਦ ਜਿਲ੍ਹਾ ਫਾਜਿਲਕਾ ਵਿਰੁੱਧ ਸਿੰਗਾਪੁਰ ਟਰੇਨਿੰਗ ਦੌਰਾਨ ਟੂਰ ਗਾਈਡ ਨਾਲ ਕੀਤੇ ਦੁਰਵਿਵਹਾਰ ਬਾਰੇ ਸ਼ਿਕਾਇਤ ਪ੍ਰਾਪਤ ਹੋਈ ਸੀ।
Fazilka Principal News
ਇਸ ਸਬੰਧੀ ਪ੍ਰਿੰਸੀਪਲ ਗੌਤਮ ਖੁਰਾਣਾ ਵੱਲੋਂ ਪ੍ਰਾਪਤ ਜਵਾਬ ਅਤੇ ਡਾਇਰੈਕਟਰ ਐੱਸਸੀਈਆਰਟੀ ਜੀ ਵੱਲੋਂ ਕੀਤੀ ਟਿੱਪਣੀ ਦੇ ਸਨਮੁੱਖ ਪ੍ਰਿੰਸੀਪਲ ਨੂੰ ਭਵਿੱਖ ਵਿੱਚ ਸੁਚੇਤ ਰਹਿ ਕੇ ਕੰਮ ਕਰਨ ਦੀ ਤਾੜਨਾ ਕਰਦੇ ਹੋਏ ਜਾਰੀ ‘ਕਾਰਨ ਦੱਸੋ’ ਨੋਟਿਸ ਦਾਖਲ ਦਫਤਰ ਕੀਤਾ ਜਾਂਦਾ ਹੈ।
ਡਾਇਰੈਕਟਰ ਵੱਲੋਂ ਨੂੰ ਸ਼ਿਕਾਇਤ ਦਫਤਰ ਦਾਖਲ ਕਰਨ ਤੋਂ ਬਾਅਦ 19 ਮਈ ਨੂੰ ਸਕੱਤਰ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕਰਦਿਆਂ ਪ੍ਰਿੰਸੀਪਲ ਨੂੰ ਮੁਅਤਲ ਕਰਨ ਦਾ ਹੁਕਮ ਚਾੜ੍ਹ ਦਿੱਤਾ ਅਤੇ ਇਸ ਹੁਕਮ ਵਿੱਚ ਉਨ੍ਹਾਂ ਲਿਖਿਆ ਕਿ ਸ੍ਰੀ ਗੌਤਮ ਖੁਰਾਣਾ, ਪ੍ਰਿੰਸੀਪਲ ਸਸਸਸ, ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੂੰ ਡਾਇਰੈਕਟਰ ਐੱਸਸੀਈਆਰਟੀ ਦੀ ਮੌਜ਼ੂਦਗੀ ਵਿੱਚ ਸਿੰਗਾਪੁਰ ਵਿਖੇ ਟਰੇਨਿੰਗ ਦੌਰਾਨ ਲੇਡੀ ਟੂਰ ਗਾਈਡ ਨਾਲ ਦੁਰਵਿਵਹਾਰ ਕਰਨ ਅਤੇ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰੀ ਵਰਤਣ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ।
Read Also : Crime News Punjab: ਫਰੀਦਕੋਟ ’ਚ ਗੈਂਗਸਟਰ ਅਰਸ਼ ਡੱਲ੍ਹਾ ਦੇ ਦੋ ਸਾਥੀ ਪਿਸਤੌਲ ਸਮੇਤ ਕਾਬੂ
ਇਸ ਹੁਕਮ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਅਨਦਿੱਤਾ ਮਿੱਤਰਾ ਨੇ ਲਿਖਿਆ ਕਿ ਇਹ ਹੁਕਮ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ। ਦੂਜੇ ਪਾਸੇ ਸਕੱਤਰ ਸਿੱਖਿਆ ਵਿਭਾਗ ਦੇ ਫੈਸਲੇ ਤੋਂ ਬਾਅਦ ਅਧਿਆਪਕ ਜਥੇਬੰਦੀ ਪ੍ਰਿੰਸੀਪਲ ਐਸੋਸੀਏਸ਼ਨ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਹੈ ਇਸ ਸਬੰਧੀ ਵੱਖ-ਵੱਖ ਸੰਸਥਾਵਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ।
ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਜਲਦ ਕੀਤਾ ਜਾਵੇ ਬਹਾਲ: ਡਾਇਰੈਕਟ ਪ੍ਰਿੰਸੀਪਲ ਐਸੋਸੀਏਸ਼ਨ
ਡਾਇਰੈਕਟ ਪ੍ਰਿੰਸੀਪਲ ਐਸੋਸੀਏਸ਼ਨ ਫਾਜ਼ਿਲਕਾ ਨੇ ਇੱਕ ਮੀਟਿੰਗ ਵਿੱਚ ਗੌਤਮ ਖੁਰਾਣਾ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸ੍ਰੀ ਗੌਤਮ ਖੁਰਾਣਾ 8 ਮਾਰਚ ਤੋਂ ਲੈ ਕੇ 15 ਮਾਰਚ ਤੱਕ ਸਿੰਗਾਪੁਰ ਵਿਖੇ ਟਰੇਨਿੰਗ ’ਤੇ ਸਨ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਪ੍ਰਿੰਸੀਪਲ ਅਤੇ ਇੰਚਾਰਜ ਡਾਇਰੈਕਟਰ ਐੱਸਸੀਈਆਰਟੀ ਮੈਡਮ ਵੀ ਨਾਲ ਸਨ। ਟਰੇਨਿੰਗ ਤੋਂ ਬਾਅਦ ਇਹ ਸ਼ਿਕਾਇਤ ਡੀਪੀਆਈ ਸੈਕੰਡਰੀ ਸਿੱਖਿਆ ਨੂੰ ਦਿੱਤੀ ਗਈ, ਜਿਸ ਦਾ ਜਵਾਬ ਗੌਤਮ ਖੁਰਾਣਾ ਵੱਲੋਂ 9 ਅਪਰੈਲ ਨੂੰ ਦਫ਼ਤਰ ਦਾਖਲ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਹੋ ਕੇ ਉਨ੍ਹਾਂ ਵਿਰੁੱਧ ਸ਼ਿਕਾਇਤ ਨੂੰ ਖਤਮ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਉਸੇ ਮਾਮਲੇ ’ਚ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਗਲਤ ਹੈ। ਅਸੀਂ ਮੰਗ ਕਰਦੇ ਹਾਂ ਕਿ ਪ੍ਰਿੰ. ਗੌਤਮ ਖੁਰਾਣਾ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ।
‘ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਪ੍ਰਿੰ. ਖੁਰਾਣਾ ਨਾਲ ਖੜ੍ਹੀ’
ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਅਤੇ ਪਵਨ, ਮੋਹਨ ਲਾਲ ਵਾਈਸ ਪ੍ਰਧਾਨ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਉਪ ਪ੍ਰਧਾਨ ਪੰਜਾਬ ਦਲਜੀਤ ਸਿੰਘ ਸੱਭਰਵਾਲ ਨੇ ਅੱਜ ਪ੍ਰਿੰ. ਗੌਤਮ ਖੁਰਾਣਾ ਨਾਲ ਕੱਲ੍ਹ ਦੇ ਵਾਪਰੇ ਘਟਨਾਚੱਕਰ ਬਾਰੇ ਵਿਚਾਰ ਚਰਚਾ ਕੀਤੀ । ਇਸ ਸਮੇਂ ਜ਼ਿਲ੍ਹਾ ਪ੍ਰਧਾਨ ਵੱਲੋਂ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਭਰੋਸਾ ਦਵਾਇਆ ਗਿਆ ਕਿ ਜੇ ਸਰਕਾਰ ਉਨ੍ਹਾਂ ਦੇ ਉੱਤੇ ਕੋਈ ਵੀ ਕਾਰਵਾਈ ਕਰਦੀ ਹੈ ਤਾਂ ਮਾਸਟਰ ਕੇਡਰ ਯੂਨੀਅਨ ਤੁਹਾਡੇ ਨਾਲ ਖੜ੍ਹੀ ਹੈ । ਉਨ੍ਹਾਂ ਸਰਕਾਰ ਨੂੰ ਵੀ ਇਸ ਕੀਤੀ ਕਾਰਵਾਈ ਨੂੰ ਬਿਨਾਂ ਸ਼ਰਤ ਵਾਪਸ ਲੈਣ ਲਈ ਕਿਹਾ।
ਪ੍ਰਿੰਸੀਪਲ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ: ਡੀਟੀਐੱਫ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਮੁਅੱਤਲ ਕੀਤੇ ਜਾਣ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਉਕਤ ਘਟਨਾ ਦੌਰਾਨ ਉਨ੍ਹਾਂ ਵੱਲੋਂ ਸਿਰਫ ਤਰਕ ਅਧਾਰਿਤ ਆਪਣੀ ਗੱਲਬਾਤ ਰੱਖੀ ਗਈ ਸੀ ਅਤੇ ਕਿਸੇ ਤਰ੍ਹਾਂ ਦਾ ਦੁਰ ਵਿਵਹਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ’ਤੇ ਲਾਏ ਸਾਰੇ ਦੋਸ਼ ਬੇਬੁਨਿਆਦ ਹਨ। ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਇੱਕ ਪਾਸੜ ਢੰਗ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸਦਾ ਸਮੁੱਚੇ ਅਧਿਆਪਕ ਵਰਗ ਅੰਦਰ ਸਖ਼ਤ ਰੋਸ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਵਫਦ ਨੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ ) ਪੰਜਾਬ ਗੁਰਿੰਦਰਜੀਤ ਸਿੰਘ ਸੋਢੀ ਨੂੰ ਸਿੱਖਿਆ ਸਕੱਤਰ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਬਿਨਾ ਸ਼ਰਤ ਤੁਰੰਤ ਬਹਾਲ ਕੀਤਾ ਜਾਵੇ।